ਹਰਿਆਣਾ ਤੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਭਾਜਪਾ ਸਪੱਸ਼ਟ ਨਹੀਂ ਕਰ ਪਾਈ ਸਥਿਤੀ
Posted on:- 20-10-2014
ਨਵੀਂ ਦਿੱਲੀ : ਹਰਿਆਣਾ
ਅਤੇ ਮਹਾਰਾਸ਼ਟਰ 'ਚ ਬੀਤੇ ਕੱਲ੍ਹ ਆਏ ਚੋਣ ਨਤੀਜਿਆਂ ਤੋਂ ਬਾਅਦ ਚੰਗੇ ਪ੍ਰਦਰਸ਼ਨ ਤੋਂ
ਉਤਸਾਹਤ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਦੋਵਾਂ ਸੂਬਿਆਂ ਵਿਚ ਸਰਕਾਰ ਬਣਾਉਣ ਲਈ
ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਪਰ ਅੱਜ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਹਰਿਆਣਾ ਅਤੇ
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਦੇ ਮੁੱਦੇ 'ਤੇ ਅੱਜ ਅਮਿੱਤ ਸ਼ਾਹ ਨੇ ਕੇਂਦਰੀ ਮੰਤਰੀ ਅਤੇ
ਸੀਨੀਅਰ ਭਾਜਪਾ ਆਗੂ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਹੈ।
ਹਰਿਆਣਾ ਵਿਚ ਮੁੱਖ
ਮੰਤਰੀ ਅਤੇ ਮਹਾਰਾਸ਼ਟਰ ਵਿਚ ਬਹੁਮਤ ਹਾਸਲ ਕਰਨ ਲਈ ਰੇੜਕਾ ਜਾਰੀ ਹੈ। ਹਰਿਆਣਾ ਵਿਚ
ਭਾਰਤੀ ਜਨਤਾ ਪਾਰਟੀ ਨੂੰ 47 ਸੀਟਾਂ ਮਿਲਣ ਦੇ ਨਾਲ ਹੀ ਭਾਵੇਂ ਸਪੱਸ਼ਟ ਬਹੁਮਤ ਹਾਸਲ ਹੋ
ਗਿਆ ਹੈ ਪਰ ਮਹਾਰਾਸ਼ਟਰ ਵਿਚ ਇਹ ਲੋੜੀਂਦਾ ਬਹੁਮਤ ਹਾਸਲ ਕਰਨ ਤੋਂ ਪਛੜ ਗਈ ਹੈ। ਹਰਿਆਣਾ
ਵਿਚ ਮੁੱਖ ਮੰਤਰੀ ਦੀ ਦੌੜ ਵਿਚ ਕਰਨਾਲ ਤੋਂ ਵਿਧਾਇਕ ਮਨੋਹਰ ਲਾਲ ਖੱਟੜ ਸਭ ਤੋਂ ਅੱਗੇ
ਦੱਸੇ ਜਾ ਰਹੇ ਹਨ। ਐਤਵਾਰ ਨੂੰ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਵਿਚ ਹਰਿਆਣਾ ਅਤੇ
ਮਹਾਰਾਸ਼ਟਰ ਵਿਚ ਭਾਜਪਾ ਵਿਧਾਇਕ ਦਲ ਦੀ ਚੋਣ ਕਰਨ ਲਈ ਦੋਵੇਂ ਥਾਵਾਂ 'ਤੇ ਕੇਂਰਦੀ ਅਬਜ਼ਰਵਰ
ਭੇਜਣ ਦਾ ਫੈਸਲਾ ਹੋਇਆ। ਰਾਜਥਾਨ ਸਿੰਘ ਅਤੇ ਜੇਪੀ ਨੱਢਾ ਮਹਾਰਾਸ਼ਟਰ ਵਿਚ ਅਤੇ ਵੈਂਕਈਆ
ਨਾਇਡੂ ਤੇ ਦਿਨੇਸ਼ ਸ਼ਰਮਾ ਹਰਿਆਣਾ ਵਿਚ ਪਾਰਟੀ ਦੇ ਵਿਧਾਇਕ ਦਲਾਂ ਦੀ ਮੀਟਿੰਗ ਵਿਚ ਕੇਂਦਰੀ
ਅਬਜ਼ਰਵਰ ਵਜੋਂ ਹਿੱਸਾ ਲੈਣਗੇ। ਹਰਿਆਣਾ ਵਿਚ ਜਿਥੇ ਭਾਜਪਾ ਆਪਣੇ ਬਲਬੁੱਤੇ 'ਤੇ ਬਹੁਮਤ
ਹਾਸਲ ਕਰ ਚੁੱਕੀ ਹੈ, ਮੰਗਲਵਾਰ ਨੂੰ ਦੁਪਹਿਰ ਵੇਲੇ ਚੰਡੀਗੜ੍ਹ ਵਿਚ ਉਸ ਦੇ ਨਵੇਂ ਚੁਣੇ
ਵਿਧਾਇਕਾਂ ਦੀ ਮੀਟਿੰਗ ਹੋਵੇਗੀ, ਜਿਸ ਵਿਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ, ਜੋ ਕਿ
ਮੁੱਖ ਮੰਤਰੀ ਅਹੁਦੇ ਦਾ ਵੀ ਸੰਭਾਵੀ ਉਮੀਦਵਾਰ ਹੋਵੇਗਾ। ਭਾਜਪਾ ਦੇ ਹਰਿਆਣਾ ਮਾਮਲਿਆਂ
ਦੇ ਇੰਚਾਰਜ ਜਗਦੀਸ਼ ਮੁਖੀ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ
ਮੰਗਲਵਾਰ ਦੁਪਹਿਰ 12 ਵਜੇ ਹੋਵੇਗੀ।
