ਸ਼ਿਵ ਸੈਨਾ ਵੱਲੋਂ ਵਿਰੋਧੀ ਧਿਰ ਦੇ ਬੈਂਚਾਂ ਉਤੇ ਬੈਠਣ ਦਾ ਫੈਸਲਾ
Posted on:- 10-11-2014
ਮੁੰਬਈ : ਸ਼ਿਵ
ਸੈਨਾ ਅਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਨੂੰ ਲੈ ਕੇ
ਸ਼ੁਰੂ ਹੋਈਆਂ ਦੂਰੀਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਧਾਨ ਸਭਾ
ਵਿਚ ਵਿਰੋਧੀ ਧਿਰ ਦੇ ਬੈਂਚਾਂ ਉਤੇ ਬੈਠਣ ਦਾ ਫੈਸਲਾ ਲਿਆ ਹੈ। ਸ਼ਿਵ ਸੈਨਾ ਦੇ ਬੁਲਾਰੇ
ਨੀਲਮ ਘੋਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ।
ਇਸ
ਸਬੰਧੀ ਪਾਰਟੀ ਨੇ ਵਿਧਾਨ ਸਭਾ ਸਕੱਤਰ ਨੂੰ ਰਸਮੀ ਤੌਰ 'ਤੇ ਪੱਤਰ ਸੌਂਪਦਿਆਂ ਸਪੱਸ਼ਟ ਕੀਤਾ
ਹੈ ਕਿ ਉਹ ਭਾਜਪਾ ਸਰਕਾਰ ਨੂੰ ਸਮਰਥਨ ਨਹੀਂ ਦੇ ਰਹੀ ਅਤੇ ਨਾ ਹੀ ਸਰਕਾਰ ਵਿਚ ਸ਼ਾਮਲ
ਹੋਵੇਗੀ।
ਸ਼ਿਵ ਸੈਨਾ ਵੱਲੋਂ ਚਿੱਠੀ ਵਿਚ ਕਿਹਾ ਗਿਆ ਹੈ ਕਿ ਵਿਧਾਇਕਾਂ ਦੀ ਰਾਏ ਨੂੰ
ਵੇਖਦਿਆਂ ਪਾਰਟੀ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਬੈਂਚਾਂ ਉਤੇ ਬੈਠਣਾ ਤੈਅ ਕੀਤਾ
ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ ਨੇ ਵਿਰੋਧ ਧਿਰ ਦੇ ਨੇਤਾ ਦੇ ਅਹੁਦੇ ਲਈ ਏਕਨਾਥ ਸ਼ਿੰਦੇ
ਦਾ ਨਾਂ ਪੇਸ਼ ਕੀਤਾ ਹੈ। ਅੱਜ ਸ਼ੁਰੂ ਹੋਏ ਮਹਾਰਾਸ਼ਟਰ ਵਿਧਾਨ ਸਭਾ ਦੇ ਇਜਲਾਸ ਵਿਚ ਆਪਣਾ
ਰੁਖ ਸਪੱਸ਼ਟ ਕਰਨ ਲਈ ਸ਼ਿਵ ਸੈਨਾ ਕੋਲ ਆਖਰੀ ਮੌਕਾ ਸੀ। ਜੇਕਰ ਉਹ ਅੱਜ ਵਿਧਾਨ ਸਭਾ ਨੂੰ
ਪੱਤਰ ਨਾ ਸੌਂਪਦੀ ਤਾਂ ਉਸ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਨਾ ਮਿਲ ਸਕਦਾ।
12
ਨਵੰਬਰ ਨੂੰ ਵਿਧਾਨ ਸਭਾ ਸਪੀਕਰ ਦੀ ਚੋਣ ਹੋਵੇਗੀ ਜਿਸ ਤੋਂ ਬਾਅਦ ਫੜਨਵੀਸ ਭਰੋਸੇ ਦਾ
ਪ੍ਰਸਤਾਵ ਪੇਸ਼ ਕਰਨਗੇ। ਐਨਸੀਪੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਸਰਕਾਰ ਨੂੰ
ਬਿਨਾਂ ਸ਼ਰਤ ਸਮਰਥਨ ਦੇਵੇਗੀ ਅਤੇ ਭਰੋਸੇ ਦੇ ਵੋਟ ਦੌਰਾਨ ਵਾਕਆਊਟ ਕਰੇਗੀ। ਜ਼ਿਕਰਯੋਗ ਹੈ
ਕਿ ਭਾਰਤੀ ਜਨਤਾ ਪਾਰਟੀ ਨੇ 122 ਵਿਧਾਇਕਾਂ ਨਾਲ ਸੂਬੇ ਵਿਚ ਸਰਕਾਰ ਬਣਾਈ ਹੈ। ਸ਼ਿਵ
ਸੈਨਾ ਦੇ ਇਸ ਫੈਸਲੇ ਨਾਲ ਕਾਂਗਰਸ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਨਹੀਂ ਮਿਲੇਗਾ
ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਜੇਕਰ ਸ਼ਿਵ ਸੈਨਾ– ਭਾਜਪਾ ਗਠਜੋੜ ਹੁੰਦਾ ਹੈ ਤਾਂ ਦੂਜੇ
ਵੱਡੀ ਪਾਰਟੀ ਦੇ ਰੂਪ ਵਿਚ ਕਾਂਗਰਸ ਨੂੰ ਅਸਾਨੀ ਨਾਲ ਇਹ ਅਹੁਦਾ ਮਿਲ ਜਾਵੇਗਾ।
ਇਸੇ
ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁੱਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ 12
ਨਵੰਬਰ ਨੂੰ ਸਪੱਸ਼ਟ ਹੋਵੇਗਾ ਕਿ ਮਹਾਰਾਸ਼ਟਰ ਵਿਚ ਸਥਿਰ ਸਰਕਾਰ ਹੈ ਜਾਂ ਨਹੀਂ। ਸ੍ਰੀ
ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟਂ ਦੇ ਵਿਧਾਇਕ ਸਦਨ ਵਿਚ ਉਸੇ ਦਿਨ ਤੈਅ ਕਰਨਗੇ ਕਿ
ਭਰੋਸੇ ਦੇ ਵੋਟ ਨੂੰ ਲੈ ਕੇ ਕੀ ਕਰਨਾ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ
ਦਾ ਤਿੰਨ ਦਿਨਾਂ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੀ ਸ਼ੁਰੂਆਤ ਵਿਚ ਬਿਨਾਂ
ਸਹੁੰ ਚੁੱਕੇ ਵਿਰੋਧੀ ਧਿਰ ਦੀਆਂ ਕੁਰਸ਼ੀਆਂ ਉਤੇ ਬੈਠਣ ਵਾਲੀ ਸ਼ਿਵ ਸੈਨਾ ਦੇ 63 ਵਿਧਾਇਕ
ਢੋਲ ਦੇ ਡਗੇ ਅਤੇ ਸਿਰ ਉਤੇ ਭਗਵਾ ਸਾਫ਼ਾ ਲੈ ਕੇ ਵਿਧਾਨ ਸਭਾ ਵਿਚ ਦਾਖ਼ਲ ਹੋਏ। ਇਸ ਤੋਂ
ਬਾਅਦ ਉਹ ਸਿੱਧੇ ਵਿਰੋਧੀ ਧਿਰ ਵਾਲੀਆਂ ਸੀਟਾਂ ਉਤੇ ਬੈਠ ਗਏ। ਸਹੁੰ ਚੁੱਕਣ ਦੀ ਵਾਰੀ ਆਉਣ
ਉਤੇ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਵਿਚੋਂ ਕੋਈ ਵਿਧਾਇਕ ਸਹੁੰ ਨਹੀਂ ਚੁੱਕੇਗਾ ਅਤੇ
12 ਨਵੰਬਰ ਨੂੰ ਸਵੇਰੇ ਗਠਜੋੜ ਉਤੇ ਫੈਸਲਾ ਹੋਣ ਤੋਂ ਬਾਅਦ ਹੀ ਸਹੁੰ ਚੁੱਕੀ ਜਾਵੇਗੀ।
ਦੱਸਣਾ ਬਣਦਾ ਹੈ ਕਿ ਇਜਲਾਸ ਦੇ ਪਹਿਲੇ ਦੋ ਦਿਨ ਵਿਧਾਨ ਸਭਾ ਦੇ ਮੈਂਬਰਾਂ ਨੇ ਸਹੁੰ
ਚੁੱਕਣੀ ਸੀ।
ਸ਼ਿਵ ਸੈਨਾ ਮੁੱਖੀ ਉਧਵ ਠਾਕਰੇ ਨੇ ਐਤਵਾਰ ਨੂੰ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਭਾਜਪਾ ਨਾਲ ਹਾਲੇ ਉਨ੍ਹਾਂ ਦਾ ਗਠਜੋੜ ਨਹੀਂ ਹੋਇਆ।
ਜ਼ਿਕਰਯੋਗ
ਹੈ ਕਿ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਵਿਚੋਂ ਸ਼ਿਵ ਸੈਨਾ 63 ਉਤੇ ਜਿੱਤ ਹਾਸਲ
ਕਰਕੇ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਸੂਬੇ ਵਿਚ ਆਮ ਚੋਣਾਂ ਤੋਂ ਠੀਕ
ਪਹਿਲਾਂ ਭਾਜਪਾ–ਸ਼ਿਵ ਸੈਨਾ ਦਾ 25 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਸੀ।