ਟੀਈਟੀ ਪਾਸ ਬੇਰੁਜ਼ਗਾਰ ਅਧਿਆਪਕ ਮਨਾਉਣਗੇ ਕਾਲੀ ਦੀਵਾਲੀ
Posted on:- 21-10-2014
26 ਨੂੰ ਫੂਕਣਗੇ ਪੰਜਾਬ ਭਰ 'ਚ ਸਰਕਾਰ ਦੀਆਂ ਅਰਥੀਆਂ
ਸੰਗਰੂਰ/ਪ੍ਰਵੀਨ ਸਿੰਘ : ਪਿਛਲੇ
ਤਿੰਨ ਸਾਲਾਂ ਤੋਂ ਆਪਣੇ ਰੁਜਗਾਰ ਦੀ ਹੱਕੀ ਮੰਗ ਨੂੰ ਲੈ ਕੇ ਲਗਾਤਾਰ ਤਿੱਖਾ ਸੰਘਰਸ਼ ਕਰ
ਰਹੇ ਸੂਬੇ ਦੇ ਉਚ ਯੋਗਤਾ ਪ੍ਰਾਪਤ ਅਤੇ ਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਅਧਿਆਪਕ ਯੋਗਤਾ
ਪ੍ਰੀਖਿਆ ਪਾਸ ਬੇਰੁਜਗਾਰ ਇਸ ਵਾਰ ਚੌਥੀ ਦੀਵਾਲੀ ਵੀ ਕਾਲੀ ਦੀਵਾਲੀ ਵਜੋਂ ਮਨਾਉਣਗੇ ਜਿਸ
ਲਈ ਆਉਣ ਵਾਲੀ 26 ਅਕਤੂਬਰ ਨੂੰ ਪੰਜਾਬ ਭਰ ਵਿਚ ਸਾਰੇ ਜਿਲ੍ਹਿਆਂ ਵਿਚ ਸੂਬਾ ਸਰਕਾਰ ਦੀਆਂ
ਅਰਥੀਆਂ ਸਾੜਨਗੇ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਟੀ. ਈ. ਟੀ. ਪਾਸ ਬੇਰੁਜਗਾਰ
ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਜਿਹੜੀ
ਪੰਜਾਬ ਸਰਕਾਰ ਹਰ ਵਰੇ 12000 ਤੋਂ ਵਧੇਰੇ ਅਧਿਆਪਕਾਂ ਦੀ ਭਰਤੀ ਕਰਨ ਦੇ ਵੱਡੇ-ਵੱਡੇ
ਦਾਅਵੇ ਕਰਦੀ ਸੀ ਉਸਤੋਂ ਪੰਜਾਬ ਵਿਚ ਚਾਰ ਵਾਰ ਅਧਿਆਪਕ ਯੋਗਤਾ ਪ੍ਰੀਖਿਆ ਲੈ ਕੇ ਤੇ
ਬੇਰੁਜਗਾਰਾਂ ਕੋਲੋਂ 40 ਕਰੋੜ ਤੋਂ ਵਧੇਰੇ ਰੁਪਏ ਇਕੱਠੇ ਕਰ ਲੈਣ ਦੇ ਬਾਵਜੂਦ ਵੀ ਹਾਲੇ
ਤੱਕ ਪਹਿਲੀ ਵਾਰ 2011 ਵਿਚ ਟੀ ਈ ਟੀ ਪ੍ਰੀਖਿਆ ਪਾਸ ਕਰਨ ਵਾਲੇ 8411 ਬੇਰੁਜਗਾਰ
ਅਧਿਆਪਕਾਂ ਨੂੰ ਹਾਲੇ ਤੱਕ ਨੌਕਰੀ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਟੀ. ਈ. ਟੀ.
ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਵਲੋਂ 'ਕਰੋਂ ਜਾਂ ਮਰੋਂ' ਦੇ ਤਹਿਤ ਕੀਤੇ ਲੰਮੇ
ਸੰਘਰਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਟੀ. ਈ. ਟੀ. ਪਾਸ ਬੇਰੁਜਗਾਰ ਅਧਿਆਪਕ ਯੂਨੀਅਨ
ਵਿਚਾਲੇ ਹੋਏ ਸਮਝੌਤੇ ਤਹਿਤ 2011 ਵਾਲੇ ਸਾਰੇ ਟੀ. ਈ. ਟੀ. ਪ੍ਰੀਖਿਆ ਪਾਸ ਬੇਰੁਜਗਾਰਾਂ
ਨੂੰ ਨੌਕਰੀ ਦੇਣ ਲਈ ਸਤੰਬਰ 2012 ਵਿਚ 5078 ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ ਦਾ
ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਵਿਚੋਂ ਪੰਜਾਬ ਸਰਕਾਰ ਹੁਣ ਜਾਣ ਬੁੱਝ ਕੇ ਮਸਾਂ ਹੀ
1600-1700 ਬੇਰੁਜਗਾਰਾਂ ਨੂੰ ਹੀ ਨੌਕਰੀਆਂ ਦੇ ਕੇ ਡੰਗ ਟਪਾਉਣ ਲੱਗੀ ਹੈ ਇਸ ਨਾਲ 3400
ਦੇ ਲਗਭਗ ਅਸਾਮੀਆਂ ਜਾਣਬੁੱਝ ਕੇ ਖਾਲੀ ਰੱਖਿਆ ਗਿਆ ਹੈ ਜਿਸ ਕਰਕੇ ਪੰਜਾਬ ਵਿਚ ਪਹਿਲੀ
ਵਾਰ 2011 ਵਿਚ ਟੀ ਈ ਟੀ ਪ੍ਰੀਖਿਆ ਪਾਸ ਕਰਨ ਵਾਲੇ 1500 ਦੇ ਲਗਭਗ ਬੇਰੁਜਗਾਰ ਨੌਕਰੀ
ਤੋਂ ਵਾਂਝੇ ਰਹਿ ਰਹੇ ਹਨ। ਇਨ੍ਹਾਂ ਬੇਰੁਜਗਾਰਾਂ ਵਿਚੋਂ 600 ਤੋਂ ਵਧੇਰੇ ਅਜਿਹੇ ਵੀ ਹਨ
ਜਿੰਨ੍ਹਾਂ ਦੀ ਨੌਕਰੀ ਉਡੀਕਦੇ-ਉਡੀਕਦੇ ਉਮਰ ਦੀ ਮਿਆਦ ਲੰਘ ਚੁੱਕੀ ਹੈ। ਜਿਸ ਕਾਰਨ ਉਹ
ਭਵਿੱਖ ਵਿਚ ਵੀ ਨਿਕਲਣ ਵਾਲੇ ਅਧਿਆਪਕਾਂ ਦੀ ਅਸਾਮੀ ਵਿਚ ਵੀ ਅਪਲਾਈ ਨਹੀਂ ਕਰ ਸਕਣਗੇ। ਇਹ
ਬੇਰੁਜਗਾਰਾਂ ਨਾਲ ਬਹੁਤ ਵੱਡਾ ਕੋਝਾ ਮਜਾਕ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜੋਰਦਾਰ
ਸ਼ਬਦਾਂ ਵਿਚ ਜੋਰਦਾਰ ਮੰਗ ਕੀਤੀ ਕਿ 5078 ਅਸਾਮੀਆਂ ਵਿਚ ਸਮਾਜਿਕ ਸਿੱਖਿਆ ਅਤੇ ਪੰਜਾਬੀ
ਵਿਸ਼ੇ ਦੀਆਂ ਅਸਾਮੀਆਂ ਦੀ ਗਿਣਤੀ ਵਿਚ ਵਾਧਾ ਕਰਕੇ ਕੌਸਲਿੰਗ ਦੇ ਚੁੱਕੇ 3800 ਦੇ ਲਗਭਗ
ਸਾਰੇ ਬੇਰੁਜਗਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਉਨ੍ਹਾਂ ਅੱਗੇ
ਕਿਹਾ ਕਿ 2011 ਵਿਚ ਟੀ ਈ ਟੀ ਪ੍ਰੀਖਿਆ ਪਾਸ ਕਰਨ ਵਾਲੇ ਸਮੂਹ ਬੇਰੁਜਗਾਰਾਂ ਵਲੋਂ ਆਪਣੇ
ਤੇ ਲੱਗਿਆ ਬੇਰੁਜਗਾਰੀ ਦਾ ਕਲੰਕ ਮਿਟਾਉਣ ਲਈ ਪੰਜਾਬ ਸਰਕਾਰ ਨੂੰ ਇਕ ਸਾਲ ਬਿਨ੍ਹਾਂ
ਤਨਖਾਹ ਲਏ ਵਗੈਰ ਨੌਕਰੀ ਕਰਨ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ ਪਰ ਪੰਜਾਬ ਸਰਕਾਰ ਵਲੋਂ
ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਇਨ੍ਹਾਂ ਬੇਰੁਜਗਾਰਾਂ ਦਾ ਸਬਰ ਦਾ ਪਿਆਰਾ
ਪੂਰੀ ਤਰ੍ਹਾਂ ਭਰ ਚੁੱਕਾ ਹੈ ਅਤੇ ਇਨ੍ਹਾਂ ਵਲੋਂ ਹੁਣ ਅਖੀਰ ਅੱਕ ਕੇ ਕਾਲੀ ਦੀਵਾਲੀ
ਮਨਾਉਣ, 26 ਅਕਤੂਬਰ ਨੂੰ ਪੰਜਾਬ ਭਰ ਦੇ ਸਾਰੇ ਜਿਲ੍ਹਾ ਪੱਧਰਾਂ ਤੇ ਪੰਜਾਬ ਸਰਕਾਰ ਦੀਆਂ
ਅਰਥੀਆਂ ਸਾੜਨ ਅਤੇ ਮੁਹਾਲੀ ਵਿਖੇ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।