ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼
Posted on:- 25-10-2014
ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ, ਕਰੀਬ 38 ਲੱਖ ਰੁਪਏ ਮੁੱਲ ਦੀਆਂ 4 ਬਲੈਰੋ ਤੇ 1 ਸਵੀਫਟ ਕਾਰ ਵੀ ਬਰਾਮਦ
ਪਟਿਆਲਾ : ਪੰਜਾਬ,
ਹਰਿਆਣਾ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਹੋਰ ਵੱਖ-ਵੱਖ ਥਾਵਾਂ ਤੋ 50 ਤੋ ਵੱਧ
ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਣ ਵਾਲੇ ਇੱਕ
ਅੰਤਰ-ਰਾਜੀ ਗਿਰੋਹ ਦਾ ਪਟਿਆਲਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ।
ਇਸ ਬਾਰੇ
ਜਾਣਕਾਰੀ ਦੇਣ ਲਈ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਦੇ
ਐਸ.ਐਸ.ਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਹ ਗਿਰੋਹ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ
ਜਾਅਲੀ ਦਸਤਾਵੇਜ਼ ਤਿਆਰ ਕਰ ਲੈਂਦਾ ਸੀ ਅਤੇ ਫਿਰ ਇੰਜਨ ਤੇ ਚਾਸੀ ਨੰਬਰ ਪੰਚ ਕਰਕੇ ਜਾਅਲੀ
ਨੰਬਰ ਪਲੇਟਾਂ ਲਗਾ ਕੇ ਆਮ ਲੋਕਾਂ ਨੂੰ ਵੇਚਣ ਦਾ ਧੰਦਾ ਕਰਦਾ ਸੀ। ਸ. ਮਾਨ ਨੇ ਦੱਸਿਆ
ਕਿ ਪੁਲਿਸ ਵੱਲੋਂ ਇਸ ਗਿਰੋਹ ਵਿੱਚ ਸ਼ਾਮਲ ਰਾਜਸਥਾਨ ਦੇ ਵਸਨੀਕ ਚਾਰ ਵਿਅਕਤੀਆਂ ਨੂੰ
ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿੱਚ ਫਿਰੋਜ ਪੁੱਤਰ ਜੱਗੂ ਰਾਮ ਵਾਸੀ ਰਾਵਲਾ ਜਿਲਾ ਸ੍ਰੀ
ਗੰਗਾਨਗਰ, ਸੁਨੀਲ ਕੁਮਾਰ ਪੁੱਤਰ ਰਾਮ ਚੰਦ ਵਾਸੀ ਡਾਬਰ ਜਿਲ੍ਹਾ ਪਾਲੀ, ਓਮ ਪ੍ਰਕਾਸ
ਪੁੱਤਰ ਅੰਕਿਤ ਲਾਲ ਵਾਸੀ ਪਾਲੀ ਅਤੇ ਕਮਲੇਸ਼ ਪੁੱਤਰ ਘਨੱਈਆ ਲਾਲ ਵਾਸੀ ਡੌਸਾ ਸ਼ਾਮਲ ਹਨ,
ਅਤੇ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਕਰੀਬ 38 ਲੱਖ ਰੁਪਏ ਦੀ ਕੀਮਤ ਦੀਆਂ 4 ਬਲੈਰੋ
ਗੱਡੀਆਂ ਅਤੇ 1 ਸਵੀਫਟ ਕਾਰ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ ਸ. ਮਾਨ ਨੇ ਹੋਰ
ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਜਸਕਿਰਨਜੀਤ ਸਿੰਘ ਤੇਜਾ, ਕਪਤਾਨ ਪੁਲਿਸ
(ਡਿਟੈਕਟਿਵ) ਪਟਿਆਲਾ ਦੀ ਨਿਗਰਾਨੀ ਹੇਠ ਮਿਤੀ 12.10.2014 ਨੂੰ ਇੰਸਪੈਕਟਰ ਬਿਕਰਮਜੀਤ
ਸਿੰਘ ਬਰਾੜ, ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਬਡੂੰਗਰ ਚੋਕ ਨੇੜੇ
ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਪੁਲਿਸ ਪਾਰਟੀ
ਨੂੰ ਇੱਕ ਖੁਫੀਆ ਸੂਚਨਾ ਮਿਲੀ ਕਿ ਫਿਰੋਜ ਪੁੱਤਰ ਜੱਗੂ ਰਾਮ ਵਾਸੀ ਰਾਵਲਾ ਜਿਲਾ ਸ੍ਰੀ
ਗੰਗਾਨਗਰ, ਸੁਨੀਲ ਕੁਮਾਰ ਪੁੱਤਰ ਰਾਮ ਚੰਦ ਵਾਸੀ ਡਾਬਰ ਜਿਲ੍ਹਾ ਪਾਲੀ (ਰਾਜਸਥਾਨ), ਓਮ
ਪ੍ਰਕਾਸ ਪੁੱਤਰ ਅੰਕਿਤ ਲਾਲ ਵਾਸੀ ਪਾਲੀ ਰਾਜਸਥਾਨ , ਕਮਲੇਸ਼ ਪੁੱਤਰ ਘਨੱਈਆ ਲਾਲ ਵਾਸੀ
ਡੌਸਾ ਰਾਜਸਥਾਨ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਤਿਆਰ ਕੀਤਾ ਹੋਇਆ ਹੈ,
ਜੋ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋ ਕਾਰਾਂ ਚੋਰੀ ਕਰਕੇ ਉਨ੍ਹਾਂ ਦੇ ਜਾਅਲੀ ਦਸਤਾਵੇਜ਼
ਤਿਆਰ ਕਰਕੇ ਇੰਜਨ ਤੇ ਚਾਸੀ ਨੰਬਰ ਪੰਚ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਆਮ ਲੋਕਾਂ
ਨੂੰ ਵੇਚਣ ਦਾ ਧੰਦਾ ਕਰਦਾ ਹੈ ਅਤੇ ਜੋ ਅੱਜ ਵੀ ਛੋਟੀ ਬਾਰਾਂਦਰੀ ਪਟਿਆਲਾ ਦੀ ਕਾਰ
ਪਾਰਕਿੰਗ ਵਿੱਚ ਚੋਰੀ ਦੀਆਂ ਗੱਡੀਆਂ ਵੇਚਣ ਦੀ ਤਾਕ ਵਿੱਚ ਹੈ।
ਸ. ਮਾਨ ਨੇ ਦੱਸਿਆ
ਕਿ ਇਸ ਇਤਲਾਹ ਤੇ ਇੰਨਾਂ ਦੇ ਖਿਲਾਫ ਮੁੱਕਦਮਾ ਨੰਬਰ 194 ਥਾਣਾ ਸਿਵਲ ਲਾਇਨ ਪਟਿਆਲਾ ਦਰਜ
ਕੀਤਾ ਗਿਆ ਅਤੇ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ
ਵੱਲੋ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ ਮੈਂਬਰਾਂ ਫਿਰੋਜ, ਸੁਨੀਲ ਕੁਮਾਰ, ਓਮ ਪ੍ਰਕਾਸ
ਅਤੇ ਕਮਲੇਸ਼ ਨੂੰ ਛੋਟੀ ਬਾਰਾਂਦਰੀ ਐਲ.ਆਈ.ਸੀ ਦਫਤਰ ਦੇ ਨੇੜੇ ਤੋ ਗ੍ਰਿਫਤਾਰ ਕਰਕੇ ਇੰਨਾ
ਕੋਲੋਂ ਵੱਖ ਵੱਖ ਥਾਂਵਾਂ ਤੋ ਕਰੀਬ 38 ਲੱਖ ਰੁਪਏ ਦੀ ਕੀਮਤ ਦੀਆਂ 4 ਬਲੈਰੋ ਗੱਡੀਆਂ ਅਤੇ
1 ਸਵੀਫਟ ਕਾਰ, ਜਿੰਨਾ ਤੇ ਜਾਅਲੀ ਨੰਬਰ ਲੱਗੇ ਹੋਏ ਸਨ, ਬਰਾਮਦ ਕੀਤੀਆਂ ਗਈਆਂ।
ਐਸ.ਐਸ.ਪੀ ਸ. ਮਾਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ
ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਦਾ ਮੁਖੀ ਫਿਰੋਜ ਹੈ ਅਤੇ ਇਹ ਗਿਰੋਹ ਪਿਛਲੇ
ਕਾਫੀ ਸਮੇਂ ਤੋਂ ਗੱਡੀਆਂ ਚੋਰੀ ਕਰ ਵਿੱਚ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਇਹ ਗਿਰੋਹ
ਬਾਹਰਲੇ ਰਾਜਾਂ ਤੋਂ ਕਾਰਾਂ ਚੋਰੀ ਕਰਕੇ ਪੰਜਾਬ ਵਿੱਚ ਵੇਚਦਾ ਸੀ ਅਤੇ ਪੰਜਾਬ ਵਿੱਚੋਂ
ਚੋਰੀ ਕੀਤੀਆਂ ਗੱਡੀਆਂ ਨੂੰ ਹੋਰ ਰਾਜਾਂ ਵਿੱਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ
ਪੁਲਿਸ ਵੱਲੋਂ ਗ੍ਰਿਫਤਾਰ ਇਨ੍ਹਾਂ ਵਿਅਕਤੀਆਂ ਖਿਲਾਫ਼ ਗੁਜਰਾਤ, ਮਹਾਰਾਸ਼ਟਰ, ਹਰਿਆਣਾ ਸਮੇਤ
ਹੋਰ ਵੱਖ-ਵੱਖ ਥਾਂਵਾ 'ਤੇ ਵਾਹਨ ਚੋਰੀ ਦੇ ਕਰੀਬ 25 ਮੁਕੱਦਮੇ ਦਰਜ ਹਨ।