ਮੋਦੀ ਮੰਤਰੀ ਮੰਡਲ ਦਾ ਵਿਸਥਾਰ ਅੱਜ : 20 ਨਵੇਂ ਮੰਤਰੀ ਹੋਣਗੇ ਸ਼ਾਮਲ
Posted on:- 08-11-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਪਣੇ ਮੰਤਰੀ ਮੰਡਲ ਨੂੰ ਵਧਾਉਣ ਜਾ ਰਹੇ ਹਨ। ਉਨ੍ਹਾਂ
ਦੇ ਮੰਤਰੀ ਮੰਡਲ 'ਚ ਕੁਝ ਮੰਤਰੀਆਂ ਦੇ ਅਹੁਦੇ ਬਦਲੇ ਜਾ ਸਕਦੇ ਹਨ। ਜਦਕਿ 20 ਦੇ ਕਰੀਬ
ਨਵੇਂ ਮੰਤਰੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣਗੇ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਦੇ
ਹਵਾਲੇ ਅਨੁਸਾਰ ਖ਼ਬਰ ਹੈ ਕਿ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਰੱਖਿਆ
ਮੰਤਰੀ ਬਣਾਇਆ ਜਾ ਸਕਦਾ ਹੈ।
ਹੋਰ ਸੰਭਾਵਤ ਮੰਤਰੀਆਂ ਵਿੱਚ ਰਜੀਵ ਪ੍ਰਤਾਪ ਰੂਡੀ,
ਗਿਰੀਰਾਜ ਸਿੰਘ, ਰਾਮਕ੍ਰਿਪਾਲ ਯਾਦਵ, ਸਾਧਵੀ ਨਿਰੰਜਨ ਜਯੋਤੀ, ਮੁਖਤਿਆਰ ਅਬਾਸ ਨਕਬੀ,
ਚੌਧਰੀ ਬੀਰੇਂਦਰ ਸਿੰਘ, ਜੈਅੰਤ ਸਿਨਹਾ, ਰਾਜਵਰਧਨ ਰਾਠੌਰ, ਸਾਂਬਰਲਾਲ ਜਾਟ, ਹੰਸ ਰਾਜ
ਅਹੀਰ, ਵਿਜੇ ਸਾਂਪਲਾ, ਜੇਪੀ ਨੱਢਾ, ਬਾਬੁਲ ਸੁਰਪਿਓ ਅਤੇ ਬੰਦਾਰੂ ਸ਼ਾਮਲ ਹਨ।
ਨਵੇਂ
ਮੰਤਰੀਆਂ ਦੇ ਆਉਣ ਨਾਲ ਮੋਦੀ ਮੰਤਰੀ ਮੰਡਲ ਵਿੱਚ ਖੇਤਰੀ ਸੰਤੁਲਨ ਬਰਕਰਾਰ ਹੋਵੇਗਾ ਅਤੇ
ਜਿਹੜੇ ਮੰਤਰੀਆਂ ਦੇ ਕੋਲ ਵਾਧੂ ਮੰਤਰਾਲਿਆਂ ਦਾ ਭਾਰ ਹੈ, ਉਨ੍ਹਾਂ ਦਾ ਕੰਮ ਵੰਡਿਆ
ਜਾਵੇਗਾ ਅਤੇ ਉਨ੍ਹਾਂ 'ਤੇ ਦਬਾਅ ਘਟੇਗਾ। ਮੰਤਰੀ ਮੰਡਲ ਦੇ ਤਾਜ਼ਾ ਵਿਸਥਾਰ ਵਿੱਚ ਕੇਂਦਰ
ਅਤੇ ਰਾਜ ਦੀ ਰਾਜਨੀਤਕ ਸਥਿਤੀਆਂ, ਕੁਝ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ
ਆਦਿ ਨੂੰ ਵੀ ਧਿਆਨ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
ਸੰਭਾਵਤ ਮੰਤਰੀਆਂ ਨੂੰ ਆਪਣੀ ਰਿਹਾਇਸ਼ 'ਤੇ ਚਾਹ ਦੇ ਲਈ ਸੱਦਾ ਦਿੱਤਾ।
ਭਾਜਪਾ ਦੀ
ਸਹਿਯੋਗੀ ਪਾਰਟੀਆਂ ਤੇਲਗੂ ਦੇਸ਼ਮ ਅਤੇ ਸ਼ਿਵ ਸੈਨਾ ਨੇ ਵੀ ਮੰਤਰੀ ਦੇ ਅਹੁਦੇ ਲੈਣ ਲਈ ਆਪਣੇ
ਆਗੂਆਂ ਦੇ ਨਾਂ ਭੇਜੇ ਹਨ। ਸ਼ਿਵ ਸੈਨਾ ਵੱਲੋਂ ਅਨਿਲ ਦੇਸਾਈ ਅਤੇ ਤੇਲਗੂ ਦੇਸ਼ਮ ਪਾਰਟੀ
ਵੱਲੋਂ ਵਾਈਐਸ ਚੌਧਰੀ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਚੌਧਰੀ ਤੇ
ਦੇਸਾਈ ਰਾਜ ਸਭਾ ਦੇ ਮੈਂਬਰ ਹਨ। ਦੋਵਾਂ ਨੂੰ ਰਾਜ ਮੰਤਰੀ ਦਾ ਦਰਜਾ ਮਿਲ ਸਕਦਾ ਹੈ।
ਨਵੇਂ
ਮੰਤਰੀਆਂ ਨੂੰ ਐਤਵਾਰ ਦੁਪਹਿਰ 1 ਵਜੇ ਰਾਸ਼ਟਰੀ ਭਵਨ ਵਿੱਚ ਸਹੁੰ ਚੁਕਾਈ ਜਾਵੇਗੀ।
ਮੌਜੂਦਾ ਮੰਤਰੀ ਪ੍ਰੀਸ਼ਦ ਵਿੱਚ 45 ਮੰਤਰੀ ਹਨ, ਕੁੱਲ ਮਿਲਾ ਕੇ ਮੰਤਰੀ ਪ੍ਰੀਸ਼ਦ ਵਿੱਚ 23
ਕੈਬਨਿਟ ਮੰਤਰੀ ਹਨ, ਪ੍ਰਧਾਨ ਮੰਤਰੀ ਮੋਦੀ ਸਮੇਤ 22 ਰਾਜ ਮੰਤਰੀ ਹਨ, ਜਿਨ੍ਹਾਂ ਵਿੱਚੋਂ
10 ਦੇ ਕੋਲ ਸੁਤੰਤਰ ਵਿਭਾਗ ਹਨ। ਸ਼ੁਰੂਆਤੀ ਦੌਰ ਵਿੱਚ ਭਾਵੇਂ ਸ਼ਿਵ ਸੈਨਾ ਕੁਝ ਮੁੱਦਿਆਂ
'ਤੇ ਅੜੀ ਸੀ, ਪਰ ਬਾਅਦ ਵਿੱਚ ਉਸ ਦਾ ਸੁਰ ਵੀ ਨਰਮ ਹੋ ਗਿਆ ਤੇ ਉਨ੍ਹਾਂ ਅਨਿਲ ਦੇਸਾਈ
ਦੇ ਨਾਂ ਦੀ ਸਿਫਾਰਸ਼ ਕਰ ਦਿੱਤੀ।