ਕਾਲੇ ਧਨ ਦੀ ਪਾਈ-ਪਾਈ ਵਾਪਸ ਲਿਆਂਦੀ ਜਾਵੇਗੀ : ਮੋਦੀ
Posted on:- 02-11-2014
ਕਿਹਾ, ਇਹ ਨਹੀਂ ਪਤਾ ਕਿ ਪੈਸਾ ਹੈ ਕਿੰਨਾ
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਅੱਜ ਦੂਜੀ ਵਾਰ ਰੇਡੀਓ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਆਪਣੇ
ਮਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਦੀ ਮਨ ਦੀ ਗੱਲ ਦਾ ਪ੍ਰਸਾਰਨ ਆਕਾਸ਼ਬਾਣੀ ਅਤੇ ਹੋਰ
ਰੇਡੀਓ ਚੈਨਲਾਂ 'ਤੇ 11 ਵਜੇ ਕੀਤਾ ਗਿਆ।ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਦੇਸ਼
ਵਿੱਚ ਵਾਪਸ ਲਿਆਉਣ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ
ਬਾਹਰ ਗਏ ਧਨ ਦੀ ਪਾਈ-ਪਾਈ ਵਾਪਸ ਲਿਆਂਦੀ ਜਾਵੇਗੀ ਅਤੇ ਉਹ ਇਸ ਦਿਸ਼ਾ ਵਿੱਚ ਸਹੀ ਰਸਤੇ
'ਤੇ ਅੱਗੇ ਵਧ ਰਹੇ ਹਨ।
ਮੋਦੀ ਨੇ ਕਿਹਾ ਕਿ ਭਾਰਤ ਦੇ ਗਰੀਬ ਦਾ ਪੈਸਾ ਜੋ ਬਾਹਰ ਗਿਆ
ਹੈ, ਉਹ ਪਾਈ ਪਾਈ ਵਾਪਸ ਆਵੇਗਾ। ਉਨ੍ਹਾਂ ਕਿਹਾ ਕਿ ਮੈਂ ਸੱਚੀ ਮਨ ਦੀ ਗੱਲ ਕਰਨਾ
ਚਾਹੁੰਦਾ ਹਾਂ। ਇਹ ਮੇਰੇ ਮਨ ਦੀ ਗੱਲ ਹੈ, ਮੇਰੀ ਜਿੰਨੀ ਸਮਝ ਹੈ, ਮੈਂ ਇਸ ਬਾਰੇ ਵਿੱਚ
ਸਹੀ ਰਸਤੇ 'ਤੇ ਹਾਂ। ਮੋਦੀ ਨੇ ਕਿਹਾ ਕਿ ਕਾਲਾ ਧਨ ਕਿੰਨਾ ਹੈ, ਇਸ ਦੇ ਬਾਰੇ ਵਿੱਚ
ਮੈਨੂੰ ਪਤਾ ਨਹੀਂ। ਨਾ ਸਰਕਾਰ ਨੂੰ ਪਤਾ ਹੈ, ਕਿਸੇ ਨੂੰ ਪਤਾ ਨਹੀਂ। ਪਿਛਲੀ ਸਰਕਾਰ ਨੂੰ
ਵੀ ਇਸ ਦੀ ਜਾਣਕਾਰੀ ਨਹੀਂ ਸੀ। ਮੈਂ ਅੰਕੜਿਆਂ ਵਿੱਚ ਨਹੀਂ ਉਲਝਣਾ ਚਾਹੁੰਦਾ।
ਪ੍ਰਧਾਨ
ਮੰਤਰੀ ਨੇ ਕਿਹਾ ਕਿ ਮੇਰੇ ਯਤਨਾਂ ਵਿੱਚ ਕੋਈ ਕਮੀ ਨਹੀਂ ਹੋਵੇਗੀ ਅਤੇ ਕੋਈ ਕੁਤਾਹੀ
ਨਹੀਂ ਵਰਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਦੀ ਮੁਹਿੰਮ ਦੀ ਸਫ਼ਲਤਾ ਦਾ ਜ਼ਿਕਰ
ਕਰਦੇ ਹੋਏ ਕਿਹਾ ਕਿ ਲੋਕਾਂ ਵਿੱਚ ਹੁਣ ਬਦਲਾਅ ਆ ਰਿਹਾ ਹੈ। ਲੋਕ ਹੁਣ ਜ਼ਿਆਦਾ ਜ਼ਿੰਮੇਵਾਰੀ
ਦੀ ਗੱਲ ਕਰਦੇ ਹਨ, ਉਹ ਰੇਲ ਗੱਡੀਆਂ ਵਿੱਚ ਵੀ ਸਫ਼ਾਈ ਵੱਲ ਧਿਆਨ ਦੇ ਰਹੇ ਹਨ। ਯਾਤਰੀ
ਹੁਣ ਗੰਦਗੀ ਨਹੀਂ ਵਿਖੇਰਦੇ। ਇਸ ਸਫ਼ਾਈ ਅਭਿਆਨ ਨਾਲ ਗਰੀਬਾਂ ਦਾ ਜ਼ਿਆਦਾ ਭਲਾ ਹੋਵੇਗਾ,
ਕਿਉਂਕਿ ਸਫ਼ਾਈ ਨਾਲ ਬਿਮਾਰੀ ਨਹੀਂ ਫੈਲੇਗੀ। ਮੋਦੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ 'ਤੇ
ਧਿਆਨ ਦੇਣ ਨਾਲ ਗਰੀਬਾਂ ਨੂੰ ਜ਼ਿਆਦਾ ਲਾਭ ਮਿਲੇਗਾ।
ਜ਼ਿਕਰਯੋਗ ਹੈ ਕਿ 2 ਅਕਤੂਬਰ ਤੋਂ
ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ
ਕਿ ਖਾਦੀ ਦੀ ਵਿਕਰੀ 125 ਫੀਸਦੀ ਤੱਕ ਵਧੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੀ ਵਾਰ
ਲੋਕਾਂ ਨੂੰ ਖਾਦੀ ਦੀਆਂ ਵਸਤਾਂ ਖਰੀਦਣ ਲਈ ਕਿਹਾ ਸੀ।
ਪ੍ਰਧਾਨ ਮੰਤਰੀ ਨੇ ਮਨ ਦੀ
ਗੱਲ ਕਰਨ ਦਾ ਸਿਲਸਿਲਾ ਪਿਛਲੇ 3 ਅਕਤੂਬਰ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ
ਗੱਲਬਾਤ ਦੀ ਇਹ ਲੜੀ ਅੱਗੇ ਵੀ ਜਾਰੀ ਰਹੇਗੀ ਅਤੇ ਹਰ ਮਹੀਨੇ ਇਸ ਲਈ ਸਮਾਂ ਕੱਢਣ ਦੀ
ਕੋਸ਼ਿਸ਼ ਕਰਾਂਗੇ। ਸਫ਼ਾਈ ਮੁਹਿੰਮ ਚਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ
ਨੌਜਵਾਨਾਂ ਤੋਂ ਨਸ਼ੇ ਅਤੇ ਡਰੱਗ ਪਦਾਰਥਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਨਗੇ। ਮੋਦੀ ਨੇ
ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਬਹੁਤ ਤੇਜ਼ੀ ਨਾਲ ਨਸ਼ੇ ਦੀ ਆਦਿ
ਹੁੰਦੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਾਵਾਂ, ਭੈਣਾ ਅਤੇ ਡਾਕਟਰ ਇਸ
ਵਿਸ਼ੇ 'ਤੇ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਮੈਂ ਖ਼ੁਦ ਵੀ ਇਸ ਵਿਸ਼ੇ 'ਤੇ ਆਪਣੀਆਂ
ਭਾਵਨਾਵਾਂ ਪ੍ਰਗਟ ਕਰਦਾ ਹਾਂ। ਨਸ਼ਾਖੋਰੀ, ਡਰੱਗਜ਼ ਅਤੇ ਡਰੱਗਜ਼ ਮਾਫ਼ੀਆ ਕਾਰਨ ਨੌਜਵਾਨਾਂ
'ਤੇ ਕਿੰਨਾ ਵੱਡਾ ਸੰਕਟ ਆ ਸਕਦਾ ਹੈ, ਅਸੀਂ ਸਾਰੇ ਮਿਲ ਕੇ ਇੱਕ ਪਰਿਵਾਰ ਵਰਗਾ ਮਾਹੌਲ
ਬਣਾਵਾਂਗੇ ਤਾਂ ਕਿ ਨਸ਼ਿਆਂ ਦੀ ਲੱਤ ਤੋਂ ਨੌਜਵਾਨਾਂ ਨੂੰ ਰੋਕਿਆ ਜਾਵੇ।
ਨਰਿੰਦਰ
ਮੋਦੀਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਇੰਟਰਨੈਟ ਅਤੇ ਸੋਸ਼ਲ ਮੀਡੀਆ ਤੱਕ ਪਹੁੰਚ ਨਹੀਂ
ਹੈ, ਉਹ ਵੱਖ-ਵੱਖ ਮੁੱਦਿਆਂ 'ਤੇ ਆਪਣੇ ਸੁਝਾਅ ਚਿੱਠੀ ਵਿੱਚ ਲਿਖ ਸਕਦੇ ਹਨ। ਪ੍ਰਧਾਨ
ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਕਈ ਲੋਕਾਂ ਕੋਲ
ਈਮੇਲ, ਫੇਸਬੁਕ, ਟਵੀਟਰ ਅਤੇ ਹੋਰ ਸੋਸ਼ਲ ਨੈਟਵਰਕਿੰਗ ਸਾਇਟਾਂ ਦੀ ਸਹੂਲਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਲਿਖੀਆਂ ਚਿੱਠੀਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।