ਜੇਕਰ ਐਨਸੀਪੀ ਨੇ ਭਾਜਪਾ ਨੂੰ ਹਮਾਇਤ ਦਿੱਤੀ ਤਾਂ ਸ਼ਿਵ ਸੈਨਾ ਵਿਰੋਧੀ ਧਿਰ 'ਚ ਬੈਠੇਗੀ : ਊੁਧਵ
Posted on:- 09-11-2014
ਨਵੀਂ ਦਿੱਲੀ, ਮੁੰਬਈ : 9 ਨਵੰਬਰ
ਸ਼ਿਵ
ਸੈਨਾ ਨੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਸੋਮਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ
(ਐਨਸੀਪੀ) ਵੱਲੋਂ ਭਾਜਪਾ ਦੀ ਹਮਾਇਤ ਕੀਤੀ ਗਈ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਵਿਧਾਨ ਸਭਾ
'ਚ ਵਿਰੋਧੀ ਧਿਰ 'ਚ ਬੈਠੇਗੀ। ਪਾਰਟੀ ਮੁਖੀ ਉਧਵ ਠਾਕਰੇ ਨੇ ਮੁੰਬਈ ਵਿੱਚ ਪ੍ਰੈਸ
ਕਾਨਫਰੰਸ ਕਰਦਿਆਂ ਭਾਰਤੀ ਜਨਤਾ ਪਾਰਟੀ 'ਤੇ ਸ਼ਰਦ ਪਵਾਰ ਤੋਂ ਸਮਰਥਨ ਲੈਣ ਦਾ ਦੋਸ਼ ਲਗਾਇਆ
ਹੈ।
ਉਧਵ ਠਾਕਰੇ ਨੇ ਕਿਹਾ ''ਸ਼ਰਦ ਪਵਾਰ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਭਗਵਾ ਦਹਿਸ਼ਤਵਾਦ ਸ਼ਬਦ
ਦਾ ਇਸਤੇਮਾਲ ਕੀਤਾ ਸੀ, ਅਸੀਂ ਅਜਿਹੀ ਪਾਰਟੀ ਨਾਲ ਨਹੀਂ ਖੜ੍ਹ ਸਕਦੇ।'' ਉਧਵ ਠਾਕਰੇ ਨੇ
ਕਿਹਾ ਕਿ ਉਹ ਅੱਜ ਵੀ ਭਾਜਪਾ ਨਾਲੋਂ ਨਾਤਾ ਤੋੜਨ ਦੇ ਪੱਖ਼ ਵਿੱਚ ਨਹੀਂ ਹਨ। ਸੁਰੇਸ਼
ਪ੍ਰਭੂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਉਧਵ ਠਾਕਰੇ ਨੇ ਮੰਦਭਾਗਾ ਦੱਸਿਆ।
ਉਧਵ ਨੇ ਇਹ ਐਲਾਨ ਵੀ ਕੀਤਾ ਕਿ ਏਕਨਾਥ ਸ਼ਿੰਦੇ ਪਾਰਟੀ ਦੇ ਵਿਧਾਇਕਾਂ ਦੇ ਆਗੂ ਹੋਣਗੇ।
ਜ਼ਿਕਰਯੋਗ
ਹੈ ਕਿ ਸੋਮਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਘੱਟ
ਗਿਣਤੀ ਸਰਕਾਰ ਨੇ ਭਰੋਸੇ ਦਾ ਵੋਟ ਹਾਸਲ ਕਰਨਾ ਹੈ। ਦੱਸਣਾ ਬਣਦਾ ਹੈ ਕਿ ਨਰਿੰਦਰ ਮੋਦੀ
ਦੀ ਕੈਬਨਿਟ ਦੇ ਪਹਿਲੇ ਵਿਸਥਾਰ ਵਿੱਚ ਸ਼ਿਵ ਸੈਨਾ ਵੱਲੋਂ ਕਿਸੇ ਆਗੂ ਨੇ ਸਹੁੰ ਨਹੀਂ
ਚੁੱਕੀ। ਐਤਵਾਰ ਨੂੰ ਪਾਰਟੀ ਦੇ ਸਾਂਸਦ ਅਨਿਲ ਦੇਸਾਈ ਦਿੱਲੀ ਹਵਾਈ ਅੱਡੇ ਤੋਂ ਵਾਪਸ
ਮੁੰਬਈ ਪਰਤ ਗਏ।