ਕੇਂਦਰ ਸਰਕਾਰ ਸੀਬੀਆਈ ਦਾ ਦੁਰਉਪਯੋਗ ਕਰ ਰਹੀ ਹੈ : ਚੌਟਾਲਾ
Posted on:- 11-10-2014
ਨਵੀਂ ਦਿੱਲੀ : ਜੇਬੀਟੀ
ਟੀਚਰ ਘੁਟਾਲੇ ਵਿਚ 10 ਸਾਲ ਦੀ ਸਜ਼ਾ ਭੁਗਤ ਰਹੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ
ਨੇ ਜੇਲ੍ਹ ਜਾਣ ਤੋਂ ਪਹਿਲਾਂ ਭਾਵਨਾਤਮਕ ਕਾਰਡ ਖੇਡ ਕੇ ਆਪਣੇ ਸਮਰਥਕਾਂ ਤੋਂ ਸਮਰਥਨ
ਮੰਗਿਆ। ਬਿਮਾਰੀ ਦਾ ਬਹਾਨਾ ਲਾ ਕੇ ਜ਼ਮਾਨਤ 'ਤੇ ਬਾਹਰ ਆਏ ਚੌਟਾਲਾ ਹਰਿਆਣਾ ਵਿਚ ਆਪਣੀ
ਪਾਰਟੀ ਦਾ ਪ੍ਰਚਾਰ ਕਰ ਰਹੇ ਸਨ। ਅੱਜ ਸਮਰਪਣ ਕਰਨ ਤੋਂ ਪਹਿਲਾਂ ਚੌਟਾਲਾ ਨੇ ਆਪਣੇ
ਵਿਰੋਧੀਆਂ 'ਤੇ ਤਿੱਖੇ ਵਾਰ ਕੀਤੇ ਅਤੇ ਨਾਲ ਹਰਿਆਣਾ ਵਿਚ ਪੂਰਨ ਬਹੁਮਤ ਪਾਉਣ ਤੋਂ ਬਾਅਦ
ਮੁੱਖ ਮੰਤਰੀ ਚੁਣੇ ਜਾਣ ਦੀ ਗੱਲ ਵੀ ਕਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ 'ਚ
ਹੰਢੇ ਹੋਏ ਖਿਡਾਰੀ ਹਨ ਅਤੇ ਮੈਦਾਨ ਵਿਚ ਅਜੇ ਵੀ ਡਟੇ ਹੋਏ ਹਨ।
ਪੱਤਰਕਾਰ ਸੰਮੇਲਨ
ਵਿਚ ਉਨ੍ਹਾਂ ਕਿਹਾ ਕਿ ਮੈਂ ਕੈਦੀ ਦੀ ਤਰ੍ਹਾਂ ਹਾਂ, ਪਰ ਮੇਰੇ ਖਿਲਾਫ਼ ਕੋਈ ਸਬੂਤ ਨਹੀਂ
ਹੈ। ਚੌਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਵਿਚ ਉਨ੍ਹਾਂ ਖਿਲਾਫ਼
ਦਿੱਤੇ ਗਏ ਤੇਜ਼ਤਰਾਰ ਬਿਆਨਾਂ ਨੂੰ ਲੈ ਕੇ ਕਿਹਾ ਕਿ ਮੋਦੀ ਜੀ ਨੂੰ ਅਜਿਹੀਆਂ ਗੱਲਾਂ ਸੋਭਾ
ਨਹੀਂ ਦਿੰਦੀਆਂ। ਉਨ੍ਹਾਂ ਮੋਦੀ ਸਰਕਾਰ 'ਤੇ ਸੀਬੀਆਈ ਦੇ ਦੁਰਉਪਯੋਗ ਕਰਨ ਦਾ ਦੋਸ਼ ਵੀ
ਲਾਇਆ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ ਹਰਿਆਣਾ ਵਿਚ ਚੋਣ ਰੈਲੀਆਂ ਦੌਰਾਨ ਚੌਟਾਲਾ
ਪਰਿਵਾਰ 'ਤੇ ਤਿੱਖ਼ੇ ਹਮਲੇ ਕੀਤੇ ਸਨ ਅਤੇ ਨਾਲ ਹੀ ਕਿਹਾ ਸੀ ਕਿ ਮੈਨੂੰ ਗੁੰਡਿਆਂ ਦੇ
ਸਮਰਥਨ ਦੀ ਲੋੜ ਨਹੀਂ ਹੈ।