ਬਾਦਲ ਦਾ ਅਮਨ ਸ਼ਾਂਤੀ ਸਬੰਧੀ ਦਿੱਤਾ ਬਿਆਨ ਸੱਤਾ 'ਚ ਬਣੇ ਰਹਿਣ ਦੀ ਆਖ਼ਰੀ ਕੋਸ਼ਿਸ਼ : ਖਹਿਰਾ
Posted on:- 08-11-2014
ਚੰਡੀਗੜ੍ਹ : ਕਾਂਗਰਸ
ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ੍ਰ. ਬਾਦਲ ਦਾ ਇਹ ਬਿਆਨ ਕਿ
ਅਕਾਲੀ-ਭਾਜਪਾ ਗੱਠਜੋੜ ਦੇ ਬਣੇ ਰਹਿਣ ਨਾਲ ਹੀ ਪੰਜਾਬ 'ਚ ਅਮਨ ਸ਼ਾਂਤੀ ਬਰਕਰਾਰ ਰਹਿ ਸਕਦੀ
ਹੈ, ਨਾ ਸਿਰਫ ਲੋਕਾਂ ਨੂੰ ਭੈਅ ਭੀਤ ਕਰਕੇ ਉਨ੍ਹਾਂ ਦੇ ਸੱਤਾ 'ਚ ਬਣੇ ਰਹਿਣ ਦੀ ਇੱਕ
ਆਖਰੀ ਕੋਸ਼ਿਸ਼ ਹੈ ਬਲਕਿ ਇਸ ਨਾਲ ਉਨ੍ਹਾਂ ਦਾ ਪੰਜਾਬ ਵਿਰੋਧੀ ਚਿਹਰਾ ਵੀ ਬੇਨਕਾਬ ਹੋਇਆ
ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਸੰਪਰਦਾਇਕ ਅਮਨ ਤੇ ਸ਼ਾਂਤੀ ਬਹਾਲ ਰੱਖਣ ਲਈ
ਅਕਾਲੀ-ਭਾਜਪਾ ਗਠਜੋੜ ਦੇ ਬਣੇ ਰਹਿਣਾ ਜ਼ਰੂਰੀ ਆਖ ਕੇ ਸ੍ਰ. ਬਾਦਲ ਨੇ ਆਪਣੀ ਅਤੇ ਆਪਣੀ
ਪਾਰਟੀ ਦੀ ਹਮਾਇਤ ਲਈ ਲੋਕਾਂ ਨੂੰ ਡਰਾਉਣ ਦੀ ਇੱਕ ਕੋਝੀ ਚਾਲ ਚੱਲੀ ਹੈ। ਉਨ੍ਹਾਂ ਕਿਹਾ
ਕਿ ਇਸ ਨਾਲ ਸ੍ਰ. ਬਾਦਲ ਦੇ ਮੌਕਾਪ੍ਰਸਤ ਚਿਹਰੇ ਦਾ ਵੀ ਨਕਾਬ ਉੱਤਰ ਗਿਆ ਹੈ ਅਤੇ
ਦਹਿਸ਼ਤਵਾਦ ਦੇ ਕਾਲੇ ਦਿਨਾਂ ਵਿੱਚ ਨਿਭਾਏ ਘਟੀਆ ਰੋਲ ਨੂੰ ਵੀ ਮਨਜ਼ੂਰ ਕਰ ਲਿਆ ਹੈ।
ਉਨ੍ਹਾਂ
ਕਿਹਾ ਕਿ ਸੱਤਰਵਿਆਂ ਦੇ ਅਖੀਰ ਤੇ ਅੱਸੀ ਦੇ ਦਹਾਕੇ 'ਚ ਸ੍ਰ. ਬਾਦਲ ਦੀਆਂ ਸਿਆਸੀ
ਕਲਾਬਾਜ਼ੀਆਂ ਉਨ੍ਹਾਂ (ਖਹਿਰਾ) ਦੇ ਇਨ੍ਹਾਂ ਇਲਜ਼ਾਮਾਂ ਨੂੰ ਸਪੱਸ਼ਟ ਤੌਰ 'ਤੇ ਪੁਖਤਾ ਸਾਬਤ
ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਮਨ ਤੇ ਸ਼ਾਂਤੀ ਨੂੰ ਖਰਾਬ ਕਰਕੇ ਮੁਸ਼ਕਿਲਾਂ ਖੜੀਆਂ ਕਰਨ
ਅਤੇ ਉਸ ਤੋਂ ਸਿਆਸੀ ਲਾਹਾ ਖੱਟਣ ਦੀ ਕਲਾ 'ਚ ਸ੍ਰ. ਬਾਦਲ ਪੂਰੀ ਤਰਾਂ ਨਾਲ ਮਾਹਿਰ ਹਨ।
ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਬਾਦਲ ਹੀ ਸਨ, ਜਿਨ੍ਹਾਂ ਨੇ ਕਿ 1978 'ਚ ਅੰਮ੍ਰਿਤਸਰ
ਵਿਖੇ ਨਿਰੰਕਾਰੀਆਂ ਨੂੰ ਸ਼ਾਂਤਮਈ ਜਥੇ 'ਚ ਸ਼ਾਮਲ ਨਿਹੱਥੇ ਸਿੱਖਾਂ ਨੂੰ ਮਾਰਨ ਦਿੱਤਾ,
ਜਿਸ ਤੋਂ ਕਿ ਪੰਜਾਬ ਦੇ ਮਾੜੇ ਦਿਨਾਂ ਦਾ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਇਸੇ
ਤਰਾਂ ਹੀ ਸ੍ਰ. ਬਾਦਲ ਨੇ ਮੁੱਖ ਮੰਤਰੀ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ
ਕੋਲੋਂ ਸਰਕਾਰੀ ਤੌਰ 'ਤੇ 2 ਕਰੋੜ ਰੁਪਏ ਦਾ ਚੈੱਕ ਪ੍ਰਾਪਤ ਕੀਤਾ ਅਤੇ ਵਿਵਾਦਪ੍ਰਸਤ
ਸਤਲੁਜ਼-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਪਹਿਲੀ ਪੁਟਾਈ ਕਰਨ ਦਿੱਤੀ, ਜਿਸ ਨਾਲ ਕਿ
ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ 'ਤੇ ਵੱਡੇ ਰੋਸ ਪ੍ਰਦਰਸ਼ਨ ਸ਼ੁਰੂ ਹੋਏ ਸਨ ਤੇ ਸੂਬੇ
ਨੂੰ ਅੱਤਵਾਦ ਦੀ ਅੱਗ ਵਿੱਚ ਝੋਂਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰਜ਼ 'ਤੇ 7 ਜੂਨ
1984 ਨੂੰ ਸ੍ਰ. ਬਾਦਲ ਨੇ ਆਪ੍ਰਸ਼ੇਨ ਬਲਿਊ ਸਟਾਰ ਤੋਂ ਬਾਅਦ ਦੁੱਖੀ ਫੋਜ਼ੀ ਜਵਾਨਾਂ ਅਤੇ
ਅਫਸਰਾਂ ਨੂੰ ਸਰਕਾਰ ਦੇ ਖਿਲਾਫ ਬਗਾਵਤ ਕਰਕੇ ਆਪਣੀਆਂ ਬੈਰਕਾਂ ਛੱਡਣ ਤੇ ਅੰਮ੍ਰਿਤਸਰ ਵੱਲ
ਕੂਚ ਕਰਨ ਲਈ ਵੰਗਾਰਿਆ, ਜਿਸ ਨਾਲ ਕਿ ਭਾਰੀ ਖੂਨ ਖਰਾਬਾ ਅਤੇ ਕਤਲੇਆਮ ਹੋਇਆ, ਸਿੱਟੇ
ਵਜੋਂ ਅੱਜ ਵੀ ਬਹੁਤ ਸਾਰੇ ਧਰਮੀ ਸਿੱਖ ਫੋਜੀ ਜੇਲਾਂ 'ਚ ਸੜ ਰਹੇ ਹਨ।
ਉਨ੍ਹਾਂ ਕਿਹਾ
ਕਿ ਸ਼੍ਰੀ ਬਾਦਲ ਦੀਆਂ ਕਾਇਰ ਨੀਤੀਆਂ ਦਾ ਖੁਲਾਸਾ 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ
