ਮੇਰਾ ਜਨਤਕ ਜੀਵਨ ਅੱਗ ਦੇ ਇੱਕ ਦਰਿਆ 'ਚ ਤੈਰਨ ਜਿਹਾ : ਜੈਲਲਿਤਾ
Posted on:- 19-10-2014
ਨਵੀਂ ਦਿੱਲੀ : ਆਮਦਨ
ਦੇ ਸਰੋਤਾਂ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ 21 ਦਿਨ ਜੇਲ੍ਹ 'ਚ ਰਹਿਣ ਤੋਂ ਬਾਅਦ
ਬਾਹਰ ਆਈ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਅੰਨਾ ਦਰਾਮੁਕ ਦੀ ਮੁਖੀ ਜੈਲਲਿਤਾ ਨੇ
ਆਪਣੇ ਪਹਿਲੇ ਬਿਆਨ ਵਿੱਚ ਕਿਹਾ ''ਮੇਰਾ ਜਨਤਕ ਜੀਵਨ ਅੱਗ ਦੇ ਇੱਕ ਦਰਿਆ 'ਚ ਤੈਰਨ ਜਿਹਾ
ਹੈ।'' ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੂਰੇ ਸੂਬੇ ਵਿੱਚ ਖੁਸ਼ੀ ਦਾ
ਮਾਹੌਲ ਬਣਿਆ ਹੋਇਆ ਹੈ ਅਤੇ ਅਜਿਹਾ ਲੱਗ ਰਿਹਾ ਹੈ, ਜਿਵੇਂ ਤਾਮਿਲਨਾਡੂ ਵਿੱਚ ਕੁਝ ਦਿਨ
ਪਹਿਲਾਂ ਹੀ ਦਿਵਾਲੀ ਮਨਾਈ ਜਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ
ਬਾਅਦ ਬੰਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਦੀ ਰਿਹਾਈ ਦੇ ਹੁਕਮ ਦਿੱਤੇ ਹਨ।
ਰਿਹਾਈ ਦਾ ਹੁਕਮ ਵਿਸ਼ੇਸ਼ ਜੱਜ ਜਾਨ ਮਾਇਕਲ ਡੀ ਕੁਨਹਾ ਨੇ ਦਿੱਤਾ ਸੀ। ਇਸ ਲਈ ਜੈਲਲਿਤਾ
ਤੋਂ ਦੋ ਕਰੋੜ ਰੁਪਏ ਦਾ ਜ਼ਮਾਨਤੀ ਬਾਂਡ ਭਰਾਇਆ ਗਿਆ ਸੀ। ਜੈਲਲਿਤਾ ਨੇ ਉਨ੍ਹਾਂ ਨੂੰ ਉਮਰ
ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਆਤਮ ਹੱਤਿਆ ਕਰਨ ਵਾਲੇ 193 ਲੋਕਾਂ ਦੇ ਪਰਿਵਾਰਾਂ ਨੂੰ
3-3 ਲੱਖ ਰੁਪਏ ਅਤੇ ਆਤਮ ਹੱਤਿਆ ਦਾ ਯਤਨ ਕਰਨ ਵਾਲੇ 3 ਲੋਕਾਂ ਨੂੰ 50-50 ਹਜ਼ਾਰ ਰੁਪਏ
ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ ਹੈ।