ਕੁੱਲ ਹਿੰਦ ਸਿੱਖਿਆ ਸੰਘਰਸ਼ ਯਾਤਰਾ ਪੰਜਾਬ ਵਿੱਚ ਦਾਖਲ
Posted on:- 07-11-2014
ਬਰਨਾਲਾ: ਨਵੰਬਰ ਮਹੀਨੇ ਪੂਰੇ ਭਾਰਤ ਦੇ ਚਾਰਾਂ ਕੋਨਿਆਂ ਤੋਂ ਸ਼ੁਰੂ ਹੋਈ ‘ਸਿੱਖਿਆ ਸੰਘਰਸ਼ ਯਾਤਰਾ-2014’ ਦਾ ਉੱਤਰੀ ਜੋਨਲ ਜੱਥਾ ਕੇਂਦਰੀ ਕਮੇਟੀ ਦੇ ਅਗੂ ਮੈਡਮ ਮਧੂ ਪ੍ਰਸ਼ਾਦ ਦੀ ਅਗਵਾਈ ਹੇਠ ਅੱਜ ਜੰਮੂ ਤੋਂ ਪਠਾਨਕੋਟ ਰਾਹੀਂ ਪੰਜਾਬ ਵਿਚ ਦਾਖਲ ਹੋ ਚੁੱਕਾ ਹੈ। ਪ੍ਰੋ. ਜਗਮੋਹਨ ਸਿੰਘ, ਕੰਵਲਜੀਤ ਖੰਨਾ, ਭੁਪਿੰਦਰ ਵੜੈਚ, ਅਮਰਜੀਤ ਤੇ ਸੂਬਾ ਕਮੇਟੀ ਦੇ ਹੋਰ ਆਗੂਆਂ ਨੇ ਯਾਤਰਾ ਨੂੰ ਪੰਜਾਬ ‘ਚ ਜੀ ਆਇਆਂ ਆਖਿਆ। ਅੱਜ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਵਾਲੇ ਦਿਨ ਸ਼ੁਰੂ ਹੋਈ ਇਹ ਯਾਤਰਾ ਪੰਜਾਬ ਅੰਦਰ 6 ਨਵੰਬਰ ਤੋਂ 16 ਨਵੰਬਰ ਤੱਕ ਵਿੱਦਿਆ ਦਾ ਚਾਨਣ ਵੰਡੇਗੀ। ਯਾਤਰਾ ਦੇ ਪਹਿਲੇ ਦਿਨ ਗੁਰਦਾਸਪੁਰ ਜਿਲ੍ਹੇ ਦੇ ਬਹਿਰਾਮਪੁਰ, ਪਨਿਆੜ, ਦੀਨਾਨਗਰ ਤੇ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਦੇ ਵੱਡੇ ਇਕੱਠਾ ਨੂੰ ਸੰਬੋਧਨ ਕੀਤਾ ਜਾਵੇਗਾ।
ਇਹ ਯਾਤਰਾ ਪੰਜਾਬ ਦੇ ਗੁਰਦਾਸਪੁਰ, ਅੰਮਿ੍ਰਤਸਰ, ਜਲੰਧਰ, ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਤੋਂ ਸਿਰਸਾ ਹੁੰਦੀ ਹੋਈ ਹਰਿਆਣਾ ‘ਚ ਦਾਖਲ ਹੋਵੇਗੀ। ਇਹ ਯਾਤਰਾ 10 ਨਵੰਬਰ ਨੂੰ ਬਰਨਾਲਾ ਜਿਲ੍ਹੇ ਵਿਚ ਦਾਖਲ ਹੋਵੇਗੀ। ਦੱਦਾਹੂਰ ਦੇ ਪੁਲ ਤੋਂ ਦਾਖਲ ਹੋ ਕੇ ਯਾਤਰਾ ਦੇ ਕੇਂਦਰੀ ਕਮੇਟੀ ਆਗੂ ਕਲਾਲਮਾਜਰਾ, ਛੀਨੀਵਾਲ ਕਲਾਂ, ਐਸ ਡੀ ਕਾਲਜ, ਸੁਖਪੁਰਾ ਤੇ ਢਿਲਵਾਂ ਵਿਖੇ ਇਲਾਕਾ ਪੱਧਰੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਨਗੇ। ਵੱਖ-ਵੱਖ ਜਿਲ੍ਹਿਆਂ ਦੀਆਂ ਵਿਦਿਅਕ ਸੰਸਥਾਵਾਂ, ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੱਕ ਇਹ ਯਾਤਰਾ ਸਭ ਲਈ ਮੁਫਤ, ਬਰਾਬਰ, ਮਿਆਰੀ ਤੇ ਵਿਗਿਆਨਕ ਸਿੱਖਿਆ ਦਾ ਸੁਨੇਹਾ ਘਰ-ਘਰ ਤੱਕ ਪੁੱਜਦਾ ਕਰੇਗੀ।
