ਸੁਖਬੀਰ ਵੱਲੋਂ ਲੁਧਿਆਣਾ ਸਬੰਧੀ ਦਿੱਤੇ ਬਿਆਨਾਂ 'ਚੋਂ ਕਿਹੜਾ ਸਹੀ : ਖਹਿਰਾ
Posted on:- 18-10-2014
ਚੰਡੀਗੜ੍ਹ : ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਕਾਂਗਰਸ ਵੱਲੋਂ ਪੰਜਾਬ ਦੇ ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਲੁਧਿਆਣਾ ਨੂੰ ਵਪਾਰਿਕ
ਕੇਂਦਰ, ਸਾਫ ਅਤੇ ਹਰਾ ਭਰਾ ਭਵਿੱਖ ਦਾ ਸ਼ਹਿਰ ਬਣਾਉਣ ਦੇ ਵਾਅਦਿਆਂ ਵਾਲੇ ਅਣਗਿਣਤ ਬਿਆਨਾਂ
'ਚੋਂ ਕਿਹੜਾ ਸਹੀ ਹੈ?
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਾਲਾਂ ਤੋਂ ਸ. ਬਾਦਲ
ਲੁਧਿਆਣਾ ਸ਼ਹਿਰ ਨੂੰ ਵਪਾਰਿਕ ਕੇਂਦਰ, ਮੈਟਰੋ ਵਾਲਾ ਭਵਿੱਖ ਦਾ ਹਰਾ ਭਰਾ ਸ਼ਹਿਰ ਬਣਾਉਣ ਦੇ
ਵਾਅਦੇ ਕਰਦੇ ਆ ਰਹੇ ਹਨ । ਜਦ ਵੀ ਉਹ ਲੁਧਿਆਣਾ ਆਉਂਦੇ ਹਨ ਤਾਂ ਵੱਡੇ ਬੋਗਸ ਅੰਕਿੜਆਂ
ਦੇ ਹੇਰ-ਫੇਰ ਨਾਲ ਇਸ ਗੱਲ ਉੱਪਰ ਜੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ.
ਬਾਦਲ ਨੂੰ ਚੁਣੌਤੀ ਹੈ ਕਿ ਉਹ ਸਪੱਸ਼ਟ ਕਰਨ ਕਿ ਵਾਅਦਿਆਂ ਤੇ ਜਨਤਕ ਬਿਆਨਾਂ 'ਚੋਂ ਕਿਹੜੇ
ਸਹੀ ਹਨ?
ਉਨ੍ਹਾਂ ਕਿਹਾ ਕਿ ਕੀ ਇਹ ਸੱਚ ਹੈ ਕਿ 2 ਸਤੰਬਰ 2012 ਨੂੰ ਉਨ੍ਹਾਂ ਨੇ
ਲੁਧਿਆਣਾ ਵਿਖੇ ਮੈਟਰੋ ਰੇਲ ਸੇਵਾਵਾਂ ਸ਼ੁਰੂ ਕੀਤੇ ਜਾਣ ਦਾ ਵਾਅਦਾ ਕੀਤਾ ਸੀ? ਇਸ ਉਦੇਸ਼
ਨਾਲ ਉਨ੍ਹਾਂ ਨੇ 105.06 ਬਿਲੀਅਨ ਰੁਪਏ ਜਾਂ ਲਗਭਗ 10,500 ਕਰੋੜ ਰੁਪਏ ਦੇ ਬਜਟ ਵਾਲੇ
ਲੁਧਿਆਣਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਬੈਨਰ ਹੇਠ ਸਪੈਸ਼ਨ ਪਰਪਜ ਵਹੀਕਲ(ਐਸਪੀਵੀ) ਦੇ ਗਠਨ
ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਦੇ 2014 ਵਿੱਚ ਮੁਕੰਮਲ ਹੋਣ ਦਾ
ਵਾਅਦਾ ਕੀਤਾ ਗਿਆ ਸੀ, ਜਿਸ ਵਾਸਤੇ ਅਕਾਲੀ-ਭਾਜਪਾ ਸਰਕਾਰ ਨੇ ਸਾਰੀਆਂ ਮੁੱਖ ਅਖਬਾਰਾਂ
ਵਿੱਚ ਸਰਕਾਰੀ ਖਜਾਨੇ ਦੇ ਕਰੋੜਾਂ ਰੁਪਏ ਖਰਾਬ ਕਰਦੇ ਹੋਏ ਪੂਰੇ ਪੰਨੇ ਦੇ ਰੰਗ ਬਿਰੰਗੇ
ਇਸ਼ਤਿਹਾਰ ਵੀ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਕੀ ਇਹ ਸੱਚ ਹੈ ਕਿ 12 ਜੁਲਾਈ 2013 ਨੂੰ
ਉਨ੍ਹਾਂ ਨੇ ਪੂਰੇ ਸ਼ੋਰ ਸ਼ਰਾਬੇ ਨਾਲ ਸ਼ਹਿਰ ਦੇ ਵਿਕਾਸ ਵਾਸਤੇ 2499.74 ਕਰੋੜ ਰੁਪਏ ਵਾਲੇ
ਮਿਸ਼ਨ ਲੁਧਿਆਣਾ ਦਾ ਐਲਾਨ ਕੀਤਾ ਸੀ? ਇਸ ਅਖੌਤੀ ਮਿਸ਼ਨ ਲੁਧਿਆਣਾ ਤਹਿਤ ਉਨ੍ਹਾਂ ਨੇ
ਫਿਰੋਜ਼ਪੁਰ ਰੋਡ-ਜਗਰਾਉਂ ਪੁੱਲ-ਸਿੱਧਵਾਂ ਨਹਿਰ ਨੂੰ 8 ਮਾਰਗੀ ਕਰਨ ਅਤੇ ਤਿੰਨ ਪੁੱਲਾਂ
ਆਦਿ ਨੂੰ ਮਾਰਚ 2015 ਤੱਕ ਮੁਕੰਮਲ ਕਰਨ ਲਈ 1352.20 ਕਰੋੜ ਰੁਪਏ ਖਰਚ ਕਰਨ ਦਾ ਵਾਅਦਾ
ਕੀਤਾ ਸੀ । ਫਿਰੋਜ਼ ਗਾਂਧੀ ਮਾਰਕਿਟ ਵਿੱਚ 35 ਕਰੋੜ ਰੁਪਏ ਦੇ ਖਰਚ ਨਾਲ ਪਾਰਕਿੰਗ
ਕੰਪਲੈਕਸ ਦੀ ਉਸਾਰੀ ਕਰਨ ਦਾ ਵਾਅਦਾ ਕੀਤਾ ਸੀ। 26 ਜਨਵਰੀ 2014 ਤੱਕ 136 ਕਰੋੜ ਰੁਪਏ
ਖਰਚ ਕਰਕੇ ਝੁੱਗੀ ਝੋਪੜੀਆਂ ਵਾਲਿਆਂ ਦੀ ਜੀਵਨ ਸ਼ੈਲੀ ਨੂੰ ਸੁਧਾਰਨ ਲਈ ਉਨ੍ਹਾਂ ਨੇ 1100
ਰਿਹਾਇਸ਼ੀ ਮਕਾਨ ਬਣਾਕੇ ਚਾਬੀਆਂ ਵੀ ਸੌਂਪ ਦੇਣ ਦਾ ਐਲਾਨ ਕੀਤਾ ਸੀ। ਇਸੇ ਤਰਾਂ ਹੀ ਜੂਨ
2014 ਤੱਕ ਰੋਜ਼ਾਨਾ ਸਫਰ ਕਰਨ ਵਾਲਿਆਂ ਲਈ ਸ਼ਹਿਰ ਵਿੱਚ 210 ਨਵੀਆਂ ਬੱਸਾਂ ਦੇ ਫਲੀਟ ਦਾ
ਐਲਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਇਹ ਵੀ ਵਾਅਦਾ ਕੀਤਾ ਸੀ ਕਿ 60
