ਦਿੱਲੀ : ਤ੍ਰਿਲੋਕਪੁਰੀ 'ਚ ਸਥਿਤੀ ਕਾਬੂ ਹੇਠ, ਕਰਫ਼ਿਊ ਜਾਰੀ
Posted on:- 26-10-2014
ਨਵੀਂ ਦਿੱਲੀ : ਪੂਰਬੀ
ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਪੈਦਾ ਹੋਏ ਤਣਾਅ ਦੇ ਦਰਮਿਆਨ ਐਤਵਾਰ ਨੂੰ ਵੀ
ਕਰਫ਼ਿਊ ਜਾਰੀ ਰਿਹਾ। ਹਾਲਾਂਕਿ ਕਿਸੇ ਤਰ੍ਹਾਂ ਦੀ ਹਿੰਸਾ ਦੀ ਤਾਜ਼ਾ ਵਾਰਦਾਤ ਨਹੀਂ ਹੋਈ
ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਸ ਇਲਾਕੇ ਵਿੱਚ
ਹਿੰਸਕ ਝੜਪ ਦੌਰਾਨ 5 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ।
ਪੁਲਿਸ ਕਮਿਸ਼ਨਰ ਅਜੇ ਕੁਮਾਰ ਨੇ
ਦੱਸਿਆ ਕਿ ਸਥਿਤੀ ਭਾਵੇਂ ਤਣਾਅਪੂਰਨ ਹੈ, ਪਰ ਕਾਬੂ ਹੇਠ ਹੈ, ਕੋਈ ਨਵੀਂ ਹਿੰਸਕ ਘਟਨਾ
ਜਾਂ ਝੜਪ ਨਹੀਂ ਹੋਈ। ਤ੍ਰਿਲੋਕਪੁਰੀ ਦੇ ਬੀ ਬਲਾਕ ਵਿੱਚ ਵੀਰਵਾਰ ਰਾਤ ਨੂੰ ਦੋ
ਭਾਈਚਾਰਿਆਂ ਦਰਮਿਆਨ ਦੀਵਾਲੀ ਨਾਲ ਸਬੰਧਤ ਤਿਉਹਾਰ ਨੂੰ ਲੈ ਕੇ ਵਿਵਾਦ ਹੋਇਆ ਅਤੇ
ਦੇਖਦਿਆਂ ਹੀ ਦੇਖਦਿਆਂ ਹਿੰਸਕ ਝੜਪ ਹੋ ਗਈ।
ਪੁਲਿਸ ਨੇ ਇਸ ਘਟਨਾ ਸਬੰਧੀ ਸ਼ਨੀਵਾਰ ਨੂੰ
ਰਾਤ ਤੱਕ ਕਰੀਬ 70 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ 'ਤੇ ਧਾਰਾ 144 ਦੇ
ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਧੜਿਆਂ ਵਿਚਾਲੇ ਸ਼ੁੱਕਰਵਾਰ
ਨੂੰ ਪਥਰਾਅ ਹੋਇਆ ਸੀ ਅਤੇ ਕੁਝ ਹੀ ਸਮੇਂ ਵਿੱਚ ਮਾਮਲਾ ਸ਼ਾਂਤ ਹੋ ਗਿਆ, ਪਰ ਸ਼ਨੀਵਾਰ ਸ਼ਾਮ
ਮੁੜ ਤੋਂ ਹੋਈ ਝੜਪ ਵਿੱਚ 5 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ।
ਪੁਲਿਸ ਨੇ ਦੱਸਿਆ ਕਿ
ਪਥਰਾਅ ਵਿੱਚ 14 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ 13 ਪੁਲਿਸ ਕਰਮੀ ਸ਼ਾਮਲ ਹਨ।
ਜ਼ਖ਼ਮੀਆਂ ਨੂੰ ਪੂਰਬੀ ਦਿੱਲੀ ਸਥਿਤ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਅਤੇ ਗੁਰੂ ਤੇਗ ਬਹਾਦਰ
ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਬਲ, ਰੈਪਿਡ ਐਕਸ਼ਨ ਫੋਰਸ ਅਤੇ ਸੀਆਰਪੀਐਫ਼
ਦੇ ਜਵਾਨਾਂ ਨੂੰ ਤਣਾਅ ਵਾਲੇ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ ਹੈ। ਇਲਾਕੇ ਦੇ ਪੁਲਿਸ
ਥਾਣਿਆਂ ਵਿੱਚ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।