ਕੈਂਸਰ ਦੇ ਇਲਾਜ ਲਈ ਫਾਜ਼ਿਲਕਾ ਤੇ ਹੁਸ਼ਿਆਰਪੁਰ 'ਚ ਸਥਾਪਤ ਹੋਣਗੇ ਕੈਂਸਰ ਕੇਅਰ ਸੈਂਟਰ : ਜਿਆਣੀ
Posted on:- 07-11-2014
ਜਲੰਧਰ : ਸਿਹਤ
ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਕਿਹਾ ਕਿ ਕੈਂਸਰ ਦੀ
ਨਾ ਮੁਰਾਦ ਬਿਮਾਰੀ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਆਧੁਨਿਕ ਇਲਾਜ
ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਈ ਨਵੇਂ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਹਨ।
ਸਥਾਨਕ
ਸਿਵਲ ਹਸਪਤਾਲ ਵਿਖੇ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਅੱਜ ਕਰਵਾਏ ਗਏ ਸਮਾਗਮ ਵਿਚ
ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਜਿਆਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ
ਕਿ ਹੁਸ਼ਿਆਰਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ 50 ਬੈਡ ਵਾਲੇ ਟੇਰਸ਼ਿੰਗ ਕੈਂਸਰ ਕੇਅਰ
ਸੈਂਟਰ ਬਣਾਏ ਜਾਣਗੇ, ਜਿਸ ਨਾਲ ਇਸ ਨਾ ਮੁਰਾਦ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇਲਾਜ ਦੀ
ਵੱਡੀ ਸੁਵਿਧਾ ਪ੍ਰਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ 100 ਬੈਡ ਵਾਲਾ
ਕੈਂਸਰ ਹਸਪਤਾਲ ਸਥਾਪਤ ਹੋ ਚੁੱਕਿਆ ਹੈ ਅਤੇ ਟਾਟਾ ਮੈਮੋਰੀਅਲ ਕੈਂਸਰ ਰਿਸਰਚ ਸੈਂਟਰ
ਮੁੰਬਈ ਦੇ ਸਹਿਯੋਗ ਨਾਲ ਚੰਡੀਗੜ੍ਹ ਨਜ਼ਦੀਕ ਮੁੱਲਾਂਪੁਰ ਵਿਖੇ 300 ਬੈਡਾਂ ਵਾਲਾ ਵਿਸ਼ੇਸ਼
ਕੈਂਸਰ ਇਲਾਜ ਹਸਪਤਾਲ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ
ਕੈਂਸਰ ਕੇਅਰ ਸੁਵਿਧਾ ਦੀ ਸਥਾਪਨਾ ਵੀ ਜਲਦ ਹੋਣ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ
ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਸਟੇਟ ਆਫ ਦੀ ਆਰਟ ਉਪਕਰਣ ਮੁਹੱਈਆ ਕਰਵਾਏ ਜਾ ਰਹੇ
ਹਨ , ਇਸੇ ਤਰ੍ਹਾਂ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਸ੍ਰੀ ਰਾਮਦਾਸ ਮੈਡੀਕਲ ਸਾਇੰਸਸ
ਐਂਡ ਰਿਸਰਚ ਸੈਂਟਰ ਅੰਮ੍ਰਿਤਸਰ ਵਿਖੇ ਕੋਬਾਲਟ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਪਠਾਨਕੋਟ,ਕਪੂਰਥਲਾ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ
ਵਿਚ ਸਾਲ 2014- 15 ਦੌਰਾਨ ਐਨਪੀਸੀਡੀਸੀਐਸ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ
ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਨੂੰ ਰਾਹਤ ਦੇਣ ਲਈ ਸਥਾਪਤ ਕੀਤੇ ਮੁੱਖ ਮੰਤਰੀ ਰਾਹਤ
ਕੋਸ਼ ਦਾ ਹਵਾਲਾ ਦਿੰਦਿਆਂ ਸ੍ਰੀ ਜਿਆਣੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 18185
ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ 215.50 ਕਰੋੜ ਰੁਪਏ ਦੀ ਰਾਸ਼ੀ ਸਬੰਧਿਤ ਹਸਪਤਾਲਾਂ ਨੂੰ
ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 118 ਤਰ੍ਹਾਂ ਦੀਆਂ ਐਂਟੀ ਕੈਂਸਰ ਡਰੱਗ ਨੂੰ
ਰਾਜ ਸਰਕਾਰ ਅਤੇ ਟੀਐਮਸੀ ਮੁੰਬਈ ਦੇ ਸਹਿਯੋਗ ਨਾਲ ਘੱਟ ਰੇਟਾਂ 'ਤੇ ਉਪਲਬੱਧ ਕਰਵਾਇਆ ਜਾ
ਰਿਹਾ ਹੈ।
ਸ੍ਰੀ ਜਿਆਣੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿੱਥੇ ਇਹ ਇਲਾਜ
ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਦੇ
ਕਾਰਨਾਂ ਅਤੇ ਇਸ ਤੋਂ ਬਚਾਅ ਲਈ ਸੁਚੇਤ ਰਹਿਣ ਲਈ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ
ਹਨ। ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸ੍ਰੀ ਜਿਆਣੀ ਨੇ ਕਿਹਾ ਕਿ ਆਉਂਦੇ ਡੇਢ ਸਾਲ ਦੇ
ਵਿਚ-ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਇਸ ਮੌਕੇ ਸ੍ਰੀ ਜਿਆਣੀ ਨੇ ਸਿਵਲ
ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਡਾ.
ਨਵਜੋਤ ਕੌਰ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਥੇ ਕੈਂਸਰ ਦੀ ਬਿਮਾਰੀ ਦੀ
ਮੁੱਢਲੀ ਸਟੇਜ ਤੇ ਪਹਿਚਾਣ ਇਲਾਜ ਲਈ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਨਾਲ ਲੋਕਾਂ ਨੂੰ ਇਸ
ਬਿਮਾਰੀ ਦੇ ਕਾਰਨਾਂ ਅਤੇ ਲੱਛਣਾਂ ਤੋਂ ਜਾਗਰੂਕ ਕਰਨ ਲਈ ਵੱਡੀ ਪੱਧਰ 'ਤੇ ਜਾਗਰੂਕਤਾ
ਮੁਹਿੰਮ ਚਲਾਉਣ ਦੀ ਲੋੜ ਹੈ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਸਿਹਤ ਵਿਨੀ ਮਹਾਜਨ
,ਮੇਨੈਜਿੰਗ ਡਾਇਰੈਕਟਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਪੰਜਾਬ ਹੁਸਨ ਲਾਲ, ਡਾਇਰੈਕਟਰ ਸਿਹਤ
ਸੇਵਾਵਾਂ ਵਿਭਾਗ ਡਾ. ਕਰਨਜੀਤ ਸਿੰਘ, ਟਾਟਾ ਮੈਮੌਰੀਅਲ ਕੈਂਸਰ ਰਿਸਰਚ ਸੈਂਟਰ ਮੁੰਬਈ ਦੇ
ਟੀ. ਅੰਬੂਮੰਨੀ, ਐਸਡੀਐਮ ਸ਼ਾਹਕੋਟ ਡਾ.ਸੰਜੀਵ ਸ਼ਰਮਾ, ਸਿਵਲ ਸਰਜਨ ਜਲੰਧਰ ਡਾ. ਆਰਐਲ ਬੱਸਣ
ਅਤੇ ਹੋਰ ਪਤਵੰਤੇ ਹਾਜ਼ਰ ਸਨ।