ਭਾਰਤ ਦੇ ਕਈ ਸ਼ਹਿਰਾਂ 'ਤੇ ਦਹਿਸ਼ਤਵਾਦੀ ਹਮਲਿਆਂ ਦਾ ਡਰ : ਐਨਐਸਜੀ
Posted on:- 16-10-2014
ਮਾਨੇਸਰ (ਹਰਿਆਣਾ) : ਭਾਰਤ
ਦੇ ਵਿਸ਼ੇਸ਼ ਦਹਿਸ਼ਤਵਾਦ ਰੋਕੂ ਦਸਤੇ (ਐਨਐਸਜੀ) ਨੇ ਅੱਜ ਚੇਤਾਵਨੀ ਦਿੱਤੀ ਹੈ ਕਿ
ਆਈਐਸਆਈਐਸ ਅਤੇ ਅਲਕਾਇਦਾ ਜਿਹੇ ਵਿਸ਼ਵੀ ਦਹਿਸ਼ਤਗਰਦ ਸੰਗਠਨ ਹੱਥ ਮਿਲਾ ਕੇ ਭਾਰਤ ਦੇ ਇੱਕ
ਤੋਂ ਵਧ ਸ਼ਹਿਰਾਂ 'ਤੇ ਇੱਕ ਤੋਂ ਵਧ ਹਮਲੇ ਕਰ ਸਕਦੇ ਹਨ।
ਸਾਂਝੇ ਦਹਿਸ਼ਤਵਾਦੀ ਹਮਲੇ
ਦੀ ਚੇਤਾਵਨੀ ਕੌਮੀ ਸੁਰੱਖਿਆ ਗਾਰਡ (ਐਨਐਸਜੀ) ਦੇ ਡਾਇਰੈਕਟਰ ਜਨਰਲ ਜੇਐਨ ਚੌਧਰੀ ਨੇ
ਦਿੱਤੀ, ਜਿਨ੍ਹਾਂ ਨੇ 2008 ਮੁੰਬਈ ਦਹਿਸ਼ਤਵਾਦੀ ਹਮਲੇ ਨੂੰ ਖ਼ਤਰਿਆਂ ਦੀ ਇੱਕ ਝਲਕ ਦੱਸਿਆ।
ਐਨਐਸਜੀ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ ਅਤੇ ਜਿਸ
ਤਰ੍ਹਾਂ ਦੀ ਅਤੇ ਜਦੋਂ ਮਰਜ਼ੀ ਲੋੜ ਹੋਵੇਗੀ, ਉਸ ਵੱਲੋਂ ਜਵਾਬ ਦਿੱਤਾ ਜਾਵੇਗਾ। ਐਨਐਸਜੀ
ਦੀ ਇਹ ਚੇਤਾਵਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਇਹ ਕਹੇ ਜਾਣ ਤੋਂ ਇੱਕ ਦਿਨ
ਬਾਅਦ ਆਈ ਹੈ ਕਿ ਕਸ਼ਮੀਰ ਵਿੱਚ ਆਈਐਸਆਈਐਸ ਦੇ ਝੰਡੇ ਲਹਿਰਾਉਣ ਦੀਆਂ ਘਟਨਾਵਾਂ ਚਿੰਤਾ ਦਾ
ਵਿਸ਼ਾ ਹਨ ਅਤੇ ਇਸ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਜੇਐਨ ਚੌਧਰੀ ਨੇ ਕਿਹਾ ਕਿ ਖ਼ਤਰਨਾਕ ਦਹਿਸ਼ਤਵਾਦੀ ਸੰਗਠਨ ਅਲਕਾਇਦਾ ਦੇਸ਼ ਵਿੱਚ ਸਥਾਨਕ
ਦਹਿਸ਼ਤਵਾਦੀ ਧੜਿਆਂ ਦੇ ਨਾਲ ਮਿਲ ਕੇ ਹਮਲੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਲਕਾਇਦਾ ਦੇ
ਦਹਿਸ਼ਤਗਰਦਾਂ ਨੇ 8-10 ਸਾਲ ਪਹਿਲਾਂ ਗੋਆ, ਬੰਗਲੁਰੂ ਤੇ ਅੰਮ੍ਰਿਤਸਰ ਵਿੱਚ ਰੈਕੀ ਕੀਤੀ
ਸੀ, ਇਸ ਲਈ ਉਨ੍ਹਾਂ ਦੇ ਹਮਲੇ ਦਾ ਖਦਸ਼ਾ ਕੋਈ ਨਵਾਂ ਨਹੀਂ।