ਰਾਹੁਲ ਵੱਲੋਂ ਨਸ਼ਿਆਂ ਤੋਂ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨ ਦਾ ਸੱਦਾ
Posted on:- 16-10-2014
ਚੰਡੀਗੜ੍ਹ : ਕਾਂਗਰਸ
ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅਕਾਲੀ ਦਲ-ਭਾਜਪਾ ਗਠਜੋੜ ਦਾ ਮੁਕਾਬਲਾ ਕਰਨ
ਲਈ ਪਾਰਟੀ ਨੂੰ ਸਰਗਰਮ ਕਰਨ ਵਾਸਤੇ ਮਹੱਤਵਪੂਰਨ ਕਦਮ ਚੁੱਕਦਿਆਂ ਨਸ਼ਾਖੋਰੀ ਨੂੰ ਉਖਾੜ
ਸੁੱਟਣ ਲਈ 14 ਨਵੰਬਰ ਤੋਂ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ
ਹੇਠ ਸੂਬੇ ਦੇ ਹਰੇਕ ਵਰਗ ਨਾਲ ਸਬੰਧਤ ਲੋਕਾਂ 'ਚ ਗੁੱਸੇ ਦੀ ਸੁਨਾਮੀ ਦਾ ਜ਼ਿਕਰ ਕਰਦਿਆਂ
ਉਨ੍ਹਾਂ ਨੇ ਆਸ ਪ੍ਰਗਟਾਈ ਕਿ 2017 ਵਿਧਾਨ ਸਭਾ ਚੋਣਾਂ 'ਚ ਇਕਜੁੱਟ ਕਾਂਗਰਸ ਨੂੰ ਕੋਈ ਵੀ
ਨਹੀਂ ਹਰਾ ਸਕਦਾ।
ਰਾਹੁਲ ਗਾਂਧੀ ਦੀ ਇਸ ਬਾਰਡਰ ਸੂਬੇ 'ਚ ਪਾਰਟੀ ਨੂੰ ਸਰਗਰਮ ਕਰਨ ਲਈ
ਦੀ ਯੋਜਨਾ 'ਚ ਤਿੰਨ ਪੱਧਰੀ ਵਿਚਾਰ ਵਟਾਂਦਰਾ ਸ਼ਾਮਿਲ ਸੀ, ਜਿਸ 'ਚ ਬਲਾਕ ਤੇ ਜ਼ਿਲ੍ਹਾ
ਪ੍ਰਧਾਨ, ਸੰਸਦ ਮੈਂਬਰ, ਵਿਧਾਇਕ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹੋਰ ਸੀਨੀਅਰ
ਆਗੂ ਸ਼ਾਮਿਲ ਸਨ। ਉਨ੍ਹਾਂ ਦੀ ਪਹਿਲੀ ਮੀਟਿੰਗ ਬਲਾਕ ਕਾਂਗਰਸ ਕਮੇਟੀ ਤੇ ਜ਼ਿਲ੍ਹਾ ਕਾਂਗਰਸ
ਕਮੇਟੀ ਪ੍ਰਧਾਨਾਂ ਨਾਲ ਹੋਈ, ਜਿਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ
ਹੋਈ ਅਤੇ ਉਨ੍ਹਾਂ ਦੇ ਦਿਨ ਦਾ ਪ੍ਰੋਗਰਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਵਿੰਗ ਤੇ
ਭੁਪਿੰਦਰ ਸਿੰਘ ਮਾਨ ਦੀ ਅਗਵਾਈ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਵਫਦ ਨਾਲ ਮੀਟਿੰਗ ਦੇ
ਨਾਲ ਸਮਾਪਤ ਹੋਇਆ। ਇਸ ਮੌਕੇ ਮੌਜ਼ੂਦ ਆਗੂਆਂ 'ਚ ਪਾਰਟੀ ਦੀ ਕੌਮੀ ਜਨਰਲ ਸਕੱਤਰ ਅਬਿੰਕਾ
