ਕਾਂਗਰਸੀ ਹੈਡਕੁਆਰਟਰ ਮੂਹਰੇ ਲੱਗੇ 'ਪ੍ਰਿਯੰਕਾ ਲਿਆਓ, ਕਾਂਗਰਸ ਬਚਾਓ' ਦੇ ਨਾਅਰੇ
Posted on:- 19-10-2014
ਨਵੀਂ ਦਿੱਲੀ : ਮਹਾਰਾਸ਼ਟਰ
ਅਤੇ ਹਰਿਆਣਾ ਵਿੱਚ ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾ
ਰਿਹਾ ਹੈ, ਉਥੇ ਹੀ ਕਾਂਗਰਸ ਵਿੱਚ ਹਾਰ ਤੋਂ ਬਾਅਦ ਫ਼ਿਰ 'ਪ੍ਰਿਯੰਕਾ ਲਿਆਓ, ਕਾਂਗਰਸ
ਬਚਾਓ' ਦੀ ਮੰਗ ਉਠੀ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਤੋਂ
ਬਾਅਦ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ 'ਤੇ 'ਪ੍ਰਿਯੰਕਾ ਗਾਂਧੀ ਲਿਆਓ' ਦਾ ਨਾਅਰਾ
ਬੁਲੰਦ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਕਾਂਗਰਸ ਕਾਰਕੁਨ ਉਥੇ ਇਕੱਠੇ ਹੋਏ ਅਤੇ ਪ੍ਰਿਯੰਕਾ
ਨੂੰ ਸਰਗਰਮ ਸਿਆਸਤ ਵਿੱਚ ਲਿਆਉਣ ਦੀ ਮੰਗ ਕੀਤੀ ਗਈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ
ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ 'ਤੇ ਸਵਾਲ ਉਠੇ ਹੋਣ। ਉਤਰ ਪ੍ਰਦੇਸ਼ ਵਿੱਚ ਵੀ
ਕਈ ਵਾਰ ਪ੍ਰਿਯੰਕਾ ਨੂੰ ਜ਼ਿੰਮੇਵਾਰੀ ਸੌਂਪਣ ਦੀ ਮੰਗ ਵਾਲੇ ਪੋਸਟਰ ਲੱਗ ਚੁੱਕੇ ਹਨ।
ਕਾਂਗਰਸੀ ਕਾਰਕੁਨਾਂ ਨੇ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਪੀਏ ਕਨਿਸ਼ਕ ਸਿੰਘ 'ਤੇ
ਨਿਸ਼ਾਨਾ ਸਾਧਿਆ ਹੈ। ਦੋਵੇਂ ਸੂਬਿਆਂ ਦੇ ਚੋਣ ਨਤੀਜਿਆਂ ਵਿੱਚ ਕਾਂਗਰਸ ਦਾ ਸਫਾਇਆ ਹੁੰਦਾ
ਨਜ਼ਰ ਆਉਣ 'ਤੇ ਕਾਂਗਰਸ ਹੈਡ ਕੁਆਰਟਰ ਦਿੱਲੀ ਵਿੱਚ 'ਪ੍ਰਿਯੰਕਾ ਲਿਆਓ, ਕਾਂਗਰਸ ਬਚਾਓ'
ਦੇ ਨਾਅਰੇ ਲੱਗੇ। ਕਾਂਗਰਸੀ ਸਮਰਥਕ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਪਾਰਟੀ ਦੇ ਖ਼ਰਾਬ
ਪ੍ਰਦਰਸ਼ਨ ਲਈ ਮੌਜੂਦਾ ਲੀਡਰਸ਼ਿਪ 'ਤੇ ਸਵਾਲ ਉਠਾਉਂਦਿਆਂ ਕਹਿ ਰਹੇ ਸਨ ਕਿ ਹੁਣ ਪਾਰਟੀ 'ਚ
ਤਕੜੀ ਅਗਵਾਈ ਦੀ ਕਮੀ ਆ ਗਈ ਹੈ। ਪਾਰਟੀ ਦੇ ਸਮਰਥਕ ਕਾਰਕੁਨਾਂ ਨੇ ਕਿਹਾ ਕਿ ਪ੍ਰਿਯੰਕਾ
ਵਿੱਚ ਜਨਤਾ ਨੂੰ ਮਰਹੂਮ ਇੰਦਰਾ ਗਾਂਧੀ ਦੀ ਝਲਕ ਦੇਖਣ ਨੂੰ ਮਿਲਦੀ ਹੈ, ਅਜਿਹੇ ਵਿੱਚ
ਜਦੋਂ ਪ੍ਰਿਯੰਕਾ ਪਾਰਟੀ ਦਾ ਚਿਹਰਾ ਬਣੇਗੀ ਤਾਂ ਯਕੀਨੀ ਤੌਰ 'ਤੇ ਲੋਕ ਉਨ੍ਹਾਂ ਨੂੰ ਪਸੰਦ
ਕਰਨਗੇ।