ਪਟਿਆਲਾ ਦੇ ਐਸ.ਪੀ ਢਿੱਲੋਂ ਦੀ ਭੇਦ–ਭਰੇ ਹਾਲਾਤ 'ਚ ਗੋਲੀ ਲੱਗਣ ਨਾਲ ਮੌਤ
Posted on:- 13-10-2014
ਪਟਿਆਲਾ : ਪਟਿਆਲਾ
ਵਿਖੇ ਤਾਇਨਾਤ ਐਸ.ਪੀ ਬਲਜਿੰਦਰ ਸਿੰਘ ਢਿੱਲੋਂ ਦੀ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼
'ਤੇ ਛਾਤੀ ਵਿਚ ਏ.ਕੇ 47 ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਸ ਏ.ਕੇ 47 ਤੋਂ ਗੋਲੀ
ਚੱਲੀ ਹੈ, ਉਹ ਐਸ.ਪੀ ਦੇ ਗੰਨਮੈਨ ਦੀ ਹੈ। ਹਾਲਾਂਕਿ ਐਸ.ਪੀ ਢਿਲੋਂ ਨੇ ਗੋਲੀ ਖੁਦ ਮਾਰੀ
ਜਾਂ ਫਿਰ ਕਤਲ ਹੈ। ਇਸ ਸਬੰਧੀ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ, ਜਦਕਿ ਪੁਲਿਸ ਅਧਿਕਾਰੀਆਂ
ਦਾ ਇਸ ਸਬੰਧੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ
ਲੱਗ ਸਕਦਾ ਹੈ।
ਇਹ ਘਟਨਾ ਦੁਪਹਿਰ ਸਮੇਂ ਦੀ ਹੈ, ਜਦੋਂ ਐਸ.ਪੀ ਢਿਲੋਂ ਦੀ ਪਤਨੀ ਬਜ਼ਾਰ
ਗਈ ਹੋਈ ਸੀ ਤੇ ਉਨ੍ਹਾਂ ਦੇ ਗੰਨਮੈਂਨ ਅਤੇ ਐਸ.ਪੀ ਢਿੱਲੋਂ ਕੋਠੀ ਵਿੱਚ ਹੀ ਸਨ। ਇਸੇ
ਦੌਰਾਨ ਹੀ ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗੀ। ਇਸ ਘਟਨਾ ਬਾਰੇ ਸਭ ਤੋਂ ਪਹਿਲਾਂ ਘਰ 'ਚ
ਕੰਮ ਕਰਦੀ ਮਹਿਲਾ ਨੂੰ ਲੱਗਾ, ਜਦੋਂ ਉਸ ਨੇ ਦੇਖਿਆ ਤਾਂ ਐਸ.ਪੀ ਢਿੱਲੋਂ ਦੀ ਲਾਸ਼ ਮਕਾਨ
ਦੇ ਦੂਜੀ ਮੰਜਿਲ 'ਤੇ ਸਥਿਤ ਇਕ ਕਮਰੇ ਵਿਚ ਖੂਨ ਨਾਲ ਲੱਥ ਪੱਥ ਪਈ ਸੀ। ਇਸ ਮੌਕੇ ਤੁਰੰਤ
ਐਸ.ਪੀ ਢਿੱਲੋਂ ਦੀ ਪਤਨੀ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਇਤਲਾਹ ਮਿਲਣ ਤੇ ਸਭ ਤੋਂ
ਪਹਿਲਾ ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸ.ਐਚ.ਓ ਗੁਰਪ੍ਰਤਾਪ ਸਿੰਘ ਘਟਨਾ ਸਥਾਨ 'ਤੇ
