ਦਿੱਲੀ ਹਾਈ ਕੋਰਟ ਨੇ ਚੌਟਾਲਾ ਨੂੰ ਆਤਮਸਮਰਪਣ ਕਰਨ ਲਈ ਕਿਹਾ
Posted on:- 10-10-2014
ਨਵੀਂ ਦਿੱਲੀ : ਦਿੱਲੀ
ਹਾਈ ਕੋਰਟ ਨੇ ਜ਼ਮਾਨਤ ਦੇ ਕਥਿਤ ਦੁਰਪ੍ਰਯੋਗ ਅਤੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ
ਕਰਨ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼
ਚੌਟਾਲਾ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਨੀਵਾਰ ਨੂੰ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ
ਆਤਮਸਮਰਪਣ ਕਰਨ।
ਹਾਈ ਕੋਰਟ ਨੇ ਕਿਹਾ ਕਿ ਇਨੈਲੋ ਪ੍ਰਧਾਨ ਅਦਾਲਤ ਨੂੰ ਧੋਖਾ ਨਹੀਂ ਦੇ
ਸਕਦੇ ਅਤੇ ਚੌਟਾਲਾ ਨੂੰ ਅਦਾਲਤ ਦੀ ਮਹਿਮਾ, ਇੱਜ਼ਤਮਾਣ ਅਤੇ ਮਰਿਆਦਾ 'ਤੇ ਸਵਾਲ ਖੜ੍ਹੇ
ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੱਜ ਸਿਧਾਰਥ ਮੁਦੁਲ ਨੇ ਆਤਮ ਸਮਰਪਣ ਦੇ ਲਈ
ਐਤਵਾਰ ਜਾਂ ਸੋਮਵਾਰ ਤੱਕ ਦਾ ਸਮਾਂ ਦੇਣ ਦੀ ਇਜਾਜ਼ਤ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ
ਉਨ੍ਹਾਂ ਨੂੰ ਕੱਲ੍ਹ ਆਤਮ ਸਮਰਪਣ ਕਰਨਾ ਚਾਹੀਦਾ ਹੈ। ਇਸ 'ਤੇ ਕੋਈ ਜੋੜ ਤੋੜ ਨਹੀਂ।
ਚੌਟਾਲਾ ਨੂੰ ਟੀਚਰ ਨਿਯੁਕਤੀ ਮਾਮਲੇ ਵਿੱਚ ਜ਼ਮਾਨਤ ਦਿੱਤੀ ਗਈ ਸੀ। ਇਸ ਮਾਮਲੇ ਵਿੱਚ
ਉਨ੍ਹਾਂ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਉਣ ਤੋਂ ਬਾਅਦ 10 ਸਾਲ ਦੀ ਕੈਦ ਸੁਣਾਈ ਸੀ।
ਇਸ ਫੈਸਲੇ ਤੋਂ ਬਾਅਦ ਹਾਈ ਕੋਰਟ ਵਿੱਚ ਉਨ੍ਹਾਂ ਦੀ ਅਪੀਲ ਪੈਂਡਿੰਗ ਹੈ। ਅਦਾਲਤ ਨੇ
ਕੱਲ੍ਹ ਇਨੈਲੋ ਨੇਤਾ ਨੂੰ ਵਿਅਕਤੀਗਤ ਰੂਪ ਨਾਲ ਹਾਈ ਕੋਰਟ ਵਿੱਚ ਪੇਸ਼ ਹੋਣ ਦਾ ਹੁਕਮ
ਦਿੱਤਾ ਸੀ, ਉਹ ਅੱਜ ਖ਼ੁਦ ਅਦਾਲਤ ਵਿੱਚ ਹਾਜ਼ਰ ਹੋਏ।
ਉਨ੍ਹਾਂ ਨੂੰ ਤੀਸ ਹਜ਼ਾਰੀ ਅਦਾਲਤ ਵਿੱਚੋਂ ਸੰਮਨ ਤਾਮੀਲ ਕਰਵਾਇਆ ਗਿਆ ਸੀ। ਇੱਥੇ ਉਹ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਇੱਕ ਕੇਸ ਵਿੱਚ ਪੇਸ਼ ਹੋ ਰਹੇ ਸਨ।
ਜ਼ਿਕਰਯੋਗ
ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਓਮ ਪ੍ਰਕਾਸ਼ ਚੌਟਾਲਾ 'ਤੇ ਜ਼ਮਾਨਤ ਦੀ ਦੁਰਵਰਤੋਂ ਦੇ
ਇਲਜ਼ਾਮ ਲਗਾਏ ਜਾ ਰਹੇ ਸਨ। ਕਿਉਂਕਿ ਚੌਟਾਲਾ ਇੱਕ ਦਿਨ ਵਿੱਚ 8-10 ਰੈਲੀਆਂ ਨੂੰ ਸੰਬੋਧਨ
ਕਰ ਰਹੇ ਹਨ।