ਡੀਜੀਪੀ ਦਾ ਨਸ਼ਿਆਂ 'ਤੇ ਕਾਬੂ ਪਾਉਣ ਵਾਲਾ ਬਿਆਨ ਝੂਠ ਦਾ ਪੁਲੰਦਾ : ਖਹਿਰਾ
Posted on:- 22-10-2014
ਚੰਡੀਗੜ੍ਹ : ਕਾਂਗਰਸ
ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡੀਜੀਪੀ ਸੁਮੇਧ ਸਿੰਘ ਸੈਣੀ
ਵੱਲੋਂ ਨਸ਼ਿਆਂ ਉੱਤੇ ਕਾਬੂ ਪਾਉਣ ਦੇ ਦਾਅਵਿਆਂ ਨੂੰ ਕਾਂਗਰਸ ਪਾਰਟੀ ਨਾ ਸਿਰਫ ਸਿਰੇ ਤੋਂ
ਨਕਾਰਦੀ ਹੈ ਬਲਕਿ ਇਸ ਨੂੰ ਦਿਨ ਦਿਹਾੜੇ ਬੋਲੇ ਗਏ ਝੂਠ ਦਾ ਪੁਲੰਦਾ ਕਰਾਰ ਦਿੰਦੀ ਹੈ।
ਉਨ੍ਹਾਂ
ਕਿਹਾ ਕਿ ਪੰਜਾਬ 'ਚ ਡਰੱਗਸ ਦੇ ਕੋਹੜ ਨੂੰ ਨੱਥ ਪਾਉਣ ਅਤੇ ਕਾਬੂ ਕਰਨ ਵਾਲਾ ਸੁਮੇਧ
ਸਿੰਘ ਸੈਣੀ ਡੀ.ਜੀ.ਪੀ ਦਾ ਬਿਆਨ ਹੋਰ ਕੁਝ ਨਹੀਂ ਬਲਕਿ ਇੱਕ ਮਨਘੜਤ ਕਹਾਣੀ ਹੈ ਅਤੇ
ਉਨ੍ਹਾਂ ਦੀ ਕਾਲਪਨਿਕ ਸੋਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਦਵੀ ਵਾਲੇ
ਜਿੰਮੇਵਾਰ ਅਫਸਰ ਨੂੰ ਆਪਣੇ ਜਨਤਕ ਬਿਆਨਾਂ ਵਿੱਚ ਇਸ ਤਰਾਂ ਸ਼ਰੇਆਮ ਝੂਠ ਨਹੀਂ ਬੋਲਣਾ
ਚਾਹੀਦਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਐਨ.ਜੀ.À ਅਤੇ ਹੋਰਨਾਂ ਸਮਾਜਿਕ
ਸੰਸਥਾਵਾਂ ਵੱਲੋਂ ਕੀਤੇ ਗਏ ਵੱਖ ਵੱਖ ਸਰਵੇਖਣਾਂ ਨੇ ਡਰੱਗਸ ਰੂਪੀ ਕੋਹੜ ਨੂੰ ਲੱਖਾਂ ਹੀ
ਪੰਜਾਬੀ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ
ਸਰਵੇ ਪੂਰੀ ਤਰਾਂ ਨਾਲ ਜਮੀਨੀ ਹਕੀਕਤ ਹਨ ਕਿਉਂਕਿ ਹਰੇਕ ਦਿਨ ਪੂਰੇ ਹੀ ਸੂਬੇ 'ਚੋਂ ਵੱਡੀ
ਗਿਣਤੀ ਵਿੱਚ ਅਜਿਹੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰ
ਪ੍ਰਕਾਰ ਦੇ ਨਸ਼ੇ ਸੂਬੇ ਦੇ ਹਰੇਕ ਕੋਨੇ ਅਤੇ ਨੁੱਕਰ ਵਿੱਚ ਵੱਡੀ ਮਾਤਰਾ ਵਿੱਚ ਸ਼ਰੇਆਮ
ਉਪਲਬਧ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਡਰੱਗਸ ਉੱਪਰ ਉਦੋਂ ਤੱਕ ਕਾਬੂ ਨਹੀਂ ਪਾਇਆ
ਜਾ ਸਕਦਾ ਜਦੋ ਤੱਕ ਪੰਜਾਬ ਪੁਲਿਸ ਨੂੰ ਬਾਦਲ ਪਰਿਵਾਰ ਅਤੇ ਅਕਾਲੀ ਜਥੇਦਾਰਾਂ ਦੇ ਚੁੰਗਲ
ਤੋਂ ਅਜ਼ਾਦ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਕਿਹਾ ਕਿ ਮੋਜੂਦਾ ਸਮੇਂ ਵਿੱਚ ਇਸ ਫੋਰਸ ਦਾ
ਪੂਰੀ ਤਰਾਂ ਨਾਲ ਸਿਆਸੀਕਰਨ ਹੋ ਚੁੱਕਾ ਹੈ, ਜਿਸ ਨੂੰ ਕਿ ਬਾਦਲ ਪਰਿਵਾਰ ਅਤੇ ਉਸ ਦੀ
ਜੁੰਡਲੀ ਵੱਲੋਂ ਸੋੜੇ ਸਿਆਸੀ ਮੁਨਾਫਿਆਂ ਲਈ ਨਿੱਜੀ ਫੌਜ਼ ਵਜੋਂ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਵਕਤ ਐਸ.ਐਸ.ਪੀ, ਡੀ.ਐਸ.ਪੀ, ਐਸ.ਐਚ.À ਵਰਗੀਆਂ ਮਹੱਤਵਪੂਰਨ ਫੀਲਡ