ਪੁੱਜੇ ਜਿਸ ਤੋਂ ਬਾਅਦ ਡੀ.ਆਈ.ਜੀ ਸ਼ਿਵੇ ਕੁਮਾਰ ਵਰਮਾ ਅਤੇ ਐਸ.ਪੀ ਸਿਟੀ ਪ੍ਰਿਤਪਾਲ ਸਿੰਘ
ਥਿੰਦ ਸਮੇਤ ਹੋਰ ਵੱਡੀ ਗਿਣਤੀ ਪੁਲਿਸ ਫੋਰਸ ਇੱਥੇ ਪੁੱਜ ਗਈ। ਸ਼ਾਮੀ 6 ਵਜੇਂ ਤੱਕ ਵੀ
ਪੁਲਿਸ ਅਧਿਕਾਰੀ ਐਸ.ਪੀ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੇ ਸਨ ਅਤੇ ਇਹ
ਇਲਾਕਾ ਲਗਾਤਾਰ ਕਈ ਘੰਟੇ ਪੁਲਿਸ ਛਾਉਣੀ ਬਣਿਆ ਰਿਹਾ। ਇਸੇ ਦੌਰਾਨ ਕਿਸੇ ਕੇਸ ਵਿਚ
ਹਾਈਕੋਰਟ ਵਿਚ ਸੁਣਵਾਈ ਤਹਿਤ ਐਸ.ਐਸ.ਪੀ ਹਰਦਿਆਲ ਸਿੰਘ ਮਾਨ ਦੇਰ ਸ਼ਾਮ ਤੱਕ ਚੰਡੀਗੜ੍ਹ
ਤੋਂ ਨਹੀਂ ਪਰਤੇ ਸਨ। ਇਸੇ ਦੌਰਾਨ ਸੱਤ ਵਜੇ ਡੀ.ਆਈ.ਜੀ ਸ਼ਿਵੇ ਕੁਮਾਰ ਵਰਮਾ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਮੌਤ ਖੁਦ ਗੋਲੀ ਚੱਲਣ ਕਾਰਨ ਹੋਈ ਜਾਂ ਕਿਸੇ ਹੋਰ ਤਰੀਕੇ ਇਸ ਸਬੰਧੀ
ਕੁਝ ਸਪਸ਼ਟ ਨਹੀਂ ਹੋ ਰਿਹਾ ਹੈ, ਕਿਉਂਕਿ ਜਿਸ ਏ.ਕੇ 47 ਤੋਂ ਗੋਲੀ ਚੱਲੀ ਹੈ ਉਹ ਐਸ.ਪੀ
ਢਿਲੋਂ ਦੇ ਗੰਨਮੈਨ ਦੀ ਹੈ। ਕਈ ਸਵਾਲ ਹਨ ਜਿਨ੍ਹਾਂ ਦੇ ਸਵਾਲ ਹਾਲੇ ਬਾਕੀ ਹਨ। ਮਾਮਲੇ ਦੀ
ਡੁੰਘਾਈ ਨਾਲ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ
ਬਰਨਾਲਾ ਜ਼ਿਲ੍ਹੇ ਦੇ ਭੱਧਣ ਵੱਡ ਨਿਵਾਸੀ ਬਲਜਿੰਦਰ ਸਿੰਘ ਢਿੱਲੋਂ ਪਿਛਲੇ ਸਾਲ ਪਟਿਆਲਾ
ਵਿਖੇ ਐਸ.ਪੀ ਟਰੈਫਿਕ ਵਜੋਂ ਤਾਇਨਾਤ ਸਨ ਜਦਕਿ ਹੁਣ ਕੁਝ ਮਹੀਨਿਆਂ ਤੋਂ ਉਹ ਪਟਿਆਲਾ ਵਿਖੇ
ਹੀ ਪੁਲਿਸ ਕਮਿਊਨਟੀ ਸੈਂਟਰ ਦੇ ਐਸ.ਪੀ ਵਜੋਂ ਤਾਇਤਾਨ ਸਨ। ਉਹ ਇੱਥੇ ਨਾਭਾ ਰੋਡ 'ਤੇ
ਸਥਿਤ ਸਰਕਾਰੀ ਮਕਾਨ ਵਿੱਚ ਪਰਿਵਾਰ ਸਮੇਤ ਰਹਿ ਰਹੇ ਸਨ। ਜਿਸ ਵਿੱਚ ਉਨ੍ਹਾਂ ਦੀ ਪਤਨੀ
ਅਤੇ ਬੇਟਾ ਸ਼ਾਮਲ ਹੈ।