ਸਿੱਖਿਆ ਸੰਘਰਸ਼ ਯਾਤਰਾ ਸਬੰਧੀ ਵਿਉਂਤਬੰਦੀ ਉਲੀਕੀ
Posted on:- 01-11-2014
ਬਰਨਾਲਾ: ਸਰਬ ਭਾਰਤ ਸਿੱਖਿਆ ਅਧਿਕਾਰ ਮੰਚ ਵੱਲੋਂ 4 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸਿੱਖਿਆ ਸੰਘਰਸ਼ ਯਾਤਰਾ ਨੂੰ ਸਫਲ ਬਨਾਉਣ ਸਬੰਧੀ ਬਰਨਾਲਾ ਜ਼ਿਲ੍ਹੇ ਦੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਤ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਸੂਬਾ ਕੋਆਰਡੀਨੇਸ਼ਨ ਕਮੇਟੀ ਮੈਂਬਰਾਂ ਨਰਾਇਣ ਦੱਤ,ਮਨਦੀਪ ਸੱਦੋਵਾਲ ਅਤੇ ਹੇਮ ਰਾਜ ਸਟੈਨੋ ਨੇ ਦੱਸਿਆ ਕਿ ਮੰਚ ਵੱਲੋਂ ਤਿੰਨ ਵਿਸ਼ਿਆਂ ਸਿੱਖਿਆ ਦਾ ਬਜ਼ਾਰੀਕਰਨ/ ਵਪਾਰੀਕਰਨ, ਸਿੱਖਿਆ ਦਾ ਭਗਵਾਂਕਰਨ ਅਤੇ ਸਭਨਾਂ ਲਈ ਸਮਾਨ ਸਿੱਖਿਆ ਨੂੰ ਲੈਕੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ’ਚ ਸਿੱਖਿਆ ਸੰਘਰਸ਼ ਯਾਤਰਾ 6 ਨਵੰਬਰ ਪਠਾਨਕੋਟ ਤੋਂ ਸ਼ੁਰੂ ਹੋਵੇਗੀ ਅਤੇ 10 ਨਵੰਬਰ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਪੂਰਾ ਦਿਨ ਸਕੂਲਾਂ, ਕਾਲਜਾਂ ਅਤੇ ਹੋਰਨਾਂ ਥਾਵਾਂ ਉੱਪਰ ਕਿਰਤੀ ਲੋਕਾਂ ਨੂੰ ਮੁਖਾਤਿਬ ਹੋਵੇਗੀ।
ਪੂਰੀ ਯਾਤਰਾ ਖਾਸ ਕਰ ਬਰਨਾਲਾ ਜ਼ਿਲ੍ਹੇ ਦੀ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਉਣ ਵਿਸ਼ਾਲ ਲੋਕਾਈ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਰੱਖੀ ਗਈ ਮੀਟਿੰਗ ਵਿੱਚ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਨਵੀਨਰ ਗੁਰਮੇਲ ਸਿੰਘ ਠੁੱਲੀਵਾਲ ਕੋ ਕਨਵੀਨਰ ਗੁਰਮੇਲ ਭੁਟਾਲ ਨੇ ਦੱਸਿਆ ਕਿ 10 ਨਵੰਬਰ ਨੂੰ ਸਵੇਰ 8 ਵਜੇ ਦੱਧਾਹੂਰ ਨਹਿਰ ਦੇ ਪੁਲ ਤੇ ਬਰਨਾਲਾ ਜਿਲ੍ਹੇ ਵੱਲੋਂ ਸਿੱਖਿਆ ਸੰਘਰਸ਼ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਇਹ ਯਾਤਰਾ ਕਲਾਲਮਾਜਰਾ ਛੀਨੀਵਾਲਕਲਾਂ ਬਰਨਾਲਾ ਸੁਖਪੁਰਾ ਆਦਿ ਥਾਵਾਂ ਰਾਹੀਂ ਗੁਜਰਦੀ ਹੋਈ ਰਾਤ ਨੂੰ ਇਤਿਹਾਸਕ ਪਿੰਢ ਢਿੱਲਵਾਂ ਵਿਖੇ ਠਹਿਰਾਉ ਕਰੇਗੀ ਜਿੱਥੇ ਲੋਕ ਪੱਖੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
11 ਨਵੰਬਰ ਨੂੰ ਸਵੇਰ ਵੱਲੇ ਇਹ ਯਾਤਰਾ ਬਠਿੰਡਾ ਜਿਲ੍ਹੇ ਲਈ ਰਵਾਨਾ ਹੋਵੇਗੀ। ਇਸ ਸੰਘਰਸ਼ ਯਾਤਰਾ’ਚ ਵਰਿਦਰ ਦੀਵਾਨਾ ਸਿਮਰਜੀਤ ਸੇਖਾ ਰਜਿੰਦਰ ਪਾਲ ਹਰਚਰਨ ਚਹਿਲ ਨਵਕਿਰਨ ਪੱਤੀ ਰਾਜੀਵ ਕੁਮਾਰ ਗੁਰਮੀਤ ਸੁਖਪੁਰ ਪਰਮਜੀਤ ਸਿੰਘ ਕੱਟੂ ਸੁਖਦੀਪ ਤਪਾ ਕੁਲਦੀਪ ਸੰਘੇੜਾ ਜਗਦੀਪ ਭਦੌੜ ਬਲਜੀਤ ਛੰਨਾਂ ਬਲਵੰਤ ਉੱਪਲੀ ਗੁਲਵੰਤ ਸਿੰਘ ਬਰਨਾਲਾ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ/ਵਰਕਰ ਲੇਖਕ ਬੁਧੀਜੀਵੀ ਸ਼ਾਮਲ ਹੋਣਗੇ। ਕਮੇਟੀ ਵੱਲੋਂ 3 ਨਵੰਬਰ ਤੋਂ 15 ਨਵੰਬਰ ਤੱਕ ਸਕੂਲਾਂ/ਕਾਲਜਾਂ/ਪਿੰਡਾਂ/ਸ਼ਹਿਰਾਂ/ਕਸਬਿਆਂ’ਚ ਲਗਾਤਾਰ ਜਾਗਰੂਕਤਾ ਮੀਟਿੰਗਾਂ ਅਤੇ ਮੁਲਕ ਪੱਧਰੀ ਇਸ ਯਾਤਰਾ ਦੀ ਸਫਲਤਾ ਲਈ ਵਿਸ਼ੇਸ਼ ਫੰਡ ਮੁਹਿੰਮ ਚਲਾਈ ਜਾਵੇਗੀ। ਕਮੇਟੀ ਮੈਂਬਰਾਂ ਨੇ ਬੁੱਧੀਜੀਵੀ ਲੇਖਕਾਂ ਸਾਹਿਤਕਾਰਾਂ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਬਾਹਰ ਰਹਿ ਗਈਆਂ ਲੋਕ ਪੱਖੀ ਜਥੇਬੰਦੀਆਂ ਨੂੰ ਲੋਕ ਪੱਖੀ ਸਰੋਕਾਰਾਂ ਨਾਲ ਨੇੜਿਉਂ ਜੁੜੇ ਇਸ ਅਤਿ ਸੰਜੀਦਾ ਮਸਲੇ ਸਿੱਖਿਆ ਸੰਘਰਸ਼ ਯਾਤਰਾ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।