ਪੁਣੇ ਹਵਾਈ ਹਾਦਸੇ ਬਾਅਦ 200 ਸੁਖੋਈ-30 ਜਹਾਜ਼ਾਂ ਦੀ ਉਡਾਨ 'ਤੇ ਰੋਕ
Posted on:- 22-10-2014
ਨਵੀਂ ਦਿੱਲੀ : ਹਵਾਈ
ਫੌਜ ਨੇ ਪਿਛਲੇ ਹਫ਼ਤੇ ਆਪਣੇ ਇਕ ਸੁਖੋਈ-30 ਜਹਾਜ਼ ਦੇ ਪੁਣੇ ਨੇੜੇ ਹਾਦਸਾਗ੍ਰਸਤ ਹੋਣ
ਤੋਂ ਬਾਅਦ ਰੂਸ ਤੋਂ ਦਰਾਮਦ ਕੀਤੇ ਇਨ੍ਹਾਂ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਦੀ ਉਡਾਨ 'ਤੇ
ਹਾਲੇ ਰੋਕ ਲਗਾ ਦਿੱਤੀ ਹੈ। ਹਵਾਈ ਫੌਜ ਦੇ ਸੂਤਰਾਂ ਮੁਤਾਬਕ ਹਰੇਕ ਜਹਾਜ਼ ਦੀ ਬਾਰੀਕੀ ਨਾਲ
ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਸਮੀਖਿਆ 'ਚ ਹਰੀ ਝੰਡੀ ਮਿਲਣ ਤੋਂ ਬਾਅਦ ਹੀ
ਇਨ੍ਹਾਂ ਜਹਾਜ਼ਾਂ ਨੂੰ ਮੁੜ ਉਡਾਨ ਭਰਨ ਦੀ ਆਗਿਆ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹਵਾਈ
ਫੌਜ ਦੇ ਬੇੜੇ 'ਚ ਕਰੀਬ 200 ਸੁਖੋਈ ਜਹਾਜ਼ ਹਨ ਅਤੇ ਉਸ ਨੂੰ 72 ਅਜਿਹੇ ਹੋਰ ਜਹਾਜ਼ ਮਿਲਣ
ਵਾਲੇ ਹਨ। ਭਾਰਤ ਨੇ ਇਨ੍ਹਾਂ ਜਹਾਜ਼ਾਂ ਨੂੰ ਤੇਜਪੁਰ, ਬਰੇਲੀ, ਪੁਣੇ ਅਤੇ ਜੋਧਪੁਰ 'ਚ
ਤਾਇਨਾਤ ਕੀਤਾ ਹੋਇਆ ਹੈ। ਸੁਖੋਈ-30 ਦੁਨੀਆ ਦੇ ਸਭ ਤੋਂ ਖ਼ਤਰਨਾਕ ਲੜਾਕੂ ਜਹਾਜ਼ਾਂ 'ਚੋਂ
ਇਕ ਮੰਨਿਆ ਜਾਂਦਾ ਹੈ ਅਤੇ ਦੋ ਇੰਜਣਾਂ ਵਾਲੇ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ
ਸੰਭਾਵਨਾ ਘਟ ਜਾਂਦੀ ਹੈ ਪਰ ਹਵਾਈ ਫੌਜ ਨੇ ਪਿਛਲੇ ਪੰਜ ਸਾਲਾਂ 'ਚ ਪੰਜ ਸੁਖੋਈ-30 ਜਹਾਜ਼
ਗਵਾਏ ਹਨ ਅਤੇ ਪਹਿਲਾਂ ਵੀ ਦੋ ਵਾਰ ਇਨ੍ਹਾਂ ਜਹਾਜ਼ਾਂ ਦੀ ਉਡਾਨ 'ਤੇ ਰੋਕ ਲਗਾਈ ਗਈ ਸੀ।
ਭਾਰਤ ਨੇ ਕਰੀਬ 140 ਕਰੋੜ ਰੁਪਏ ਪ੍ਰਤੀ ਜਹਾਜ਼ ਦੇ ਹਿਸਾਬ ਨਾਲ ਰੂਸ ਤੋਂ ਇਹ ਜਹਾਜ਼ ਖਰੀਦੇ
ਸਨ। ਹੋਰ ਸੁਖੋਈ ਜਹਾਜ਼ਾਂ ਦਾ ਨਿਰਮਾਣ ਰੂਸ ਦੇ ਸਹਿਯੋਗ ਨਾਲ ਭਾਰਤ 'ਚ ਹੀ ਚੱਲ ਰਿਹਾ
ਹੈ।