ਕਰੋੜ ਰੁਪਏ ਖਰਚ ਕਰਕੇ ਸ਼ਹਿਰ ਦੀਆਂ ਸੜਕਾਂ ਦਾ ਸੁਧਾਰ ਕੀਤਾ ਜਾਵੇਗਾ ਅਤੇ ਲਧਿਆਣਾ ਦੇ
ਸਾਰੇ ਹੀ 75 ਵਾਰਡਾਂ ਵਾਸਤੇ ਸਰਵ ਪੱਖੀ ਵਿਕਾਸ ਲਈ 88 ਕਰੋੜ ਰੁਪਏ ਦੀ ਵੱਡੀ ਰਕਮ ਦਾ ਵੀ
ਐਲਾਨ ਕੀਤਾ ਸੀ। ਉਨ੍ਹਾਂ ਨੇ ਪੱਖੋਵਾਲ ਰੋਡ ਉੱਤੇ ਇਨਡੋਰ ਸਟੇਡੀਅਮ ਬਣਾਉਣ ਦਾ ਵਾਅਦਾ
ਵੀ ਕੀਤਾ ਸੀ।
ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਦੇ ਮੁੱਦੇ 'ਤੇ ਉਨ੍ਹਾਂ ਨੇ
ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ 500 ਕਰੋੜ ਰੁਪਏ ਦਾ ਮਾਸਟਰ ਪਲਾਨ ਤਿਆਰ
ਕੀਤਾ ਗਿਆ ਹੈ ਅਤੇ 110 ਕਰੋੜ ਰੁਪਏ ਬੁੱਢੇ ਨਾਲੇ ਨਾਲ ਲਗਦੀਆਂ ਸੜਕਾਂ ਲਈ ਐਲਾਨੇ ।
ਉਨ੍ਹਾਂ
ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨਾਂ ਨਾਲ ਸਫਾਈ ਅਤੇ ਧੁਲਾਈ ਲਈ ਅਤੇ ਬੁੱਚੜ
ਖਾਨਿਆਂ ਦੇ ਵਿਕਾਸ ਅਤੇ ਆਧੁਨਿਕਰਨ ਲਈ 37 ਕਰੋੜ ਰੁਪਏ ਜਲਦ ਜਾਰੀ ਕੀਤੇ ਜਾਣ ਦਾ ਵੀ
ਉਨ੍ਹਾਂ ਨੇ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੁਧਿਆਣਾ ਵਿੱਚ 100 ਫੀਸਦੀ
ਪੀਣ ਵਾਲੇ ਪਾਣੀ ਅਤੇ ਸੀਵਰੇਜ ਸੁਵਿਧਾ ਦਾ ਵੀ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ
ਹੁਣ ਸਾਲਾਂ ਬਾਅਦ ਆਪਣੇ ਮੈਟਰੋ ਰੇਲ ਅਤੇ ਮਿਸ਼ਨ ਲੁਧਿਆਣਾ ਵਰਗੇ ਹਾਸੋ ਹੀਣੇ ਵਾਅਦਿਆਂ
ਤੋਂ ਬਾਅਦ ਉਨ੍ਹਾਂ ਨੇ ਫਿਰ ਇੱਕ ਵਾਰ 2015 ਤੱਕ ਲੁਧਿਆਣਾ ਨੂੰ ਵਿਕਸਿਤ ਕਰਕੇ ਇੱਕ
ਵਪਾਰਿਕ ਕੇਂਦਰ ਅਤੇ ਸਾਫ ਸੁਥਰਾ ਹਰਿਆ ਭਰਿਆ ਸ਼ਹਿਰ ਬਣਾਉਣ ਦਾ ਦਾਅਵਾ ਕੀਤਾ ਹੈ। ਇਸ
