ਨਵੰਬਰ 1984 ਦੀ ਸਿੱਖ ਕਤਲੇਆਮ ਯਾਦਗਾਰ ਸ਼ਹੀਦਾਂ ਤੇ ਪੀੜਤਾਂ ਨੂੰ ਸ਼ਰਧਾਂਜਲੀ ਹੋਵੇਗੀ : ਬਾਦਲ
Posted on:- 01-11-2014
ਚੰਡੀਗੜ੍ਹ : ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1984 ਦੇ ਸਿੱਖ ਕਤਲੇਆਮ ਨੂੰ 'ਚੌਥਾ
ਘੱਲੂਘਾਰਾ' ਕਰਾਰ ਦਿੰਦਿਆਂ ਅੱਜ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
(ਡੀ.ਐਸ.ਜੀ.ਐਮ.ਸੀ.) ਵੱਲੋਂ ਬਣਾਈ ਜਾ ਰਹੀ '1984 ਸਿੱਖ ਕਤਲੇਆਮ ਯਾਦਗਾਰ' ਇਸ
ਵਹਿਸ਼ੀਆਨਾ ਘਟਨਾ ਦੇ ਦੁਖਦਾਇਕ ਇਤਿਹਾਸ ਨੂੰ ਆਉਂਦੀਆਂ ਪੀੜੀਆਂ ਲਈ ਮੂਰਤੀਮਾਨ ਕਰੇਗੀ।
ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਸ ਯਾਦਗਾਰ ਦੇ ਨਿਰਮਾਣ ਕਾਰਜ ਲਈ ਟੱਕ ਲਾਉਣ ਦੀ
ਸ਼ੁਰੂਆਤ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ 'ਚ ਮੁੱਖ ਮੰਤਰੀ ਨੇ ਆਖਿਆ ਕਿ ਸਿੱਖਾਂ
ਦੀ ਨਸਲਕੁਸ਼ੀ ਵਿੱਚ ਸ਼ਾਮਲ ਇਕ-ਇਕ ਦੋਸ਼ੀ ਖਿਲਾਫ਼ ਕਾਰਵਾਈ ਹੋਣ ਤੱਕ ਸ਼੍ਰੋਮਣੀ ਅਕਾਲੀ ਦਲ
ਆਪਣੀ ਜਦੋ-ਜਹਿਦ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਸਿੱਖਾਂ ਨੇ ਚਾਰ
ਘੱਲੂਘਾਰੇ ਹੰਢਾਏ ਹਨ ਜਿਨ੍ਹਾਂ 'ਚੋਂ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਮੁਗਲ ਰਾਜ
ਸਮੇਂ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਹੀ ਅਣਕਿਆਸਿਆ ਹੈ ਕਿ ਦੋ ਘੱਲੂਘਾਰੇ ਆਜ਼ਾਦ
ਮੁਲਕ ਦੀ ਹਕੂਮਤ ਦੌਰਾਨ ਵਾਪਰੇ ਜਿਨ੍ਹਾਂ 'ਚੋਂ ਪਹਿਲਾ ਸ੍ਰੀ ਹਰਿਮੰਦਰ ਸਾਹਿਬ ਵਿੱਚ
ਸਾਕਾ ਨੀਲਾ ਤਾਰਾ ਅਤੇ ਦੂਜਾ ਸਾਲ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ
ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਾਪਰਿਆ ਜਿਸ
ਵਿੱਚ 5000 ਨਿਰਦੋਸ਼ ਸਿੱਖ ਇਕੱਲੇ ਦਿੱਲੀ ਵਿੱਚ ਜਦਕਿ 10000 ਤੋਂ ਵੱਧ ਸਿੱਖ ਪੂਰੇ ਮੁਲਕ
ਵਿੱਚ ਮਾਰੇ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸ਼ਹੀਦਾਂ ਦੀ ਯਾਦ ਵਿੱਚ
ਸ਼ਰਧਾਂਜਲੀ ਦੇਣ ਅਤੇ ਹੋਰ ਪੀੜਤਾਂ ਦੀ ਬਹਾਦਰੀ ਨੂੰ ਸਿਜਦਾ ਹੋਵੇਗੀ ਜਿਨ੍ਹਾਂ ਨੇ ਇਸ
ਘਿਨਾਉਣੇ ਕਾਂਡ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਅਤੇ ਰੋਜ਼ੀ ਰੋਟੀ ਦੇ ਵਸੀਲਿਆਂ ਤੋਂ
