ਕੇਂਦਰੀ ਮੰਤਰੀ ਮੰਡਲ 'ਚ 21 ਨਵੇਂ ਮੰਤਰੀ ਸ਼ਾਮਲ
Posted on:- 09-11-2014
ਪਾਰੀਕਰ ਸਮੇਤ ਬਣੇ ਚਾਰ ਕੈਬਨਿਟ ਮੰਤਰੀ, ਸ਼ਿਵ ਸੈਨਾ ਵੱਲੋਂ ਸਹੁੰ ਚੁੱਕ ਸਮਾਗਮ ਦਾ ਬਾਈਕਾਟ
ਨਵੀਂ ਦਿੱਲੀ : 9 ਨਵੰਬਰ
ਸ਼ਿਵ
ਸੈਨਾ ਦੀ ਗੈਰ-ਹਾਜ਼ਰੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ
ਵਿੱਚ 21 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ 4 ਕੈਬਨਿਟ ਮੰਤਰੀ ਹਨ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਹੁੰ ਚੁੱਕ ਸਮਾਗਮ ਵਿੱਚ
ਨਵੀਆਂ ਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
4 ਕੈਬਨਿਟ
ਮੰਤਰੀਆਂ ਤੋਂ ਇਲਾਵਾ ਨਵੇਂ ਮੰਤਰੀਆਂ 'ਚ 3 ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 14
ਰਾਜ ਮੰਤਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਕੇਂਦਰੀ ਮੰਤਰੀ ਮੰਡਲ ਵਿੱਚ
ਪ੍ਰਧਾਨ ਮੰਤਰੀ ਸਮੇਤ 66 ਮੰਤਰੀ ਹੋ ਗਏ ਹਨ।
ਅੱਜ ਸਭ ਤੋਂ ਪਹਿਲਾਂ ਗੋਆ ਦੇ ਸਾਬਕਾ
ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਪਾਰੀਕਰ ਤੋਂ
ਇਲਾਵਾ ਹਰਿਆਣਾ ਦੇ ਜਾਟ ਆਗੂ ਚੌਧਰੀ ਬਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ
ਸ਼ਿਵ ਸੈਨਿਕ ਸੁਰੇਸ਼ ਪ੍ਰਭੂ ਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਜੇ ਪੀ ਨੱਢਾ ਨੂੰ
ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਜ਼ਿਕਰਯੋਗ ਹੈ
ਕਿ ਚੌਧਰੀ ਬਰਿੰਦਰ ਸਿੰਘ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ
ਹੋਏ ਸਨ। ਸ਼ਿਵ ਸੈਨਾ ਅਤੇ ਭਾਜਪਾ ਦੇ ਦਰਮਿਆਨ ਮਹਾਰਾਸ਼ਟਰ ਨਾਲ ਜੁੜੇ ਮੁੱਦਿਆਂ 'ਤੇ ਰੇੜਕਾ
ਨਾ ਮੁਕਣ ਕਾਰਨ ਸ਼ਿਵ ਸੈਨਾ ਦੇ ਸਾਂਸਦ ਅਨਿਲ ਦੇਸਾਈ ਨੇ ਸਹੁੰ ਨਹੀਂ ਚੁੱਕੀ। ਖ਼ਬਰਾਂ
ਅਨੁਸਾਰ ਉਹ ਸਵੇਰੇ ਇੱਥੇ ਆਉਣ ਤੋਂ ਬਾਅਦ ਹਵਾਈ ਅੱਡੇ ਤੋਂ ਮੁੰਬਈ ਵਾਪਸ ਪਰਤ ਗਏ।
ਮੰਤਰੀ
ਮੰਡਲ ਦੇ ਵਿਸਥਾਰ ਵਿੱਚ ਬੰਡਾਰੂ ਦੱਤਾਤਰੇਯ ਅਤੇ ਰਾਜੀਵ ਪ੍ਰਤਾਪ ਰੂੜੀ ਨੂੰ ਰਾਜ ਮੰਤਰੀ
(ਸੁਤੰਤਰ ਚਾਰਜ) ਵਜੋਂ ਸ਼ਾਮਲ ਕੀਤਾ ਗਿਆ ਹੈ। ਦਿੱਲੀ ਨੇੜਲੇ ਗੌਤਮਬੁੱਧ ਨਗਰ ਤੋਂ ਸਾਂਸਦ
ਮਹੇਸ਼ ਸ਼ਰਮਾ ਨੂੰ ਵੀ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ
ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪਹਿਲੇ ਵਿਸਥਾਰ ਵਿੱਚ 14 ਰਾਜ ਮੰਤਰੀਆਂ ਨੂੰ ਵੀ ਸ਼ਾਮਲ
ਕੀਤਾ ਹੈ। ਇਨ੍ਹਾਂ ਵਿੱਚ ਮੁਖਤਾਰ ਅਬਾਸ ਨਕਬੀ, ਰਾਮ ਕ੍ਰਿਪਾਲ ਯਾਦਵ, ਹਰੀਭਾਈ ਪਾਰਥੀ
ਭਾਈ ਚੌਧਰੀ, ਸਾਂਵਰ ਲਾਲ ਜਾਟ, ਮੋਹਨ ਭਾਈ ਕਲਿਆਣਜੀ ਭਾਈ ਕੁੰਡਾਰਿਆ, ਗਿਰੀਰਾਜ ਸਿੰਘ,
