ਕੇਂਦਰ ਨੇ ਸੁਪਰੀਮ ਕੋਰਟ 'ਚ ਜ਼ਾਹਿਰ ਕੀਤੇ ਤਿੰਨ ਨਾਂ, ਸਿਆਸਤਦਾਨ ਕੋਈ ਨਹੀਂ
Posted on:- 27-10-2014
ਵਿਦੇਸ਼ਾਂ 'ਚ ਜਮ੍ਹਾਂ ਕਾਲੇ ਧਨ ਦਾ ਮਾਮਲਾ
ਨਵੀਂ ਦਿੱਲੀ : ਕਾਲੇ
ਧਨ ਮਾਮਲੇ ਵਿਚ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਿੱਤਾ। ਇਸ
ਹਲਫ਼ਨਾਮੇ ਵਿਚ ਤਿੰਨ ਕਾਰੋਬਾਰੀਆਂ ਦਾ ਨਾਮ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਦੇ
ਸਵਿਸ ਬੈਂਕਾਂ ਵਿਚ ਖਾਤੇ ਹਨ, ਜਦਕਿ ਕਿ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਦਾ ਵਿਦੇਸ਼ਾਂ
ਵਿਚ ਕਿੰਨਾਂ ਪੈਸਾ ਜਮ੍ਹਾਂ ਹੈ।
ਸਮਾਚਾਰ ਏਜੰਸੀਆਂ ਤੇ ਚੈਨੇਲਾਂ ਦੇ ਅਨੁਸਾਰ ਸਰਕਾਰ ਨੇ
ਹਲਫ਼ਨਾਮੇ ਵਿਚ ਪ੍ਰਦੀਪ ਵਰਮਨ, ਪੰਕਜ ਚਮਨ ਲਾਲ ਲੋਡੀਆ ਤੇ ਰਾਧਾ ਟਿੰਬਲੂ ਦੇ ਨਾਮ ਲਏ
ਹਨ। ਪਰ ਸਰਕਾਰ ਦੇ ਵਕੀਲ ਨੇ ਮੀਡੀਆ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਉਨ੍ਹਾਂ ਬਸ
ਇਨ੍ਹਾਂ ਹੀ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਅਤੇ ਇਸ ਸਬੰਧੀ ਸਬੰਧਤ ਜਾਣਕਾਰੀ
ਸੁਪਰੀਮ ਕੋਰਟ ਨੂੰ ਦਿੱਤੀ ਹੈ।
ਸੁਪਰੀਮ ਕੋਰਟ ਵਿਚ ਪੇਸ਼ ਹਲਫ਼ਨਾਮੇ ਵਿਚ ਪੰਕਜ ਚਮਨ
ਲਾਲ ਰਾਜ ਕੋਰਟ ਦੇ ਬੁਲੀਅਨ ਕਾਰੋਬਾਰੀ ਹਨ। ਪ੍ਰਦੀਪ ਵਰਮਨ ਡਾਬਰ ਦੇ ਗਰੁੱਪ ਦੇ
ਡਾਇਰੈਕਟਰ ਹਨ ਅਤੇ ਰਾਧਾ ਟਿੰਬਲੂ ਗੋਆ ਦੇ ਖਾਨ ਕਾਰੋਬਾਰੀ ਹਨ। ਸੂਤਰਾਂ ਦਾ ਕਹਿਣਾ ਹੈ
ਕਿ ਕਾਲੇ ਧਨ ਮਾਮਲੇ ਵਿਚ ਕਾਂਗਰਸ ਦੇ ਚਾਰ ਨੇਤਾ ਵੀ ਜਾਂਚ ਦੇ ਦਾਇਰੇ ਵਿਚ ਹਨ। ਇਨ੍ਹਾਂ
ਵਿਚ ਇਕ ਸਾਬਕਾ ਯੂਪੀਏ ਦੇ ਰਾਜ ਮੰਤਰੀ ਪ੍ਰਨੀਤ ਕੌਰ ਦਾ ਨਾਂ ਵੀ ਦੱਸਿਆ ਜਾ ਰਿਹਾ ਹੈ।
ਜਿਨ੍ਹਾਂ ਲੋਕਾਂ ਦੇ ਨਾਮ ਦੱਸੇ ਗਏ ਹਨ। ਉਨ੍ਹਾਂ ਖਿਲਾਫ਼ ਵਿਦੇਸ਼ੀ ਬੈਂਕਾਂ ਵਿਚ ਗੁਪਤ
ਤਰੀਕੇ ਨਾਲ ਪੈਸੇ ਰੱਖਣ ਦੇ ਮਾਮਲੇ ਵਿਚ ਜਾਂਚ ਸ਼ੁਰੂ ਹੋ ਗਈ ਹੈ। ਜਿਵੇਂ ਜਿਵੇਂ ਲੋਕ
ਜਾਂਚ ਦੇ ਦਾਇਰੇ ਵਿਚ ਆਉਣਗੇ। ਸਰਕਾਰ ਹੋਰ ਨਾਮਾਂ ਦਾ ਖੁਲਾਸਾ ਸੁਪਰੀਮ ਕੋਰਟ ਦੇ ਸਾਹਮਣੇ
ਕਰੇਗੀ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਰਕਾਰ ਉਤੇ ਦੋਸ਼
ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ ਅਤੇ ਉਨ੍ਹਾਂ ਦੀ
ਮਾਤਾ ਅਤੇ ਜੈਟ ਏਅਰਵੇਜ ਦੇ ਮਾਲਕ ਨਰੇਸ਼ ਕੁਮਾਰ ਅਤੇ ਯਸ਼ਵਰਧਨ ਬਿਰਲਾ ਦੇ ਵੀ ਵਿਦੇਸ਼ਾਂ
ਵਿਚ ਖਾਤੇ ਹਨ। ਉਨ੍ਹਾਂ ਉਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਬਿਨਾਂ
ਕੇਜਰੀਵਾਲ ਨੇ ਹੋਰ ਵੀ ਕਈ ਨਾਂਵਾਂ ਦਾ ਖੁਲਾਸਾ ਕੀਤਾ। ਸਾਬਕਾ ਮੰਤਰੀ ਪ੍ਰਨੀਤ ਕੌਰ ਨੇ
ਕਾਲੇ ਧਨ ਮਾਮਲੇ ਉਤੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਾਂ ਉਤੇ ਵਿਦੇਸ਼ ਵਿਚ ਕੋਈ
ਖਾਤਾ ਨਹੀਂ ਹੈ। ਪ੍ਰਨੀਤ ਕੌਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਨੋਟਿਸ ਵੀ ਮਿਲ ਚੁੱਕਾ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਨਾ ਤਾਂ ਮੇਰਾ ਪਹਿਲਾ ਕੋਈ ਖਾਤਾ ਸੀ ਅਤੇ ਨਾ ਹੀ ਹੁਣ
ਵਿਦੇਸ਼ੀ ਬੈਂਕ ਵਿਚ ਮੇਰੇ ਨਾਂ ਉਤੇ ਕੋਈ ਖਾਤਾ ਹੈ।