ਵਿਰਵੇ ਹੋ ਗਏ। ਸ. ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ
ਹਨ, ਉਨ੍ਹਾਂ ਨੂੰ ਇਤਿਹਾਸ ਵਿਸਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰਕ ਆਉਣ ਵਾਲੇ
ਸ਼ਾਸਕਾਂ ਨੂੰ ਹਮੇਸ਼ਾ ਯਾਦ ਕਰਵਾਉਂਦਾ ਰਹੇਗਾ ਕਿ ਅਸੱਭਿਅਕ ਕੰਮਾਂ ਨੂੰ ਸਮਾਜ ਹਮੇਸ਼ਾ
ਨਿੰਦਦਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ' ਆਪਣੇ ਦਿਲਾਂ ਵਿੱਚ ਨਿਮਰਤਾ
ਅਤੇ ਪੰਜਾਬ ਸਮੇਤ ਹਰ ਪਾਸੇ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਰਹਿਣ ਦੀ ਅਰਦਾਸ'
ਕਰਦਿਆਂ ਉਸਾਰੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਤਲੇਆਮ ਦੇ ਸ਼ਹੀਦਾਂ ਨੂੰ
ਸਾਡੀ ਸ਼ਰਾਂਧਜਲੀ ਇਹੀ ਹੋਵੇਗੀ ਕਿ ਅਸੀਂ ਆਪਣੇ ਮੁਲਕ ਵਿੱਚ ਅਮਨ-ਸ਼ਾਂਤੀ ਤੇ ਫਿਰਕੂ
ਸਦਭਾਵਨਾ ਨੂੰ ਕਾਇਮ ਰੱਖੀਏ ਕਿਉਂਕਿ ਕਾਂਗਰਸ ਦੇ ਸਾਜ਼ਿਸ਼ਕਾਰਾਂ ਵੱਲੋਂ ਅਮਨ ਤੇ ਸਦਭਾਵਨਾ
ਨੂੰ ਢਾਹ ਲਾਉਣ ਕਰਕੇ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ
ਕਿਹਾ ਕਿ ਅੱਜ ਦਾ ਦਿਨ ਨਾ ਸਿਰਫ ਖਾਲਸਾ ਪੰਥ ਲਈ ਸਗੋਂ ਸਮੁੱਚੇ ਮੁਲਕ ਤੇ ਵਿਸ਼ਵ ਦੇ ਸਾਰੇ
ਸੱਭਿਅਕ ਲੋਕਾਂ ਲਈ ਇਤਿਹਾਸਕ ਦਿਨ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮੌਕੇ
ਇਕੱਤਰ ਸੰਗਤ ਦੇਸ਼ ਵਿੱਚ ਅਮਨ-ਅਮਾਨ ਤੇ ਫਿਰਕੂ ਸਦਭਾਵਨਾ ਬਰਕਰਾਰ ਰੱਖਣ ਦੀ ਅਰਦਾਸ ਕਰੇ।
ਸਾਲ 1984 ਦੇ ਸਿੱਖ ਕਤਲੇਆਮ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਾਸਦੀ
ਦਾ ਸਭ ਤੋਂ ਦੁਖਦਾਇਕ ਪੱਖ ਇਹ ਹੈ ਕਿ ਇਹ ਘਟਨਾ ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ
ਹਿੱਸਿਆਂ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰੀ ਪੱਧਰ 'ਤੇ ਪੀੜਤਾਂ ਦੀ
ਗਿਣਤੀ ਜਾਣ-ਬੁੱਝ ਕੇ ਘੱਟ ਦਰਸਾਈ ਗਈ ਹੈ ਪਰ ਕਾਂਗਰਸ ਨੇਤਾਵਾਂ ਵੱਲੋਂ ਪਾਰਟੀ ਦੀ 'ਖੂਨ
ਕਾ ਬਦਲਾ ਖੂਨ' ਨੀਤੀ ਤਹਿਤ ਸਾਜ਼ਿਸ਼ ਘੜ ਕੇ ਭੋਲੇ-ਭਾਲੇ ਨਿਹੱਥੇ ਸਿੱਖ ਬਜ਼ੁਰਗਾਂ, ਬੀਬੀਆਂ
ਅਤੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ। ਸ. ਬਾਦਲ ਨੇ ਕਿਹਾ ਕਿ ਇਹ ਨਾਅਰੇ 31 ਅਕਤੂਬਰ
ਤੇ ਇਕ ਨਵੰਬਰ, 1984 ਨੂੰ ਕੌਮੀ ਟੈਲੀਵੀਜ਼ਨ 'ਤੇ ਗੂੰਜਦੇ ਰਹੇ।