ਹੰਸ ਰਾਜ ਗੰਗਾਰਾਮ ਅਹੀਰ, ਪ੍ਰੋ. ਰਾਮਸ਼ੰਕਰ ਕਠੇਰਿਆ, ਜੈਯੰਤ ਸਿਨਹਾ, ਰਾਜਯਵਰਧਨ ਸਿੰਘ
ਰਠੌੜ, ਬਾਬੁਲ ਸੁਪ੍ਰਿਯੋ, ਸਾਧਵੀ ਨਰਿੰਜਨ ਜੋਤੀ, ਵਿਜੇ ਸਾਂਪਲਾ (ਸਾਰੇ ਭਾਜਪਾ ਤੋਂ)
ਅਤੇ ਵਾਈਐਸ ਚੌਧਰੀ (ਟੀਡੀਪੀ) ਸ਼ਾਮਲ ਹਨ। ਸ਼ਿਵ ਸੈਨਾ ਦੇ ਸਾਬਕਾ ਆਗੂ ਸੁਰੇਸ਼ ਪ੍ਰਭੂ ਅੱਜ
ਨਰਿੰਦਰ ਮੋਦੀ ਮੰਤਰੀ ਮੰਡਲ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਾਜਪਾ ਵਿੱਚ
ਸ਼ਾਮਲ ਹੋ ਗਏ। ਉਨ੍ਹਾਂ ਨੇ ਸਵੇਰੇ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਲਈ ਅਤੇ ਪਾਰਟੀ ਦੇ
ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਮਈ 'ਚ ਸੱਤਾ ਵਿੱਚ ਆਉਣ ਤੋਂ ਬਾਅਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ
ਅਤੇ ਇਸ ਵਿੱਚ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਰੱਖਿਆ ਮੰਤਰੀ ਬਣਾਇਆ
ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ
ਕੋਲ ਰੱਖਿਆ ਮੰਤਰਾਲਾ ਦਾ ਵਾਧੂ ਕਾਰਜਭਾਰ ਹੈ। ਇਸ ਵਿਸਥਾਰ ਦੇ ਨਾਲ ਮੰਤਰੀ ਮੰਡਲ ਦੇ
ਮੈਂਬਰਾਂ ਦੀ ਗਿਣਤੀ 45 ਤੋਂ ਵਧ ਕੇ 66 ਹੋ ਗਈ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ
ਸਮੇਤ 27 ਕੈਬਨਿਟ ਪੱਧਰ ਦੇ ਮੰਤਰੀ, 13 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 26 ਰਾਜ ਪੱਧਰ
ਦੇ ਮੰਤਰੀ ਸ਼ਾਮਲ ਹਨ। ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਹੁੰ ਚੁੱਕ ਸਮਾਗਮ ਵਿੱਚ ਉਪ
ਰਾਸ਼ਟਰਪਤੀ ਹਾਮਿਦ ਅੰਸਾਰੀ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਰਾਜ ਸਭਾ ਦੇ ਉਪ
ਸਭਾਪਤੀ ਪੀਜੇ ਕੁਰੀਅਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ
ਸਹਿਯੋਗੀ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਭਾਜਪਾ ਦੀ ਸਰਕਾਰ ਵਾਲੇ
ਰਾਜਾਂ ਦੇ ਮੁੱਖ ਮੰਤਰੀਆਂ ਵਿੱਚੋਂ ਵਸ਼ੁੰਧਰਾ ਰਾਜੇ, ਰਮਨ ਸਿੰਘ, ਮਨੋਹਰ ਲਾਲ ਖੱਟਰ ਤੋਂ
ਇਲਾਵਾ ਆਂਧਰਾਪ੍ਰਦੇਸ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਸ਼ਾਮਲ ਸਨ। ਕਾਂਗਰਸ ਪਾਰਟੀ
ਤੋਂ ਇਸ ਸਮਾਰੋਹ ਵਿੱਚ ਕੋਈ ਵੀ ਆਗੂ ਸ਼ਾਮਲ ਨਹੀਂ ਹੋਇਆ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ
ਨਵੇਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਾਲ 7 ਰੇਸ ਕੋਰਸ ਸਥਿਤ ਰਿਹਾਇਸ਼ 'ਤੇ ਮੁਲਾਕਾਤ
ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਚਾਹ ਵੀ ਪਲਾਈ।