ਹਰਿਆਣਾ, ਮਹਾਰਾਸ਼ਟਰ ਚੋਣਾਂ ਦੇ ਨਤੀਜੇ ਦਿੱਲੀ ਦੀ ਦਿਸ਼ਾ ਤੈਅ ਕਰਨਗੇ
Posted on:- 18-10-2014
ਨਵੀਂ ਦਿੱਲੀ : ਹਰਿਆਣਾ
ਅਤੇ ਮਹਾਰਾਸ਼ਟਰ ਦੇ ਚੋਣਾਂ ਦੇ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਤੈਅ ਕਰਨਗੇ।
ਜੇਕਰ ਇਨ੍ਹਾਂ ਨਤੀਜਿਆਂ ਵਿੱਚ ਭਾਜਪਾ ਪੂਰਨ ਬਹੁਮਤ ਹਾਸਲ ਕਰਕੇ ਜਿੱਤ ਵਲ ਵਧਦੀ ਹੈ ਤਾਂ
ਦਿੱਲੀ ਵਿੱਚ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਬਣ ਸਕਦੀ ਹੈ। ਦਿੱਲੀ ਪੁਲਿਸ ਖੁਫ਼ੀਆ
ਵਿਭਾਗ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਗਤੀਵਿਧੀਆਂ ਦੇ ਬਾਰੇ ਵਿੱਚ
ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਜਲਦ ਹੀ ਇੱਕ ਰਿਪੋਰਟ
ਤਿਆਰ ਕੀਤੀ ਜਾਣੀ ਹੈ।
ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਅੱਜ ਵੋਟਾਂ ਦੀ ਗਿਣਤੀ ਸ਼ੁਰੂ
ਹੋਵੇਗੀ। ਬੇਸ਼ੱਕ ਐਗਜਿਟ ਪੋਲ ਵਿੱਚ ਭਾਜਪਾ ਨੂੰ ਕਾਫ਼ੀ ਅੱਗੇ ਦੱਸਿਆ ਗਿਆ ਹੈ, ਪਰ ਅਸਲੀ
ਸਥਿਤੀ ਤਾਂ ਨਤੀਜੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਜੇਕਰ ਨਤੀਜੇ ਭਾਜਪਾ ਪੱਖ਼ੀ
ਹੁੰਦੇ ਹਨ ਤਾਂ ਫ਼ਿਰ ਜਲਦੀ ਹੀ ਰਾਜਧਾਨੀ ਦਿੱਲੀ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣ ਦੀ
ਸੰਭਾਵਨਾ ਹੈ। ਜੇਕਰ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਮੋਦੀ ਫੈਕਟਰ ਦਾ ਪੂਰਾ ਫਾਇਦਾ ਮਿਲਦਾ
ਹੈ ਤਾਂ ਫ਼ਿਰ ਦਿੱਲੀ ਵਿੱਚ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਇੱਥੋਂ ਤੱਕ ਆਮ
ਆਦਮੀ ਪਾਰਟੀ ਦਾ ਸਵਾਲ ਹੈ, ਉਸ ਅੰਦਰ ਵੀ ਕਾਫ਼ੀ ਹਿਲਜੁਲ ਹੋ ਚੁੱਕੀ ਹੈ ਅਤੇ ਕਈ ਨੇਤਾ
ਕੇਜਰੀਵਾਲ ਦਾ ਸਾਥ ਵੀ ਛੱਡ ਚੁੱਕੇ ਹਨ ਅਤੇ ਕੁਝ ਛੱਡਣ ਨੂੰ ਤਿਆਰ ਵੀ ਬੈਠੇ ਹਨ।
ਸੂਤਰਾਂ
ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਪਈ ਫੁੱਟ ਦਾ ਫਾਇਦਾ ਲੈਣ ਲਈ ਭਾਜਪਾ ਪੱਬਾਂ
ਭਾਰ ਹੋਈ ਫ਼ਿਰ ਰਹੀ ਹੈ। ਹੁਣੇ ਹੀ ਕੇਂਦਰ ਸਰਕਾਰ ਨੇ ਆਮ ਜਨਤਾ ਨਾਲ ਜੁੜੀਆਂ ਕੁਝ
ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਹੜੀਆਂ ਸਿੱਧੀਆਂ ਹੀ ਦਿੱਲੀ ਨਾਲ ਜੁੜੀਆਂ ਹਨ। ਸੂਤਰਾਂ
ਦੇ ਦੱਸਣ ਅਨੁਸਾਰ ਇਨ੍ਹਾਂ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਿਸਪੁਰ ਅਤੇ ਨਰੇਲਾ ਦੀ
ਮੈਟਰੋ ਅਜਿਹੀ ਯੋਜਨਾ ਵਿੱਚ ਸ਼ਾਮਲ ਹੈ, ਜਿਸ ਨਾਲ ਇੱਕ ਵੱਡੀ ਆਬਾਦੀ ਨੂੰ ਲਾਭ ਮਿਲੇਗਾ,
ਜਿਸ ਨੂੰ ਭਾਜਪਾ ਚੋਣਾਂ ਦੌਰਾਨ ਵਰਤਣਾ ਚਾਹੁੰਦੀ ਹੈ। ਦਿੱਲੀ ਵਿੱਚ ਚੁਣੇ ਜ਼ਿਆਦਾ ਵਿਧਾਇਕ
ਚਾਹੁੰਦੇ ਹਨ ਕਿ ਸਰਕਾਰ ਬਣਨੀ ਚਾਹੀਦੀ ਹੈ, ਪਰ ਜੋੜ ਤੋੜ ਵਿੱਚ 9 ਮਹੀਨੇ ਦਾ ਸਮਾਂ
ਨਿਕਲ ਗਿਆ ਹੈ।