ਕੇਐਲਐਫ ਦਾ ਮੁਖੀ ਸਾਥੀ ਸਣੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ
Posted on:- 07-11-2014
ਚੰਡੀਗੜ੍ਹ : ਅੱਜ ਇੱਥੇ ਪੰਜਾਬ ਪੁਲਿਸ ਦੇ ਡੀਜੀਪੀ ਸੁਮੇਧ ਸੈਣੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ
ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਲੋੜੀਂਦੇ ਦਹਿਸ਼ਤਗਰਦ ਕਾਬੂ ਕਰਨ ਦੀ
ਮੁਹਿੰਮ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ
ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਉਸਦੇ ਪ੍ਰਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ
ਗੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ
ਖਾਲਿਸਤਾਨ ਲਿਬਰੇਸ਼ਨ ਫੋਰਸ ਮੁਖੀ 10 ਦਹਿਸ਼ਤਗਰਦ ਕੇਸਾਂ ਵਿਚ ਲੋੜੀਂਦਾ ਸੀ ਤੇ ਉਸ ਦੇ
ਪ੍ਰਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ 2013 ਵਿਚ ਪੰਜਾਬ ਦੇ ਮਾਹੌਲ ਨੂੰ ਖਰਾਬ
ਕਰਨ ਲਈ ਹਿੰਦੂ ਆਗੂਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਨੂੰ ਪ੍ਰਵਾਨ ਚੜ੍ਹਾਉਣ ਦੀ
ਜ਼ਿੰਮੇਵਾਰੀ ਸੌਂਪੀ ਗਈ ਸੀ ਜੋ ਕਿ ਪੰਜਾਬ ਪੁਲਿਸ ਨੇ ਅਸਫਲ ਬਣਾ ਦਿੱਤੀ ਸੀ।
ਉਨ੍ਹਾਂ
ਕਿਹਾ ਕਿ ਪੰਜਾਬ ਪੁਲਿਸ ਨੇ ਉਸ ਦਾ ਠਿਕਾਣਾ ਪਤਾ ਲਗਾ ਕੇ ਕੇਂਦਰੀ ਏਜੰਸੀਆਂ ਦੇ ਸਹਿਯੋਗ
ਨਾਲ ਉਸ ਨੂੰ ਥਾਈਲੈਂਡ ਵਿਚ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਉਸ ਨੂੰ ਅੱਜ ਥਾਈਂ
ਅਧਿਕਾਰੀਆਂ ਦੇ ਸਹਿਯੋਗ ਨਾਲ ਥਾਈਲੈਂਡ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਤੇ ਦਿੱਲੀ ਹਵਾਈ
ਅੱਡੇ 'ਤੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਮਿੰਟੂ ਅਤੇ ਗੁਰਪ੍ਰੀਤ ਸਿੰਘ ਦੀ ਇਹ ਗ੍ਰਿਫਤਾਰੀ
ਉਦੋਂ ਹੋਈ ਹੈ, ਜਦੋਂ ਪੰਜਾਬ ਪੁਲਿਸ ਨੇ ਦੋ ਹੋਰ ਚੋਟੀ ਦੇ ਦਹਿਸ਼ਤਗਰਦਾਂ ਰਤਨਦੀਪ ਸਿੰਘ
ਮੁਖੀ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਨੂੰ ਯੂਪੀ ਵਿਚ ਗੋਰਖਪੁਰ ਤੋਂ ਅਤੇ
ਰੁਲਦਾ ਸਿੰਘ ਕਤਲ ਕੇਸ ਵਿਚ ਲੋੜੀਂਦੇ ਖਾਲਿਸਤਾਨ ਟਾਈਗਰ ਫੋਰਸ ਦੇ ਰਮਨਦੀਪ ਸਿੰਘ ਗੋਲਡੀ