ਸੋਨੀ, ਪਾਰਟੀ ਸਕੱਤਰ ਹਰੀਸ਼ ਚੌਧਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ,
ਲੋਕ ਸਭਾ 'ਚ ਪਾਰਟੀ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ
ਰਜਿੰਦਰ ਕੌਰ ਭੱਠਲ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨਾਂ 'ਚ ਐਚ.ਐਸ ਹੰਸਪਾਲ, ਸ਼ਮਸ਼ੇਰ ਸਿੰਘ
ਦੂਲੋ, ਮੋਹਿੰਦਰ ਸਿੰਘ ਕੇਪੀ ਤੇ ਵਰਿੰਦਰ ਕਟਾਰੀਆ ਅਤੇ ਚੌਧਰੀ ਸੰਤੋਖ ਸਿੰਘ ਸੰਸਦ
ਮੈਂਬਰ ਸ਼ਾਮਿਲ ਸਨ।
ਇਸ ਦੌਰਾਨ ਨਸ਼ਾ ਤਸਕਰੀ ਦੀ ਸੀ.ਬੀ.ਆਈ ਜਾਂਚ ਦੀ ਮੰਗ ਵਾਸਤੇ
ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣ ਲਈ ਸੰਕਲਪ ਅਪਣਾਉਣ ਤੋਂ ਇਲਾਵਾ, ਰਾਹੁਲ ਗਾਂਧੀ ਨੇ
ਪੰਜਾਬ ਬਚਾਓ ਮੁਹਿੰਮ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਵਲੰਟਿਅਰਾਂ ਨੂੰ ਟ੍ਰੇਨਿੰਗ
ਦਿੱਤੀ ਜਾਵੇਗੀ, ਤਾਂ ਜੋ ਉਹ 14 ਨਵੰਬਰ ਤੋਂ ਆਉਂਦਿਆਂ ਦੋ ਸਾਲਾਂ ਦੌਰਾਨ ਸੂਬੇ ਭਰ 'ਚ
ਡੋਰ ਟੂ ਡੋਰ ਜਾ ਕੇ ਨਸ਼ਾਖੋਰੀ ਖਿਲਾਫ ਲੋਕਾਂ ਨੂੰ ਜਾਣਕਾਰੀ ਦੇ ਸਕਣ।
ਪਹਿਲੇ ਪੜਾਅ
ਹੇਠ ਮੁਹਿੰਮ ਪੰਜਾਬ ਵਿਧਾਨ ਸਭਾ ਹਲਕਿਆਂ ਮਜੀਠਾ, ਕਾਦੀਆਂ, ਘਨੌਰ, ਚੱਬੇਵਾਲ ਤੇ
ਲੁਧਿਆਣਾ ਸ਼ਹਿਰੀ 'ਚ ਸ਼ੁਰੂ ਕੀਤੀ ਜਾਵੇਗੀ। ਪਾਰਟੀ ਨੇ ਇਸ ਕੋਹੜ ਨੂੰ ਉਖਾੜ ਸੁੱਟਣ ਨੂੰ
ਪ੍ਰਾਥਮਿਕਤਾ ਦਿੱਤੀ ਹੈ, ਜਿਹੜਾ ਇਸ ਸੂਬੇ ਦੀਆਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ। ਕਦੇ
ਸੱਭ ਤੋਂ ਪ੍ਰਮੁੱਖ ਸੂਬਾ ਹੋਣ ਵਾਲਾ ਪੰਜਾਬ ਅੱਜ ਅਕਾਲੀ ਦਲ ਸਰਕਾਰ ਦੇ ਮਾੜੇ ਪ੍ਰਬੰਧਨ,
ਮਾੜੇ ਸ਼ਾਸਨ ਤੇ ਸਰ੍ਹੇਆਮ ਲੁੱਟ ਕਾਰਨ ਪਿਛੜਿਆਂ ਦੀ ਸ਼੍ਰੇਣੀ 'ਚ ਪਹੁੰਚ ਚੁੱਕਾ ਹੈ।
ਉਨ੍ਹਾਂ