ਦੱਸਿਆ ਜਾਂਦਾ ਹੈ ਕਿ ਸ਼ਿਵ ਸੈਨਾ ਮੁਖੀ ਉਧਵ
ਠਾਕਰੇ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਚੰਗੇ
ਪ੍ਰਦਰਸ਼ਨ ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣ ਤੋਂ ਬਾਅਦ ਇਸ
ਸਹਿਯੋਗੀ ਦਲ ਨਾਲ ਮੁੜ ਤੋਂ ਤਾਲ ਮੇਲ ਕੀਤੇ ਜਾਣ ਨੂੰ ਲੈ ਕੇ ਅਮਿੱਤ ਸ਼ਾਹ ਅਤੇ ਗਡਕਰੀ
ਵਿਚਾਲੇ ਵਿਚਾਰ–ਵਟਦਾਂਰਾ ਹੋਇਆ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ
ਸੀਟਾਂ ਦੀ ਵੰਡ ਨੂੰ ਲੈ ਕੇ ਆਮ ਸਹਿਮਤੀ ਨਾ ਬਣਨ ਕਾਰਨ ਭਾਜਪਾ–ਸ਼ਿਵ ਸੈਨਾ ਗਠਜੋੜ ਟੁੱਟ
ਗਿਆ ਸੀ। ਮਹਾਰਾਸ਼ਟਰ ਵਿਚ ਬਹੁਮਤ ਤੋਂ ਪਛੜ ਗਈ। ਭਾਜਪਾ ਆਪਣੇ ਇਸ ਪੁਰਾਣੇ ਭਾਈਵਾਲ ਨਾਲ
ਮੁੜ ਤੋਂ ਗਠਜੋੜ ਕਰਨ ਵਿਚ ਦਿਲਚਸਪੀ ਦਿਖ਼ਾ ਰਹੀ ਹੈ।
ਉਧਰ ਦੂਜੇ ਪਾਸੇ ਸ਼ਿਵ ਸੈਨਾ ਨੇ
ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਹਾਲੇ ਆਪਣੇ ਪੱਤੇ ਨਾ ਖੋਲ੍ਹਦਿਆਂ ਕਿਹਾ ਕਿ
ਉਹ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਭਾਜਪਾ ਨੇ ਉਸ
ਨਾਲ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ। 63 ਵਿਧਾਇਕਾਂ ਵਾਲੀ ਸ਼ਿਵ ਸੈਨਾ ਨੇ ਭਾਜਪਾ ਨੂੰ
ਸਮਰਥਨ ਦੇਣ ਜਾਂ ਨਾ ਦੇਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ। ਪਾਰਟੀ ਦੀ ਸੋਮਵਾਰ ਨੂੰ
ਹੋਈ ਮੀਟਿੰਗ ਵਿਚ ਸ਼ਿਵ ਸੈਨਾ ਮੁੱਖੀ ਉਧਵ ਠਾਕਰੇ ਨੇ ਕਿਹਾ ਕਿ ਜੇਕਰ ਭਾਜਪਾ ਨੇ ਚੰਗਾ
ਆਫ਼ਰ ਕੀਤਾ ਤਾਂ ਸਮਰਥਨ ਬਾਰੇ ਸੋਚਿਆ ਜਾਵੇਗਾ, ਨਹੀਂ ਤਾਂ ਉਨ੍ਹਾਂ ਦੀ ਪਾਰਟੀ ਵਿਰੋਧ ਧਿਰ
ਵਿਚ ਬੈਠੇ ਗਈ। ਸੋਮਵਾਰ ਨੂੰ ਸ਼ਿਵ ਸੈਨਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਮੀਟਿੰਗ ਵਿਚ
ਪਾਰਟੀ ਮੁਖੀ ਉਧਵ ਠਾਕਰੇ ਨੂੰ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਅਧਿਕਾਰ ਸੌਂਪ ਦਿੱਤਾ।
ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਸਾਨੂੰ ਹਰ ਹਾਲਤ ਨਾਲ ਨਜਿੱਠਣ ਲਈ ਤਿਆਰ
ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਚੋਣਾਂ ਲੜੇ ਅਤੇ ਚੰਗਾ ਪ੍ਰਦਰਸ਼ਨ ਕੀਤਾ।
ਉਧਵ ਠਾਕਰੇ ਨੇ ਕਿਹਾ ਕਿ ਮੈਂ ਫ਼ੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤ ਤੇ
ਵਧਾਈ ਦਿੱਤੀ ਹੈ। ਉਧਰ ਐਨਸੀਪੀ ਨੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ
ਬਾਹਰੋਂ ਸਮਰਥਨ ਦੇਣ ਦੀ ਪੇਸ਼ਕਸ਼ ਕਰਕੇ ਸਭ ਤੋਂ ਹੈਰਾਨ ਕਰ ਦਿੱਤਾ ਹੈ।