ਨੂੰ ਚੇਨਈ ਤੋਂ ਗ੍ਰਿਫਤਾਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਾਉਂਟਰ
ਇੰਟੈਲੀਜੈਂਸ ਵਿੰਗ ਵੱਲੋਂ ਵਿਦੇਸ਼ਾਂ ਵਿਚ ਲੁਕੇ ਹੋਏ ਲੋੜੀਂਦੇ ਦਹਿਸ਼ਤਗਰਦਾਂ ਦਾ ਪਤਾ
ਲਗਾ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਇਸ ਪ੍ਰਕਿਰਿਆ ਦੌਰਾਨ ਹਰਮਿੰਦਰ ਸਿੰਘ ਉਰਫ ਮਿੰਟੂ
ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਠਿਕਾਣਿਆਂ ਬਾਰੇ ਪਤਾ ਲੱਗਾ ਸੀ ਤੇ ਕੇਂਦਰੀ
ਏਜੰਸੀਆਂ ਤੋਂ ਇਸ ਬਾਰੇ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ
'ਤੇ ਤੁਰੰਤ ਇੰਟੈਲੀਜੈਂਸ ਆਧਾਰਿਤ ਅਪਰੇਸ਼ਨ ਸ਼ੁਰੂ ਕੀਤਾ ਤੇ ਦੋ ਪੁਲਿਸ ਅਧਿਕਾਰੀਆਂ
ਜਿਹਨਾਂ 'ਚ ਰਾਜਿੰਦਰ ਸਿੰਘ ਸੋਹਲ ਡੀਐਸਪੀ ਰਾਜਪੁਰਾ ਤੇ ਇੰਸਪੈਕਟਰ ਮਨਦੀਪ ਸਿੰਘ
ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਥਾਈਲੈਂਡ ਰਵਾਨਾ ਕੀਤਾ ਜਿਥੇ ਉਹ 19 ਸਤੰਬਰ ਤੋਂ 11
ਅਕਤੂਬਰ ਤੱਕ ਤਕਰੀਬਨ ਤਿੰਨ ਹਫਤਿਆਂ ਤੱਕ ਰਹੇ ਅਤੇ ਥਾਈਲੈਂਡ ਦੇ ਅਧਿਕਾਰੀਆਂ ਤੇ ਕੇਂਦਰੀ
ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ। ਤੁਰੰਤ ਇਹ ਸਾਹਮਣੇ ਆਇਆ ਕਿ ਹਰਮਿੰਦਰ ਸਿੰਘ ਉਰਫ
ਮਿੰਟੂ ਵੱਲੋਂ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਦੇ ਨਾਂ ਮਲੇਸ਼ੀਆ ਦਾ ਜਾਅਲੀ ਪਾਸਪੋਰਟ
ਵਰਤਿਆ ਜਾ ਰਿਹਾ ਹੈ ਜਿਸਦਾ ਨੰਬਰ ਏ 22967013 ਜੋ ਕਿ ਇਪੋਹ ਮਲੇਸ਼ੀਆ ਵਿਚ ਜਾਰੀ ਹੋਇਆ
ਤੇ 8 ਸਤੰਬਰ 2015 ਤੱਕ ਵੈਧ ਸੀ ਅਤੇ ਉਸ ਕੋਲ ਇਕ ਮਲੇਸ਼ੀਆ ਦਾ ਜਾਅਲੀ ਸ਼ਨਾਖਤੀ ਕਾਰਡ
ਨੰਬਰ 610320086949 ਵੀ ਸੀ।
ਉਨ੍ਹਾਂ ਕਿਹਾ ਕਿ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ
ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਪੈੜ ਨੱਪਣ ਦਾ ਸਮੁੱਚਾ ਅਪਰੇਸ਼ਨ ਗੌਰਵ ਯਾਦਵ ਆਈਜੀ
ਕਾਉਂਟਰ ਇੰਟੈਲੀਜੈਂਸ ਤੇ ਅਨੰਨਿਆ ਗੌਤਮ ਡੀਆਈਜੀ ਕਾਉਂਟਰ ਇੰਟੈਲੀਜੈਂਸ ਵੱਲੋਂ ਅੰਜਾਮ
ਦਿੱਤਾ ਗਿਆ ਅਤੇ ਇਹ ਗ੍ਰਿਫਤਾਰੀਆਂ ਨਰਿੰਦਰ ਭਾਰਗਵ ਐਸਐਸਪੀ ਜਲੰਧਰ ਦਿਹਾਤੀ ਦੀ ਅਗਵਾਈ
ਹੇਠ ਪੁਲਿਸ ਪਾਰਟੀ ਵੱਲੋਂ ਕੀਤੀਆ ਗਈਆਂ ਜਿਸ ਵਿਚ ਜਲੰਧਰ ਦਿਹਾਤੀ, ਗੁਰਦਾਸਪੁਰ ਅਤੇ
ਕਾਉਂਟਰ ਇੰਟੈਲੀਜੈਂਸ ਵਿੰਗ ਦੇ ਪੁਲਿਸ ਅਫਸਰ ਸ਼ਾਮਲ ਸਨ।