ਚੋਣ ਕਮਿਸ਼ਨ ਵੱਲੋਂ ਜੰਮੂ-ਕਸ਼ਮੀਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ
Posted on:- 25-10-2014
25 ਨਵੰਬਰ ਤੋਂ 20 ਦਸੰਬਰ ਤੱਕ ਪੰਜ ਪੜਾਵਾਂ 'ਚ ਪੈਣਗੀਆਂ ਵੋਟਾਂ, ਨਤੀਜੇ 23 ਦਸੰਬਰ ਨੂੰ
ਨਵੀਂ ਦਿੱਲੀ/ਜੰਮੂ-ਕਸ਼ਮੀਰ
ਅਤੇ ਝਾਰਖੰਡ 'ਚ ਵਿਧਾਨ ਸਭਾ ਦੀਆਂ ਚੋਣਾਂ ਦਾ ਅੱਜ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ
ਹੈ। ਇਨ੍ਹਾਂ ਦੋਵਾਂ ਰਾਜਾਂ 'ਚ ਚੋਣਾਂ ਪੰਜ ਪੜਾਵਾਂ 'ਚ ਹੋਣਗੀਆਂ। ਨਵੰਬਰ 25 ਤੋਂ ਲੈ
ਕੇ 20 ਦਸੰਬਰ ਦਰਮਿਆਨ ਇਹ ਪੜਾਅ ਪੂਰੇ ਕੀਤੇ ਜਾਣਗੇ। ਨਤੀਜਾ 23 ਦਸੰਬਰ ਨੂੰ ਆਵੇਗਾ।
ਦਿੱਲੀ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਲਈ ਵੀ ਚੋਣ ਪਹਿਲੇ ਪੜਾਅ 'ਚ ਹੀ 25 ਨਵੰਬਰ ਨੂੰ
ਕੀਤੀ ਜਾਵੇਗੀ।
ਵੋਟਾਂ ਪੜਾਅ ਵਾਰ 25 ਨਵੰਬਰ, 2 ਦਸੰਬਰ, 9 ਦਸੰਬਰ, 14 ਦਸੰਬਰ ਤੇ 20 ਦਸੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।
ਚੋਣ
ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਲਈ ਇਨ੍ਹਾਂ ਦੋਵਾਂ ਰਾਜਾਂ ਦੀਆਂ ਚੋਣਾਂ ਪਰਖ਼ ਦੀ
ਘੜੀ ਵੀ ਪੇਸ਼ ਕਰਨਗੀਆਂ, ਕਿਉਂਕਿ ਦੋਵਾਂ ਰਾਜਾਂ ਵਿੱਚ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ
ਵੀ ਦਿੱਤਾ ਜਾਂਦਾ ਹੈ। ਜੰਮੂ-ਕਸ਼ਮੀਰ 'ਚ ਅੱਤਵਾਦੀ ਚੋਣਾਂ ਦੇ ਖਿਲਾਫ਼ ਹੁੰਦੇ ਹਨ ਅਤੇ
ਝਾਰਖੰਡ ਦੇ ਬਹੁਤ ਸਾਰੇ ਖੇਤਰਾਂ 'ਚ ਮਾਓਵਾਦੀਆਂ ਦਾ ਜ਼ੋਰ ਹੈ, ਜੋ ਲੋਕਾਂ ਨੂੰ ਚੋਣਾਂ ਦਾ
ਬਾਈਕਾਟ ਕਰਨ ਦਾ ਸੱਦਾ ਦਿੰਦੇ ਰਹੇ ਹਨ।
ਇਨ੍ਹਾਂ ਦੋਵਾਂ ਰਾਜਾਂ 'ਚ ਕਾਂਗਰਸ ਸੱਤਾ
'ਚ ਹੈ। ਸਥਾਨਕ ਪਾਰਟੀਆਂ ਇਸ ਦੀਆਂ ਭਾਈਵਾਲ ਹਨ। ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨਾਲ
ਮਿਲ ਕੇ ਕਾਂਗਰਸ ਨੇ ਸਰਕਾਰ ਬਣਾਈ ਹੈ, ਜਦੋਂ ਕਿ ਝਾਰਖੰਡ 'ਚ ਕਾਂਗਰਸ ਦੇ ਸਰਕਾਰ ਦੇ
ਭਾਈਵਾਲ ਝਾਰਖੰਡ ਮੁਕਤੀ ਮੋਰਚਾ ਅਤੇ ਰਾਸ਼ਟਰੀ ਜਨਤਾ ਦਲ ਹਨ।
ਇਹ ਚੋਣਾਂ ਕਾਂਗਰਸ
ਪਾਰਟੀ ਲਈ ਮਹੱਤਵਪੂਰਨ ਹੋਣਗੀਆਂ ਜੋ ਕਿ ਪਿਛਲੀਆਂ ਚੋਣਾਂ 'ਚ ਹਰਿਆਣਾ ਅਤੇ ਮਹਾਰਾਸ਼ਟਰ 'ਚ
ਹਾਰ ਚੁੱਕੀ ਹੈ। ਹੁਣ ਕਾਂਗਰਸ ਪੂਰਬੀ ਅਤੇ ਕੇਂਦਰੀ ਭਾਰਤ ਦੇ ਕਿਸੇ ਵੀ ਰਾਜ 'ਚ ਸੱਤਾ
'ਚ ਨਹੀਂ ਹੈ। ਆਗਾਮੀ ਚੋਣਾਂ 'ਚ ਵੀ ਜੇਕਰ ਕਾਂਗਰਸ ਦੀ ਹਾਰ ਹੁੰਦੀ ਹੈ ਤਾਂ ਇਸ ਨਾਲ
ਕਾਂਗਰਸ ਹੋਰ ਵੀ ਹਾਸ਼ੀਏ 'ਤੇ ਧੱਕੀ ਜਾਵੇਗੀ। ਪਹਿਲਾਂ ਹੀ ਲੋਕ ਸਭਾ 'ਚ ਇਸ ਵੱਡੀ ਪੁਰਾਣੀ
ਪਾਰਟੀ ਦੀਆਂ ਕੁਲ 44 ਸੀਟਾਂ ਰਹਿ ਗਈਆਂ ਹਨ। ਜੇਕਰ ਹਾਰ ਹੁੰਦੀ ਹੈ ਤਾਂ ਕਾਂਗਰਸ 29
ਰਾਜਾਂ ਵਿੱਚੋਂ ਸਿਰਫ਼ 9 ਰਾਜਾਂ ਵਿੱਚ ਹੀ ਸੱਤਾ 'ਚ ਰਹਿ ਜਾਵੇਗੀ। ਹੁਣ ਜੰਮੂ ਕਸ਼ਮੀਰ ਤੇ
ਝਾਰਖੰਡ ਸਮੇਤ ਕਾਂਗਰਸ ਕਰਨਾਟਕ, ਕੇਰਲ, ਅਰੁਣਾਚਲ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼,
ਮਨੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਉਤਰਾਖੰਡ 'ਚ ਰਾਜ ਕਰ ਰਹੀ ਹੈ। ਜੰਮੂ ਕਸ਼ਮੀਰ 'ਚ
ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵੱਖ ਵੱਖ ਹੋ ਚੁੱਕੇ ਹਨ। ਇੱਥੇ ਕੁਲ 87 ਚੋਣ ਹਲਕੇ ਹਨ
ਅਤੇ ਸਰਕਾਰ ਬਣਾਉਣ ਲਈ 44 ਸੀਟਾਂ ਚਾਹੀਦੀਆਂ ਹਨ। ਭਾਰਤੀ ਜਨਤਾ ਪਾਰਟੀ ਨੂੰ ਜੰਮੂ ਅਤੇ
ਲੱਦਾਖ਼ 'ਚ ਜਿੱਤ ਦੀ ਆਸ ਹੈ।
ਜੰਮੂ ਕਸ਼ਮੀਰ ਅਤੇ ਝਾਰਖੰਡ 'ਚ ਚੋਣਾਂ ਦੌਰਾਨ ਸਮੇਂ ਦਾ
ਅੰਤਰ ਰੱਖਿਆ ਗਿਆ ਹੈ ਤਾਂ ਕਿ ਸੁਰੱਖਿਆ ਬਲਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ
ਨਾਲ ਪਹੁੰਚਾਇਆ ਜਾ ਸਕੇ। ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਭਾਜਪਾ ਨਵੇਂ ਤੌਰ 'ਤੇ ਨਜ਼ਰ
ਆਵੇਗੀ। ਮੋਦੀ ਦਾ ਦੀਵਾਲੀ ਮੌਕੇ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਨੂੰ ਰਾਹਤ ਪੈਕੇਜ ਦੇਣਾ
ਚੋਣਾਂ ਤੋਂ ਪਹਿਲਾਂ ਇਸ ਨੂੰ ਭਾਜਪਾ ਦੇ ਪੱਖ਼ ਵਿੱਚ ਵੋਟਾਂ ਭੁਗਤਾਉਣ ਦੇ ਘਟਨਾਕ੍ਰਮ
ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਨੇ ਇਸ ਨੂੰ ਜਨਤਾ
ਨਾਲ ਕੋਝਾ ਮਜ਼ਾਕ ਦੱਸਿਆ ਹੈ।