ਮਹਾਰਾਸ਼ਟਰ 'ਚ ਨਿਰੋਲ ਭਾਜਪਾ ਦੀ ਪਹਿਲੀ ਸਰਕਾਰ ਸਥਾਪਤ
Posted on:- 31-10-2014
ਫੜਨਵੀਸ ਮੁੱਖ ਮੰਤਰੀ ਬਣੇ, 7 ਕੈਬਨਿਟ ਤੇ 2 ਰਾਜ ਮੰਤਰੀਆਂ ਨੇ ਸਹੁੰ ਚੁੱਕੀ
ਮੁੰਬਈ : ਕੁਝ
ਦਿਨਾਂ ਦੀ ਅਨਿਸ਼ਚਿਤਤਾ ਅਤੇ ਕਿਆਸਾਅਰਾਈਆਂ ਨੂੰ ਵਿਰਾਮ ਲਗਾਉਂਦੇ ਹੋਏ ਅੱਜ ਮਹਾਰਾਸ਼ਟਰ
ਵਿੱਚ ਭਾਰਤੀ ਜਨਤਾ ਪਾਰਟੀ ਦੀ ਘੱਟ ਗਿਣਤੀ ਸਰਕਾਰ ਸਥਾਪਤ ਹੋ ਗਈ ਹੈ। ਸਹੁੰ ਚੁੱਕ ਸਮਾਗਮ
ਵਿੱਚ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਵੀ ਸ਼ਾਮਲ ਹੋਏ, ਜਿਸ ਤੋਂ ਸੰਕੇਤ ਮਿਲਦੇ ਹਨ ਕਿ
ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਇੱਕ ਦੂਜੇ ਵਿਰੁੱਧ ਇਲਜ਼ਾਮ ਤਰਾਸ਼ੀ ਤੋਂ ਬਾਅਦ ਸੱਤਾ
ਦੇ ਮੰਚ 'ਤੇ ਇਕੱਠੇ ਦਿਖ ਸਕਦੇ ਹਨ।
ਦਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ
ਮੰਤਰੀ ਵਜੋਂ ਸਹੁੰ ਚੁੱਕੀ, ਜਿੱਥੇ ਭਾਜਪਾ ਨੇ ਪਹਿਲੀ ਵਾਰ ਬਿਨਾਂ ਕਿਸੇ ਗੱਠਜੋੜ ਦੇ
ਸਰਕਾਰ ਬਣਾਈ ਹੈ। ਰਾਜਪਾਲ ਸੀ ਵਿਦਿਆਸਾਗਰ ਰਾਓ ਨੇ ਵਾਨਖੇੜੇ ਸਟੇਡੀਅਮ 'ਚ ਕਰਵਾਏ ਗਏ
ਇੱਕ ਸਮਾਰੋਹ 'ਚ 44 ਸਾਲਾ ਫੜਨਵੀਸ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਦਵੇਂਦਰ ਫੜਨਵੀਸ ਦੇ ਨਾਲ ਹੀ 7 ਕੈਬਨਿਟ ਮੰਤਰੀਆਂ ਅਤੇ 2 ਰਾਜ ਮੰਤਰੀਆਂ ਨੇ ਵੀ ਸਹੁੰ
ਚੁੱਕੀ। ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਕਈ ਕੈਬਨਿਟ ਮੰਤਰੀਆਂ,
ਭਾਜਪਾ ਸ਼ਾਸਤ ਸੂਬਿਆਂ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਸ਼ਾਸਨ ਵਾਲੇ ਰਾਜਾਂ ਦੇ ਮੁੱਖ
ਮੰਤਰੀਆਂ ਸਮੇਤ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਪਹਿਲਾਂ ਸ਼ਿਵ
ਸੈਨਾ ਨੇ ਗੱਠਜੋੜ ਸਰਕਾਰ ਦੇ ਗਠਨ ਲਈ ਗੱਲਬਾਤ ਦੌਰਾਨ ਭਾਜਪਾ ਦੁਆਰਾ ਲਗਾਤਾਰ ਅਪਮਾਨਿਤ
ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਸਮਾਰੋਹ
ਵਿੱਚ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਿਵ ਸੈਨਾ ਮੁਖੀ ਉਧਵ
ਠਾਕਰੇ 'ਤੇ ਸਨ, ਜਿਨ੍ਹਾਂ ਨੇ ਹੱਥ ਮਿਲਾਏ ਅਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ।
ਮਹਾਰਾਸ਼ਟਰ ਦੇ ਨਵੇਂ ਕੈਬਨਿਟ ਮੰਤਰੀਆਂ ਵਜੋਂ ਏਕਨਾਥ ਖਡਸ਼ੇ, ਸੁਧੀਰ ਮੁਨਗੰਟੀਬਾਰ, ਵਿਨੋਦ
ਤਾਵੜੇ, ਪੰਕਜਾ ਮੁੰਡੇ (ਸਾਰੇ ਭਾਜਪਾ ਦੀ ਪ੍ਰਦੇਸ਼ ਕੋਰ ਕਮੇਟੀ ਦੇ ਮੈਂਬਰ) ਅਤੇ ਪ੍ਰਕਾਸ਼
ਮਹਿਤਾ, ਚੰਦਰ ਕਾਂਤ ਪਾਟਿਲ ਤੇ ਵਿਸ਼ਨੂੰ ਸਵਾਰਾ ਨੇ ਸਹੁੰ ਚੁੱਕੀ। ਇਨ੍ਹਾਂ ਤੋਂ ਇਲਾਵਾ
ਰਾਜ ਮੰਤਰੀਆਂ ਵਜੋਂ ਦਲੀਪ ਕਾਂਬਲੇ ਅਤੇ ਵਿਦਿਆ ਠਾਕੁਰ ਨੇ ਸਹੁੰ ਚੁੱਕੀ। ਸਹੁੰ ਚੁੱਕ
ਸਮਾਰੋਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ
ਮੰਤਰੀਆਂ ਨਿਤਿਨ ਗਡਕਰੀ, ਵੈਂਕਈਆ ਨਾਇਡੂ, ਰਵੀ ਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੇਡਕਰ ਅਤੇ
ਰਾਧਾ ਮੋਹਨ ਸਿੰਘ ਦੇ ਨਾਲ ਛੱਤੀਸਗੜ੍ਹ, ਗੋਆ, ਗੁਜਰਾਤ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ
ਲੜੀਵਾਰ ਰਮਨ ਸਿੰਘ, ਮਨੋਹਰ ਪਾਰਕਰ, ਆਨੰਦੀਬੇਨ ਪਟੇਲ ਤੇ ਵਸ਼ੁੰਧਰਾ ਰਾਜੇ ਨੇ ਵੀ ਸ਼ਿਰਕਤ
ਕੀਤੀ।
ਇਸ ਮੌਕੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਿਚੋਂ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਵੀ
ਮੌਜੂਦ ਸਨ। ਫੜਨਵੀਸ ਸੂਬੇ ਦੇ 27ਵੇਂ ਮੁੱਖ ਮੰਤਰੀ ਬਣੇ ਹਨ।