ਹੋਇਆ ਜਦੋ ਅੱਤਵਾਦੀਆਂ ਦੇ ਦਬਾਅ ਹੇਠ ਸਹਿਕਦੇ ਹੋਏ ਉਨ੍ਹਾਂ ਨੇ ਚੋਣਾਂ ਦਾ ਬਾਈਕਾਟ
ਕੀਤਾ, 1993 'ਚ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਪੰਚਾਇਤ
ਅਤੇ ਬਲਾਕ ਸੰਮਤੀ ਚੋਣਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸ਼੍ਰੀ ਬਾਦਲ ਨੇ ਬਹੁਤ ਹੀ
ਚਲਾਕੀ ਨਾਲ ਪੜਾਈ ਦੇ ਬਹਾਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਕੈਲੀਫੋਰਨੀਆਂ
ਜਿਹੀ ਸਵਰਗ ਵਰਗੀ ਸੁਰੱਖਿਅਤ ਜਗ੍ਹਾ ਉੱਪਰ ਰੱਖਿਆ, ਜਦਕਿ ਪੰਜਾਬ ਅੱਗ ਵਿੱਚ ਸੜ ਰਿਹਾ ਸੀ
ਅਤੇ ਹਜਾਰਾਂ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਆਖਿਰ ਸ਼ਾਂਤੀ ਬਹਾਲ ਹੋਣ
ਤੋਂ ਬਾਅਦ ਹੀ ਜੂਨੀਅਰ ਬਾਦਲ ਨੂੰ ਸਿਆਸੀ ਮੈਦਾਨ 'ਚ ਉਤਾਰਿਆ ਗਿਆ।
ਉਨ੍ਹਾਂ ਕਿਹਾ
ਕਿ ਹੁਣ ਆਪਣੇ ਸਿਆਸੀ ਗਰਾਫ 'ਚ ਵੱਡੀ ਗਿਰਾਵਟ ਦੇਖਦੇ ਹੋਏ ਅਤੇ ਕਾਰਾਰੀ ਹਾਰ ਦਾ ਅੰਦਾਜ਼ਾ
ਲਗਾਉਂਦੇ ਹੋਏ ਸ਼੍ਰੀ ਬਾਦਲ ਨੇ ਸੱਤਾ ਦੇ ਲੋਭ 'ਚ ਆਖਿਰ ਮੁੜ ਫਿਰ ਆਪਣੀਆਂ ਕੌਝੀਆਂ
ਲੂੰਬੜ ਚਾਲਾਂ 'ਚੋਂ ਇੱਕ ਦਾ ਸਹਾਰਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹੀ ਇੱਕ ਸੋਚੀ
ਸਮਝੀ ਸਾਜਿਸ਼ ਤਹਿਤ ਸ਼ਾਤਿਰ ਬਾਦਲ ਇਹ ਡਰ ਪੈਦਾ ਕਰ ਰਹੇ ਹਨ ਕਿ ਜੇਕਰ ਅਕਾਲੀ-ਭਾਜਪਾ
ਗਠਜੋੜ ਟੁੱਟ ਗਿਆ ਤਾਂ ਅਮਨ, ਸ਼ਾਂਤੀ ਅਤੇ ਆਪਸੀ ਸੰਪ੍ਰਦਾਇਕ ਭਾਈਚਾਰਾ ਖਤਮ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸੀਨੀਅਰ ਬਾਦਲ ਨੂੰ ਅਗਾਹ ਕਰਦੀ ਹੈ ਕਿ ਉਹ ਖਤਮ ਹੋਣ ਦੇ
ਕਗਾਰ ਉੱਪਰ ਪਹੁੰਚ ਚੁੱਕੇ ਆਪਣੇ ਸਿਆਸੀ ਕੈਰੀਅਰ ਨੂੰ ਬਚਾਉਣ ਲਈ ਸੋੜੇ ਸਿਆਸੀ ਖੇਡ
ਖੇਡਣੇ ਤੇ ਲੋਕਾਂ ਨੂੰ ਬਲੈਕਮੇਲ ਕਰਨ ਤੋਂ ਗੁਰੇਜ਼ ਕਰਨ।