ਦਾ ਜ਼ੋਰ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਉਪਰ ਸੀ। ਉਨ੍ਹਾਂ ਨੇ ਸੀਨੀਅਰ
ਆਗੂਆਂ ਨੂੰ ਜਮੀਨੀ ਪੱਧਰ 'ਤੇ ਕੰਮ ਕਰਨ ਅਤੇ ਬਲਾਕ ਕਾਂਗਰਸ ਕਮੇਟੀਆਂ ਤੇ ਜ਼ਿਲ੍ਹਾ
ਕਾਂਗਰਸ ਕਮੇਟੀਆਂ ਦੀਆਂ ਮੀਟਿੰਗਾਂ 'ਚ ਸ਼ਾਮਿਲ ਹੋਣ ਲਈ ਕਿਹਾ। ਉਨ੍ਹਾਂ ਨੇ ਸਪੱਸ਼ਟ ਕੀਤਾ
ਕਿ ਟਿਕਟਾਂ ਜ਼ਾਰੀ ਕਰਨ ਦਾ ਅਧਾਰ ਪਾਰਟੀ ਲਈ ਕੰਮ ਹੋਵੇਗਾ। ਇਸ ਲੜੀ ਹੇਠ ਪਾਰਟੀ ਨੂੰ
ਸਰਗਰਮ ਕਰਨ 'ਚ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਮਹੱਤਵਪੂਰਨ ਭੂਮਿਕਾ ਹੈ।
ਜ਼ਿਲ੍ਹਾ
ਕਾਂਗਰਸ ਕਮੇਟੀਆਂ ਤੇ ਬਲਾਕ ਕਾਂਗਰਸ ਕਮੇਟੀਆਂ ਦੀ ਮੀਟਿੰਗ ਦੌਰਾਨ ਲਿਆ ਗਿਆ ਇਕ ਹੋਰ
ਮਹੱਤਵਪੂਰਨ ਫੈਸਲਾ ਬੂਥ ਪੱਧਰੀ ਕਮੇਟੀਆਂ ਦਾ ਨਿਰਮਾਣ ਕਰਨਾ ਸੀ। ਰਾਹੁਲ ਨੇ ਪਾਰਟੀ ਨੂੰ
ਕਰੀਬ 1900 ਬੂਥਾਂ 'ਚੋਂ ਹਰੇਕ 'ਤੇ 11 ਮੈਂਬਰੀ ਕਮੇਟੀ ਬਣਾਉਣ ਲਈ ਕਿਹਾ ਅਤੇ ਇਹ
ਮੁਹਿੰਮ ਇਕ ਮਹੀਨੇ 'ਚ ਪੂਰੀ ਕੀਤੀ ਜਾਵੇਗੀ। ਇਸ ਦੌਰਾਨ ਜਮੀਨੀ ਪੱਧਰ 'ਤੇ 2 ਲੱਖ ਤੋਂ
ਵੱਧ ਪਾਰਟੀ ਵਰਕਰਾਂ ਨੂੰ ਸਰਗਰਮ ਕੀਤਾ ਜਾਵੇਗਾ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ
ਪੰਜਾਬ ਦੇ ਲੋਕ ਵਰਤਮਾਨ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੇ ਬਦਲਾਅ ਲਿਆਉਣ
ਦਾ ਮੰਨ ਬਣਾ ਲਿਆ ਹੈ। ਪਾਰਟੀ ਇਕਜੁੱਟਤਾ ਨਾਲ ਅਕਾਲੀ ਭਾਜਪਾ ਗਠਜੋੜ 'ਤੇ ਜਿੱਤ ਪ੍ਰਾਪਤ
ਕਰੇਗੀ। ਉਨ੍ਹਾਂ ਨੇ ਦੋਨਾਂ ਮੀਟਿੰਗਾਂ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ।
ਕਿਸਾਨਾਂ
ਦੇ ਵਫਦਾਂ ਨਾਲ ਮੀਟਿੰਗ ਕਰੀਬ 45 ਮਿੰਟ ਦੀ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਪੇਸ਼
ਆਉਂਦੀਆਂ ਸਮੱਸਿਆਵਾਂ ਨੂੰ ਜਾਣਿਆ, ਜਿਸ ਬਾਰੇ ਜਾਣਕਾਰੀ ਮਾਨ ਤੇ ਕਿਸਾਨ ਵਿੰਗ ਦੇ ਆਗੂਆਂ
ਨੇ ਦਿੱਤੀ।