ਕਾਂਗਰਸ ਨੇ ਦਾਗੀ ਨੇਤਾਵਾਂ ਨੂੰ ਮੰਤਰੀ ਬਣਾਉਣ 'ਤੇ ਉਠਾਏ ਸਵਾਲ
Posted on:- 10-11-2014
ਜੇਤਲੀ ਨੇ ਕਾਂਗਰਸ ਦੇ ਦਾਅਵਿਆਂ ਨੂੰ ਕੀਤਾ ਖਾਰਜ
ਨਵੀਂ ਦਿੱਲੀ :
ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਕਾਂਗਰਸ ਨੇ
ਦਾਗੀ ਮੰਤਰੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਉਠਾਏ ਹਨ। ਜਦਕਿ ਕਿ ਭਾਰਤੀ ਜਨਤਾ ਪਾਰਟੀ
ਨੇ ਕਾਂਗਰਸ ਦੇ ਦਾਗੀ ਮੰਤਰੀਆਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ
ਹੈ।
ਕਾਂਗਰਸ ਨੇ ਕਿਹਾ ਕਿ ਸੰਸਦ ਨੂੰ ਦਾਗੀਆਂ ਤੋਂ ਮੁਕਤ ਕਰਨ ਦੀ ਗੱਲ ਕਰਨ ਵਾਲੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ
ਆਪਣੇ ਮੰਤਰੀ ਮੰਡਲ ਦੇ ਵਿਸਥਾਰ 'ਚ ਦਾਗੀ ਨੇਤਾਵਾਂ ਨੂੰ ਕਿਉਂ ਸ਼ਾਮਲ ਕੀਤਾ ਹੈ।
ਕਾਂਗਰਸ
ਜਨਰਲ ਸਕੱਤਰ ਅਤੇ ਮੀਡੀਆ ਵਿਭਾਗ ਦੇ ਮੁਖੀ ਅਜੈ ਮਾਕਨ ਨੇ ਇੱਥੇ ਪਾਰਟੀ ਦੀ ਮੀਟਿੰਗ 'ਚ
ਕਿਹਾ ਕਿ ਮੋਦੀ ਨੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕੀਤੇ ।ਪਰ ਹੁਣ ਉਨ੍ਹਾਂ ਵਾਅਦਿਆਂ
ਤੋਂ ਹਟਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਸਵੱਛ ਰਾਜਨੀਤੀ ਦੀਆਂ ਗੱਲਾਂ
ਕਰਦੇ ਹੋਏ ਸੰਸਦ ਨੂੰ ਦਾਗੀਆਂ ਤੋਂ ਮੁਕਤ ਕਰਵਾਉਣ ਦੀ ਗੱਲ ਕਹੀ ਸੀ ਪਰ ਆਪਣੀ ਕੈਬਨਿਟ 'ਚ
ਉਨ੍ਹਾਂ ਨੇ ਦਾਗੀ ਮੰਤਰੀ ਸ਼ਾਮਲ ਕਰ ਲਏ। ਰਾਮ ਸ਼ੰਕਰ ਕਥੇਰੀਆ ਦਾ ਨਾਂ ਲੈਂਦਿਆਂ ਅਜੈ
ਮਾਕਨ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਇਕ ਜਾਂ ਦੋ ਨਹੀਂ ਸਗੋਂ 23 ਮਾਮਲੇ ਦਰਜ ਹਨ।
ਇਸ
ਤੋਂ ਇਲਾਵਾ ਸ੍ਰੀ ਮਾਕਨ ਨੇ ਗਿਰੀਰਾਜ ਸਿੰਘ ਬਾਰੇ ਵੀ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ
ਵੋਟ ਨਾ ਦੇਣ ਵਾਲਿਆਂ ਨੂੰ ਪਾਕਿਸਤਾਨ ਭੇਜ ਦੇਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਨ੍ਹਾਂ
ਦੇ ਘਰ ਚੋਰੀ ਹੋਈ ਤਾਂ ਰਕਮ ਕੁਝ ਲੱਖ ਦੱਸੀ ਗਈ ਪਰ ਚੋਰ ਫੜੇ ਜਾਣ ਉਤੇ ਪਤਾ ਚੱਲਿਆ ਕਿ
ਉਸ ਤੋਂ ਕਰੋੜਾਂ ਰੁਪਏ ਬਰਾਮਦ ਹੋਏ। ਸ੍ਰੀ ਮਾਕਨ ਨੇ ਪੁੱÎਛਿਆ ਕਿ ਪ੍ਰਧਾਨ ਮੰਤਰੀ ਨੇ
ਸਦਾਨੰਦ ਗੌੜਾ ਨੂੰ ਰੇਲਵੇ ਤੋਂ ਹਟਾ ਕੇ ਕਾਨੂੰਨ ਮੰਤਰਾਲੇ ਵਿਚ ਕੀ ਇਸ ਲਈ ਭੇਜ ਦਿੱਤਾ