ਪੋਸਟਾਂ ਦੀਆਂ ਨਿਯੁਕਤੀਆਂ ਵੀ ਅਕਾਲੀ ਮੰਤਰੀਆਂ, ਵਿਧਾਇਕਾਂ ਤੇ ਜਥੇਦਾਰਾਂ ਦੀਆਂ
ਸਿਫਾਰਿਸ਼ਾਂ ਉੱਪਰ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਿੱਟੇ ਵਜੋਂ ਡਰੱਗ ਵਪਾਰ ਵਿੱਚ
ਸ਼ਾਮਿਲ ਕਿਸੇ ਵੀ ਤਾਕਵਰ ਵਿਅਕਤੀ ਨੂੰ ਕਾਬੂ ਕਰਨਾ ਅਸੰਭਵ ਹੈ।
ਉਨ੍ਹਾਂ ਕਿਹਾ ਕਿ
ਪੰਜਾਬ ਪੁਲਿਸ ਦੇ ਪੂਰਨ ਸਿਆਸੀਕਰਨ ਦੀ ਸੱਭ ਤੋਂ ਵੱਡੀ ਉਦਾਹਰਣ ਡੀ.ਜੀ.ਪੀ ਵੱਲੋਂ ਮਾਲ
ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਾਹਲਪੁਣੇ ਵਿੱਚ ਕਲੀਨ ਚਿੱਟ ਦਿੱਤਾ ਜਾਣਾ ਸੀ, ਜਦ
ਡਰੱਗ ਤਸਕਰ ਜਗਦੀਸ਼ ਭੋਲਾ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਡਰੱਗ ਤਸਕਰੀ ਦੇ ਮੁੱਖ ਦੋਸ਼ੀਆਂ
'ਚੋਂ ਇੱਕ ਕਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਪੁਲਿਸ ਵਿੱਚ ਬਿਕਰਮ ਸਿੰਘ
ਮਜੀਠੀਆ ਵਰਗੇ ਤਾਕਤਵਰ ਸਿਆਸਤਦਾਨਾਂ, ਸੀਨੀਅਰ ਪੁਲਿਸ ਅਫਸਰਾਂ ਅਤੇ ਵੱਡੇ ਡਰੱਗ ਮਾਫੀਆ
ਨੂੰ ਕਾਬੂ ਕਰਨ ਦੀ ਹਿੰਮਤ ਨਹੀਂ ਭਰੀ ਜਾਂਦੀ, ਮੌਜੂਦਾ ਸੱਤਾਧਾਰੀ ਗਠਜੋੜ ਕੋਲੋਂ ਡਰੱਗਸ
ਦੇ ਕੋਹੜ ਨੂੰ ਕਾਬੂ ਕਰਨ ਦੀ ਕੋਈ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ
ਸ਼੍ਰੀ ਸੈਣੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਦੇ
ਵੱਧ ਰਹੇ ਰੁਝਾਣ ਦੇ ਮੁੱਖ ਕਾਰਨ ਤਬਾਹ ਹੋ ਰਹੀ ਖੇਤੀਬਾੜੀ ਅਰਥ ਵਿਵਸਥਾ, ਜਮੀਨਾਂ ਦੀ
ਮਾਲਕੀ ਘੱਟਣਾ ਅਤੇ ਵੱਡੀ ਬੇਰੋਜਗਾਰੀ ਹੈ, ਜਿਸ ਕਾਰਨ 40-50 ਲੱਖ ਨਿਰਾਸ਼ ਨੌਜਵਾਨ ਡਰੱਗਸ
ਦੀ ਦਲਦਲ ਵਿੱਚ ਫਸ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਪਾਰਟੀ ਦੀ
ਡੀ.ਜੀ.ਪੀ ਸ਼੍ਰੀ ਸੈਣੀ ਨੂੰ ਕਹਿਣਾ ਚਾਹੁੰਦੀ ਹੈ ਕਿ ਉਹ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ
ਖੁਸ਼ ਕਰਨ ਲਈ ਅਜਿਹੇ ਝੂਠੇ, ਬੋਗਸ ਅਤੇ ਮਨਘੜਤ ਦਾਅਵੇ ਨਾ ਕਰਨ। ਉਨ੍ਹਾਂ ਕਿਹਾ ਕਿ
ਪੰਜਾਬ ਦੇ ਲੱਖਾਂ ਹੀ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਅਜਿਹੇ ਗੰਭੀਰ ਮੁੱਦੇ
'ਤੇ ਉਨ੍ਹਾਂ ਵੱਲੋਂ ਤੱਥ ਲੁਕਾ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ।