ਕਾਂਗਰਸੀ ਰੰਗਾਂ 'ਚ ਰੰਗੇ ਹਰਿਆਣਾ ਕਮੇਟੀ ਦੇ ਸਮਰਥਕਾਂ ਵੱਲੋਂ ਡੱਬਵਾਲੀ ਹਲਕੇ 'ਚ ਬਾਦਲ ਖਿਲਾਫ਼ ਰੋਡ ਸ਼ੋਅ
Posted on:- 10-10-2014
ਹਰਿਆਣੇ 'ਚ ਵੀ ਸਿੱਖੀ ਸਿਆਸੀ ਘਾਣ ਵੱਲ
ਡੱਬਵਾਲੀ : ਵੱਖਰੀ
ਗੁਰਦੁਆਰਾ ਕਮੇਟੀ ਦੇ ਗਠਨ ਦਾ 'ਅਹਿਸਾਨ' ਲਾਹੁਣ ਲਈ ਹਰਿਆਣਵੀ ਸਿੱਖ ਪੂਰੀ ਤਰ੍ਹਾਂ
ਕਾਂਗਰਸੀ ਰੰਗਾਂ 'ਚ ਰੰਗੇ ਫਿਰਦੇ ਹਨ। ਹਰਿਆਣਵੀ ਸਿੱਖਾਂ ਨੇ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨਾਲ ਲਾਏ ਆਢੇ ਤਹਿਤ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਬੈਨਰ ਹੇਠਾਂ ਖੇਤਰ ਦੇ ਸਿੱਖਾਂ ਨੇ ਡੱਬਵਾਲੀ ਹਲਕੇ ਦੇ ਸਿੱਖ/ਪੰਜਾਬੀ ਬੈਲਟ ਦੇ 32
ਪਿੰਡਾਂ 'ਚ ਹਰਿਆਣਾ ਸਿੱਖ ਜਾਗ੍ਰਿਤੀ ਰੋਡ ਸ਼ੋਅ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਖਿਲਾਫ਼ ਰੱਜ ਕੇ ਭੜਾਸ ਕੱਢੀ। ਸਿੱਖ ਹਿੱਤਾਂ ਦੇ ਨਾਂਅ 'ਤੇ ਕੱਢਿਆ ਇਹ ਰੋਡ ਸ਼ੋਅ ਪੂਰੀ
ਤਰ੍ਹਾਂ ਸਿਆਸਤ ਨਾਲ ਪ੍ਰੇਰਿਤ ਹੋ ਕੇ ਰਹਿ ਗਿਆ।
ਇਸ ਰੋਡ ਸ਼ੋਅ ਦੌਰਾਨ ਪ੍ਰਬੰਧਕਾਂ ਦੀ
ਕਾਰਗੁਜਾਰੀ ਨੇ ਸਪੱਸ਼ਟ ਕਰ ਦਿੱਤਾ ਕਿ ਜਿੱਥੇ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਪੂਰੀ ਤਰ੍ਹਾਂ ਅਕਾਲੀ ਦਲ (ਬ) ਦੀ ਹੱਥ-ਠੋਕਾ ਬਣੀ ਹੋਈ ਹੈ, ਉਥੇ ਨਵ ਗਠਿਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਂਗਰਸ ਦੇ ਹੱਥਾਂ ਦਾ ਖਿਡੌਣਾ ਬਣ ਕੇ
ਰਹਿ ਗਈ ਹੈ। ਇਸ ਦੌਰਾਨ ਆਯੋਜਕਾਂ ਨੇ ਬਾਦਲ-ਚੌਟਾਲਾ ਦੇ ਨਾਲ-ਨਾਲ ਭਾਜਪਾ ਨੂੰ ਹਰਾਉਣ ਦੀ
ਅਪੀਲ ਕਰਦੇ ਪਰਚੇ ਵੰਡੇ ਅਤੇ ਤੀਜੀ ਵਾਰ ਭੁਪਿੰਦਰ ਹੁੱਡੇ ਦੀ ਸਰਕਾਰ ਬਣਾਉਣ ਦਾ ਸੱਦਾ
ਦਿੱਤਾ। ਇਨ੍ਹਾਂ ਪਰਚਿਆਂ 'ਤੇ ਬਕਾਇਦਾ ਡੱਬਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ.