ਕਿਉਂਕਿ ਉਨ੍ਹਾਂ ਦੀ ਜਾਇਦਾਦ ਇਸ ਦੌਰਾਨ ਬੇਤਾਹਾਸ਼ਾ ਵਧੀ।
ਮਾਕਨ ਨੇ ਕਿਹਾ ਕਿ ਉਮੀਦ
ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਪਹਿਲਾਂ ਤਾਂ ਮੰਤਰੀ ਮੰਡਲ 'ਚ ਸ਼ਾਮਲ ਉਨ੍ਹਾਂ 13
ਮੰਤਰੀਆਂ ਨੂੰ ਹਟਾਉਣਗੇ, ਜਿਨ੍ਹਾਂ ਖਿਲਾਫ ਵੱਖ-ਵੱਖ ਦੋਸ਼ ਹਨ। ਮੋਦੀ ਸਵੱਛ ਭਾਰਤ ਦੀ ਗੱਲ
ਕਰ ਰਹੇ ਹਨ, ਪਰ ਸਵੱਛ ਰਾਜਨੀਤੀ ਦੀ ਨਹੀਂ। ਉਨ੍ਹਾਂ ਨੇ ਕਿਹਾ ਕਿ ਇਕ ਅਜਿਹੇ ਨੇਤਾ ਨੂੰ
ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਦੀ ਕੰਪਨੀ ਦਾ ਇਕ ਬੈਂਕ ਦਾ ਐਨ.ਪੀ.ਏ 317 ਕਰੋੜ 61
ਲੱਖ ਰੁਪਏ ਹੈ।
ਦੂਜੇ ਪਾਸੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕੈਬਿਨਟ ਵਿਸਥਾਰ ਵਿਚ
ਦਾਗੀ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਸਬੰਧੀ ਕਾਂਗਰਸ ਵੱਲੋਂ ਲਗਾਏ ਜਾ ਰਹੇ
ਦੋਸ਼ਾਂ ਨੂੰ ਬੇਬੁਨਿਆਦ ਦੱÎਸਿਆ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ
ਇਨ੍ਹਾਂ ਵਿਚੋਂ ਹਰੇਕ ਵਿਅਕਤੀ ਦੀ ਭਰੋਸੇਯੋਗਤਾ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਦੀ ਜਾਂਚ
ਕਰਨ ਤੋਂ ਬਾਅਦ ਆਪਣੀ ਟੀਮ ਚੁਣੀ ਹੈ। ਕਾਂਗਰਸ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਜੇਤਲੀ ਨੇ
ਉਲਟਾ ਵਾਰ ਕਰਦਿਆਂ ਕਿਹਾ ਕਿ ਯੂਪੀਏ ਦੇ ਉਲਟ ਐਨਡੀਏ ਸਰਕਾਰ ਵਿਚ ਆਪਣੇ ਮੰਤਰੀ ਚੁਣਨ ਨੂੰ
ਲੈ ਕੇ ਅੰਤਮ ਫੈਸਲਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ। ਰਾਮਸ਼ੰਕਰ ਕਠੇਰੀਆ ਦੇ ਖਿਲਾਫ਼ 27
ਅਪਰਾਧਕ ਮਾਮਲੇ ਦਰਜ ਹੋਣ ਸਮੇਤ ਹੋਰਨਾਂ ਸਹਿਯੋਗੀ ਮੰਤਰੀਆਂ 'ਤੇ ਲੱਗੇ ਦੋਸ਼ਾਂ ਤੋਂ
ਇਨਕਾਰ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਦੇ ਹਰੇਕ ਕਾਰਕੁੰਨ ਦੇ
ਖਿਲਾਫ਼ ਅਖਿਲੇਸ਼ ਯਾਦਵ ਸਰਕਾਰ ਨੇ ਅਪਰਾਧਕ ਮਾਮਲਾ ਦਰਜ ਕਰਵਾਇਆ ਹੈ।
ਸ੍ਰੀ ਜੇਤਲੀ ਨੇ
ਸਰਕਾਰ ਵਿਚ ਟੀਡੀਪੀ ਦੇ ਕੋਟੇ ਵਿਚੋਂ ਮੰਤਰੀ ਬਣੇ ਵਾਈਐਸ ਚੌਧਰੀ ਅਤੇ ਭਾਜਪਾ ਦੇ ਨਵੇਂ
ਮੰਤਰੀ ਗਿਰੀਰਾਜ ਸਿੰਘ ਉਤੇ ਲੱਗੇ ਦੋਸ਼ ਵੀ ਖਾਰਜ ਕਰ ਦਿੱਤੇ ਹਨ। ਸ੍ਰੀ ਜੇਤਲੀ ਨੇ ਕਿਹਾ
ਕਿ ਕਾਂਗਰਸ ਨੇ ਜੋ ਉਦਾਹਰਣਾਂ ਦਿੱਤੀਆਂ ਹਨ ਉਹ ਪੂਰੀ ਤਰ੍ਹਾਂ ਅਧਾਰਹੀਣ ਹਨ, ਇਹ ਮਾਮਲੇ
ਸਿਆਸੀ ਪ੍ਰਦਰਸ਼ਨ ਕਾਰਨ ਸਾਹਮਣੇ ਆ ਰਹੇ ਹਨ।