ਇਸ ਯਾਤਰਾ ਦੇ ਮਨੋਰਥ ਬਾਰੇ ਦੱਸਦਿਆਂ ਮੈਡਮ ਮਧੂਪ੍ਰਸ਼ਾਦ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਉਪਰ ਵਿਸ਼ਵ ਬੈਂਕ ਤੇ ਕੌਮਾਤਰੀ ਮੁਦਰਾ ਕੋਸ਼ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਸਮੇਤ ਦੇਸੀ ਕਾਰਪੋਰੇਟ ਘਰਾਣਿਆਂ ਨੇ ਹਮਲਾ ਵਿੱਢਿਆ ਹੋਇਆ ਹੈ। ਨਵਉਦਾਰਵਾਦੀ ਨੀਤੀਆਂ ਤਹਿਤ ਥੋਕ ਰੂਪ ‘ਚ ਸਿੱਖਿਆ ਦਾ ਬਜਾਰੀਕਰਨ/ਵਪਾਰੀਕਰਨ ਕੀਤਾ ਜਾ ਰਿਹਾ ਹੈ। ਵਿੱਦਿਆ ਦਾ ਉਦੇਸ਼ ਗਿਆਨ ਦੇਣ ਦੀ ਬਜਾਏ ਮੁਨਾਫਾ ਕਮਾਉਣਾ ਬਣਾਇਆ ਜਾ ਰਹਿਆ ਹੈ। ਦੇਸ਼ ਦੇ ਵਿਦਿਅਕ ਪ੍ਰਬੰਧ ਨੂੰ ਫਿਰਕੂ ਲੀਹਾਂ ਤੇ ਢਾਲਿਆ ਜਾ ਰਿਹਾ ਹੈ। ਦੇਸ਼ ਅੰਦਰ ਸਭ ਲਈ ਮੁਫਤ, ਲਾਜਮੀ ਤੇ ਬਰਾਬਰ ਸਿੱਖਿਆ ਦੇ ਸੰਵਿਧਾਨਕ ਹੱਕ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ। ਅਜਿਹੇ ਸਮੇਂ ਵਿੱਦਿਆ ਤੇ ਵਿਦਿਅਕ ਪ੍ਰਬੰਧ ਪ੍ਰਤੀ ਫਿਕਰਮੰਦ ਲੋਕਾਂ ਨੂੰ ‘ਸਮਾਨ ਸਕੂਲ ਪ੍ਰਬੰਧ’ ਦੇ ਨਿਰਮਾਣ ਲਈ ਇਸ ਸਿੱਖਿਆ ਸੰਘਰਸ਼ ਯਾਤਰਾ ਅਤੇ 4 ਦਸੰਬਰ ਨੂੰ ਭੂਪਾਲ ਵਿਖੇ ਹੋ ਰਹੀ ਦੇਸ਼ ਪੱਧਰੀ ‘ਸਿੱੱਖਿਆ ਰੈਲੀ’ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਸਮੇਂ ਨਰਾਇਣ ਦੱਤ, ਰਾਜੀਵ ਕੁਮਾਰ, ਗੁਰਮੀਤ ਸੁਖਪੁਰ, ਗੁਰਮੇਲ ਭੁਟਾਲ, ਹੇਮਰਾਜ ਸਟੈਨੋ, ਨਵਕਿਰਨ ਪੱਤੀ, ਸਿਮਰਜੀਤ ਸੇਖਾ, ਮਨਦੀਪ, ਗੁਰਮੇਲ ਠੁਲੀਵਾਲ ਤੇ ਹੋਰ ਸੂਬਾ ਕਮੇਟੀ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ‘ਚ ਇਸ ਯਾਤਰਾ ਦਾ ਸੁਨੇਹਾ ਲਿਜਾਣ ਲਈ ਜਿਲ੍ਹਾ ਕਮੇਟੀਆਂ ਬਣਾਕੇ ਥਾਂ-ਥਾਂ ਸੈਮੀਨਾਰ, ਮੀਟਿੰਗਾਂ, ਰੈਲੀਆਂ ਤੇ ਨੁਕੜ ਨਾਟਕ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਸਿੱਖਿਆ ਖੇਤਰ ਨੂੰ ਨਵਉਦਾਰਵਾਦੀ ਹਮਲਿਆਂ ਤੋਂ ਬਚਾਉਣ ਲਈ ਪੰਜਾਬ ਭਰ ‘ਚੋਂ ਦਸਤਖਤੀ ਮੁਹਿੰਮ ਚਲਾਕੇ ਲੱਖਾਂ ਲੋਕਾਂ ਦਸਤਖਤ ਕਰਵਾਕੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ।