ਪਾਰਲੀਮੈਂਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੱਜੋਂ ਮੋਮਬੱਤੀਆਂ ਬਾਲਕੇ ਮਨਾਈ ਦੀਵਾਲੀ
Posted on:- 25-10-2014
-ਹਰਬੰਸ ਬੁੱਟਰ
ਕੈਲਗਰੀ ਦੇ ਫਾਲਕਿਨਰਿੱਜ਼ ਕਮਿਓਨਿਟੀ ਹਾਲ ਵਿਖੇ ਹਿੰਦੂ ਯੂਥ ਵਾਲੰਟੀਅਰਜ਼ ਵੱਲੋਂ ਦੀਵਾਲੀ ਦੇ ਮੌਕੇ ਖੁਸ਼ੀਆਂ ਮਨਾਉਣ ਦੇ ਲਈ ਇੱਕ ਪਰੋਗਰਾਮ ਕਾਫੀ ਲੰਮੇ ਅਰਸੇ ਤੋਂ ਉਲੀਕਿਆ ਗਿਆ ਸੀ ਪਰ ਬਿਲਕੁੱਲ ਐਨ ਮੌਕੇ ਉੱਪਰ ਆਕੇ ਇਸ ਪਰੋਗਰਾਮ ਦੀ ਸਾਰੀ ਰੂਪ ਰੇਖਾ ਵਿੱਚ ਉਸ ਵੇਲੇ ਤਬਦੀਲੀ ਆ ਗਈ ਜਦੋਂ ਕੈਨੇਡਾ ਦੀ ਪਾਰਲੀਮੈਂਟ ਉੱਪਰ ਨਿਹੱਥੇ ਫੌਜੀ ਉੱਪਰ ਹਥਿਆਰਬੰਦ ਹਮਲਾ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ।
ਅੱਜ ਦੀਵਾਲੀ ਦਾ ਪਰੋਗਰਾਮ ਸ਼ੁਰੂ ਹੋਣ ਮੌਕੇ ਹਾਲ ਵਿੱਚ ਦਾਖਲੇ ਤੋਂ ਪਹਿਲਾਂ ਕੈਲਗਰੀ ਨਾਰਥਈਸਟ ਤੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਅਤੇ ਵਾਈਲਡਰੋਜ਼ ਪਾਰਟੀ ਦੇ ਮੈਕਾਲ ਹਲਕੇ ਤੋਂ ਚੋਣ ਲੜਨ ਜਾ ਰਹੇ ਉਮੀਦਵਾਰ ਹੈਪੀ ਮਾਨ ਅਤੇ ਰਾਕੇਸ਼ ਜਸਵਾਲ ਦੀ ਅਗਵਾਈ ਵਿੱਚ ਹਿੰਦੂ ਯੂਥ ਵਾਲੰਟੀਅਰਜ਼ ਦੇ ਨੁਮਾਇੰਦਿਆਂ ਨੇ ਬੀਤੇ ਦਿਨੀਂ ਪਾਰਲੀਮੈਂਟ ਹਿੱਲ ਔਟਵਾ ਵਿਖੇ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਖਾਲੀ ਹੱਥ ਡਿਊਟੀ ਨਿਭਾ ਰਹੇ ਸ਼ਹੀਦ ਹੋਏ ਇੱਕ ਫੌਜੀ ਨੂੰ ਸ਼ਰਧਾਂਜਲੀ ਵੱਜੋਂ ਮੋਮਬੱਤੀਆਂ ਜਗਾਈਆਂ।
ਐਮ ਪੀ ਦਵਿੰਦਰ ਸ਼ੋਰੀ ਨੇ ਕਿਹਾ ਅਸੀਂ ਕਨੇਡੀਅਨ ਇਸ ਮੌਕੇ ਅਜਿਹੇ ਹਮਲਿਆਂ ਨਾਲ ਘਬਰਾਏ ਨਹੀਂ ਸਗੋਂ ਹੋਰ ਮਜ਼ਬੂਤ ਹੋਏ ਹਾਂ । ਸਾਨੂੰ ਸਮੂਹ ਭਾਈਚਾਰਿਆਂ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਅਜਿਹੇ ਮੌਕਿਆਂ ਉੱਪਰ ਦੇਸ਼ ਧਰੋਹੀਆਂ ਦੇ ਹੌਂਸਲੇ ਪ੍ਰਸਤ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਅਲਬਰਟਾ ਦੀ ਮੁੱਖ ਵਿਰੋਧੀ ਧਿਰ ਵਾਈਲਡਰੋਜ਼ ਪਾਰਟੀ ਦੀ ਨੇਤਾ ਡੈਨੀਅਲ ਸਮਿੱਥ, ਗਲੋਬਲ ਪਰਵਾਸੀ ਸੀਨੀਅਰਜ਼ ਸੋਸਾਇਟੀ ਦੇ ਪ੍ਰਧਾਨ ਸੱਤਪਾਲ ਕੌਸ਼ਲ, ਪ੍ਰਸਿੱਧ ਰੇਡੀਓ ਹੋਸਟ ਅਮਰਜੀਤ ਰੱਖੜਾ, ਰਾਕੇਸ ਜਸਵਾਲ,ਹਰਚਰਨ ਸਿੰਘ ਅਤੇ ਬੀਬਾ ਗੁਰਦੀਪ ਕੌਰ "ਸਿੱਖ ਵਿਰਸਾ",ਰਿੱਕੀ ਨਰੂਲਾ, ਰੋਮੀ ਸਿੱਧੂ, ਗਗਨ ਬੁੱਟਰ,ਅਤੇ ਹੋਰ ਕੈਲਗਰੀ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।