ਇਬੋਲਾ ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਟੱਪੀ : ਵਿਸ਼ਵ ਸਿਹਤ ਸੰਗਠਨ
Posted on:- 26-10-2014
ਵਾਸ਼ਿੰਗਟਨ : ਵਿਸ਼ਵ
ਸਿਹਤ ਸੰਗਠਨ (ਡਬਲਯੂਐਚਓ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਕਿ ਇਬੋਲਾ ਵਾਇਰਸ ਤੋਂ
ਪ੍ਰਭਾਵਤ ਲੋਕਾਂ ਦੀ ਗਿਣਤੀ 10 ਹਜ਼ਾਰ ਤੋਂ ਟੱਪ ਚੁੱਕੀ ਹੈ। ਡਬਲਯੂਐਚਓ ਦੇ ਅਨੁਸਾਰ ਹੁਣ
ਤੱਕ ਇਸ ਬਿਮਾਰੀ ਨੇ 4922 ਲੋਕਾਂ ਦੀ ਜਾਨ ਵੀ ਲੈ ਲਈ ਹੈ।
ਵਿਸ਼ਵ ਸਿਹਤ ਸੰਗਠਨ ਨੇ
ਕਿਹਾ ਕਿ ਇਬੋਲਾ ਨਾਲ ਸਭ ਤੋਂ ਵਧ ਪ੍ਰਭਾਵਤ ਤਿੰਨ ਦੇਸ਼ਾਂ ਸਿਓਰਾ ਲਿਓਨ, ਲਾਇਬੇਰੀਆ ਅਤੇ
ਗਿਨੀ ਦੇ ਬਾਹਰ ਸਿਰਫ਼ 27 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਇਸ
ਬਿਮਾਰੀ ਨਾਲ ਸਭ ਤੋਂ ਵਧ ਲੋਕ ਮਾਰੇ ਗਏ ਹਨ ਅਤੇ ਇਨ੍ਹਾਂ ਤੋਂ ਬਾਹਰ ਹੁਣ ਤੱਕ ਸਿਰਫ਼ 10
ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਲਾਇਬੇਰੀਆ ਵਿੱਚ ਸਭ ਤੋਂ
ਵਧ 2705 ਲੋਕ, ਸਿਓਰਾ ਲਿਓਨ 'ਚ 1281 ਅਤੇ ਗਿਨੀ 'ਚ 926 ਲੋਕ ਇਸ ਬਿਮਾਰੀ ਦੀ ਭੇਟ ਚੜ
ਚੁੱਕੇ ਹਨ। ਇਬੋਲਾ ਨਾਲ ਮਰਨ ਵਾਲਿਆਂ ਵਿੱਚ ਇੱਕ ਨਵਾਂ ਨਾਂ ਮਾਲੀ ਦੇਸ਼ ਦਾ ਜੁੜਿਆ ਹੈ,
ਜਿੱਥੇ ਇੱਕ-ਦੋ ਸਾਲ ਦੀ ਬੱਚੀ ਇਬੋਲਾ ਦੀ ਸ਼ਿਕਾਰ ਬਣੀ ਹੈ।
ਇਸ 'ਤੇ ਆਪਣੀ
ਪ੍ਰਤੀਕਿਰਿਆ ਦਿੰਦਿਆਂ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਅਬੁਬਕਰ ਕੀਏਤਾ ਨੇ ਕਿਹਾ ਕਿ ਇਸ
ਘਟਨਾ ਕਾਰਨ ਲੋਕਾਂ ਵਿੱਚ ਦਹਿਸ਼ਤ ਨਾ ਫੈਲੇ, ਇਸ ਲਈ ਇਸ ਨੂੰ ਰੋਕਣ ਲਈ ਉਹ ਹਰ ਸੰਭਵ ਯਤਨ
ਕਰਨਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ 'ਚ ਡਰ ਅਤੇ ਘਬਰਾਹਟ ਨੂੰ ਰੋਕਣ ਲਈ ਅਸੀਂ
ਸਭ ਕੁਝ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬੱਚੀ ਆਪਣੀ ਦਾਦੀ ਨਾਲ ਜਿਹੜੇ ਰਸਤਿਆਂ
ਤੋਂ ਲੰਘੀ ਸੀ, ਉਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੇਰੇ ਖ਼ਿਆਲ
ਅਨੁਸਾਰ 41 ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਬਾਰੇ ਕਿਹਾ ਜਾ
ਰਿਹਾ ਹੈ ਕਿ ਉਹ ਇਸ ਬੱਚੀ ਦੇ ਸੰਪਰਕ ਵਿੱਚ ਆਏ ਸਨ। ਪਰ ਰਾਸ਼ਟਰਪਤੀ ਕੀਏਤਾ ਨੇ ਇਹ ਵੀ
ਕਿਹਾ ਕਿ ਉਹ ਗਿਨੀ ਨਾਲ ਲੱਗਦੀ ਸਰਹੱਦ ਨੂੰ ਬੰਦ ਨਹੀਂ ਕਰਨਗੇ।
ਡਬਲਯੂਐਚਓ ਅਨੁਸਾਰ ਹੁਣ ਤੱਕ ਇਬੋਲਾ ਦੇ ਕੁੱਲ 10 ਹਜ਼ਾਰ 141 ਮਾਮਲੇ ਸਾਹਮਣੇ ਆਏ ਹਨ, ਪਰ ਸੰਗਠਨ ਅਨੁਸਾਰ ਇਹ ਗਿਣਤੀ ਹੋਰ ਵਧ ਹੋ ਸਕਦੀ ਹੈ।