ਪਾਰੀਕਰ ਅੱਜ ਦੇਣਗੇ ਅਸਤੀਫ਼ਾ, ਯੂਪੀ ਤੋਂ ਬਣਨਗੇ ਸਾਂਸਦ
Posted on:- 07-11-2014
ਪਣਜੀ : ਗੋਆ
ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਤੈਅ ਹੋ ਗਿਆ
ਹੈ। ਪਾਰਟੀ ਵਿਧਾਇਕਾਂ ਦੇ ਨਾਲ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਮਗਰੋਂ ਪਾਰੀਕਰ ਨੇ ਕਿਹਾ
ਕਿ ਉਹ ਸ਼ਨੀਵਾਰ ਨੂੰ ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਮੁੱਖ
ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
ਜ਼ਿਕਰਯੋਗ ਹੈ ਕਿ ਪਾਰੀਕਰ ਨੂੰ ਕੇਂਦਰੀ
ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ। ਇਸੇ ਦੌਰਾਨ ਚਰਚਾ
ਹੈ ਕਿ ਕੈਬਨਿਟ ਵਿੱਚ ਸ਼ਾਮਲ ਹੋਣ ਲਈ ਪਾਰੀਕਰ ਨੂੰ ਉਤਰ ਪ੍ਰਦੇਸ਼ ਤੋਂ ਰਾਜ ਸਭਾ ਸਾਂਸਦ
ਬਣਾਇਆ ਜਾ ਸਕਦਾ ਹੈ। ਇਸ ਲਈ ਉਹ ਸੋਮਵਾਰ ਨੂੰ ਰਾਜ ਸਭਾ ਚੋਣ ਲਈ ਪਰਚਾ ਦਾਖ਼ਲ ਕਰਨ ਲਖਨਊ
ਪਹੁੰਚਣਗੇ। ਇਸੇ ਦੌਰਾਨ ਪਾਰੀਕਰ ਨੂੰ ਕੇਂਦਰ ਸਰਕਾਰ ਵਿੱਚ ਥਾਂ ਦਿੱਤੇ ਜਾਣ ਦੀ ਚਰਚਾ
ਦਰਮਿਆਨ ਗੋਆ ਵਿੱਚ ਮੁੱਖ ਮੰਤਰੀ ਅਹੁਦੇ ਦੀ ਦੌੜ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਸੂਬੇ
ਦੇ ਸਿਹਤ ਮੰਤਰੀ ਲਕਸ਼ਮੀ ਕਾਂਤ ਪਰਸੇਕਰ ਦਾ ਨਾਂ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿੱਚ ਸਭ
ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਵਿਧਾਇਕਾਂ ਨਾਲ ਹੋਈ ਮੀਟਿੰਗ
ਵਿੱਚ ਤਿੰਨ ਨਾਵਾਂ 'ਤੇ ਵਿਚਾਰ ਕੀਤਾ ਗਿਆ। ਇਨ੍ਹਾਂ ਵਿੱਚ ਪਰਸੇਕਰ ਤੋਂ ਇਲਾਵਾ ਵਿਧਾਨ
ਸਭਾ ਸਪੀਕਰ ਰਾਜੇਂਦਰ ਅਰਲੇਕਰ ਅਤੇ ਉਪ ਮੁੱਖ ਮੰਤਰੀ ਡੀਸੂਜਾ ਸ਼ਾਮਲ ਹਨ। ਹਾਲਾਂਕਿ
ਪਾਰੀਕਰ ਨੇ ਮੁੱਖ ਮੰਤਰੀ ਅਹੁਦੇ ਲਈ ਚੁਣੇ ਗਏ ਨਾਂ ਨੂੰ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ
ਕਿ ਸੂਚੀ ਪਾਰਟੀ ਦੇ ਸੰਸਦੀ ਬੋਰਡ ਨੂੰ ਸੌਂਪੀ ਜਾਵੇਗੀ ਜੋ ਇਸ 'ਤੇ ਅੰਤਿਮ ਫੈਸਲਾ
ਕਰੇਗਾ।