ਮੰਤਵ ਲਈ ਹੁਣ ਉਨ੍ਹਾਂ ਨੇ ਸ਼ਹਿਰ ਦੇ 17 ਚੌਕਾਂ ਅਤੇ ਹੋਰ ਗਰੀਨ ਬੈਲਟਾਂ ਦੇ ਰੱਖ ਰਖਾਵ
ਲਈ ਹੀਰੋ ਗੱਰੁਪ ਵਰਗੇ ਕਾਰਪੋਰੇਟ ਇੰਡਸਟਰੀਅਲ ਘਰਾਣਿਆਂ ਉੱਪਰ ਨਿਰਭਰ ਹੋਣ ਦਾ ਫੈਸਲਾ
ਕੀਤਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਾਰਪੋਰੇਟ ਘਰਾਣਿਆਂ ਨੂੰ ਸੋਂਪ ਕੇ 2015
ਤੱਕ ਲੁਧਿਆਣਾ ਨੂੰ ਵਿਕਸਿਤ ਕਰਨ ਦੇ ਵਾਅਦੇ ਕਰ ਕੇ ਸ. ਬਾਦਲ ਨੇ ਸਪੱਸ਼ਟ ਤੋਰ 'ਤੇ ਨਾ
ਸਿਰਫ ਆਪਣੀ ਅਯੋਗਤਾ ਅਤੇ ਅਸਫਲਤਾ ਨੂੰ ਕਬੂਲ ਕੀਤਾ ਹੈ ਬਲਕਿ ਇਹ ਵੀ ਮੰਨਿਆ ਹੈ ਕਿ
ਲੁਧਿਆਣਾ ਇੱਕ ਪਛੜਿਆ ਹੋਇਆ ਗੈਰਵਿਕਸਿਤ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਰਕਾਰ
ਭਾਰਤ ਦੇ ਮਾਨਚੈਸਟਰ ਆਖੇ ਜਾਣ ਵਾਲੇ ਲੁਧਿਆਣਾ ਸ਼ਹਿਰ ਦਾ ਵਿਕਾਸ ਨਹੀਂ ਕਰ ਸਕਦੀ ਤਾਂ
ਕੋਈ ਵੀ 13,000 ਪਿੰਡਾਂ ਦੀ ਮੰਦਹਾਲੀ ਦਾ ਅੰਦਾਜ਼ਾ ਅਸਾਨੀ ਨਾਲ ਲਗਾ ਸਕਦਾ ਹੈ।
ਉਨ੍ਹਾਂ
ਕਿਹਾ ਕਿ ਇਸ ਲਈ ਕਾਂਗਰਸ ਪਾਰਟੀ ਦੀ ਸ. ਬਾਦਲ ਨੂੰ ਸਲਾਹ ਹੈ ਕਿ ਸਿਰਫ ਸੋੜੇ ਸਿਆਸੀ
ਲਾਹੇ ਲਈ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਲਈ ਦਿਨ ਵਿੱਚ ਸੁਪਨੇ ਦੇਖਣੇ
ਅਤੇ ਹਵਾਈ ਮਹਿਲ ਉਸਾਰਣੇ ਛੱਡ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ 'ਤੇ ਉਨ੍ਹਾਂ
ਨੂੰ ਜਨਤਕ ਬਹਿਸ ਦੀ ਚੁਣੋਤੀ ਦਿੰਦੀ ਹੈ ਅਤੇ ਮੰਗ ਕਰਦੀ ਹੈ ਕਿ ਉਹ ਸਪੱਸ਼ਟ ਕਰਨ ਕਿ
ਮੈਟਰੋ, 2499 ਕਰੋੜ ਰੁਪਏ ਵਾਲੇ ਮਿਸ਼ਨ ਲੁਧਿਆਣਾ ਜਾ 2015 ਤੱਕ ਲੁਧਿਆਣਾ ਨੂੰ ਭਵਿੱਖ ਦਾ
ਸ਼ਹਿਰ ਬਣਾਏ ਜਾਣ ਵਾਲੇ ਤਾਜ਼ਾ ਵਾਅਦੇ 'ਚੋਂ ਕਿਹੜਾ ਸਹੀ ਤੇ ਸੱਚ ਹੈ?