ਕੇ.ਵੀ ਸਿੰਘ ਦੀ ਫੋਟੋ ਅਤੇ ਕਾਂਗਰਸ ਦਾ ਚੋਣ ਨਿਸ਼ਾਨ 'ਪੰਜਾ' ਛਾਪਿਆ ਹੋਇਆ ਸੀ। ਹਿੰਦੀ
ਤੇ ਪੰਜਾਬੀ 'ਚ ਛਾਪੇ ਉਕਤ ਪਰਚੇ 'ਚ ਦਰਜ ਦਰਜਨ ਭਰ ਬਿੰਦੂਆਂ ਰਾਹੀਂ ਪੰਜਾਬ ਦੇ ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ, ਇਨੈਲੋ ਅਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ
ਇਲਾਵਾ ਰੋਡ ਸ਼ੋਅ 'ਚ ਸ਼ਾਮਲ ਸਮੁੱਚੇ ਵਹੀਕਲਾਂ 'ਤੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੋਏ
ਸਨ।
ਇਸ ਰੋਡ ਸ਼ੋਅ ਦੀ ਅਗਵਾਈ ਐਚ.ਐਸ.ਜੀ.ਪੀ.ਸੀ ਦੇ ਮੈਂਬਰ ਜਸਵੀਰ ਸਿੰਘ ਭਾਟੀ,
ਜੀਤ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਮਾਖਾ ਨੇ ਕੀਤੀ। ਇਹ ਰੋਡ ਸ਼ੋਅ ਔਢਾਂ ਵਿਖੇ
ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਜਲਾਲਆਣਾ, ਜਗਮਾਲਵਾਲੀ, ਅਸੀਰ, ਹੱਸੂ, ਨੌਰੰਗ,
ਚੱਠਾ, ਤਿਗੜੀ ਸਮੇਤ ਹੋਰਨਾਂ ਪਿੰਡਾਂ ਤੋਂ ਹੁੰਦੇ ਹੋਏ ਜੰਡਵਾਲਾ ਅਤੇ ਚੋਰਮਾਰ ਤੋਂ
ਡੱਬਵਾਲੀ ਸ਼ਹਿਰ ਪੁੱਜਿਆ। ਜਿੱਥੇ ਕਾਂਗਰਸ ਉਮੀਦਵਾਰ ਡਾ. ਕੇ.ਵੀ ਸਿੰਘ ਨੇ ਹਰਿਆਣਾ ਸਿੱਖ
ਜਾਗ੍ਰਿਤੀ ਰੋਡ ਸ਼ੋਅ ਦੇ ਮੁੱਖ ਵਹੀਕਲ 'ਤੇ ਸਵਾਰ ਹੋ ਕੇ ਸਿੱਖ ਆਗੂਆਂ ਨਾਲ ਡੱਬਵਾਲੀ
ਸ਼ਹਿਰ 'ਚ ਰੋਡ ਸ਼ੋਅ ਕੀਤਾ। ਇਸਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੈਂਬਰ ਜਸਵੀਰ ਸਿੰਘ ਭਾਟੀ ਨੇ ਆਖਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਵਿਚ ਹਰ ਵਾਹ ਲਗਾਈ ਅਤੇ ਅੱਜ ਤੱਕ ਬਾਦਲ
ਦਲ ਹਰਿਆਣੇ ਦੇ ਗੁਰਦੁਆਰਿਆਂ ਦੀ ਮਾਇਆ ਪੰਜਾਬ 'ਚ ਲਿਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ
ਹਰਿਆਣੇ ਦੀ ਵੱਖਰੀ ਕਮੇਟੀ ਦਾ ਵਿਰੋਧ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਕਿਹੜੇ ਮੂੰਹ
ਨਾਲ ਹਰਿਆਣੇ ਦੇ ਸਿੱਖਾਂ ਤੋਂ ਵੋਟਾਂ ਦੀ ਉਮੀਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼
ਸਿੰਘ ਬਾਦਲ ਨੇ ਪਰਿਵਾਰ ਸਾਂਝ ਦੇ ਨਾਂਅ 'ਤੇ ਵਪਾਰਕ ਸਾਂਝਾਂ ਪੁਗਾਆਉਣ ਅਤੇ ਹਿੱਤ ਸਾਧਣ
ਲਈ ਇਨੈਲੋ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੰਤ ਬਲਜੀਤ ਸਿੰਘ
ਦਾਦੂਵਾਲ 'ਤੇ ਵੀ ਝੂਠੇ ਕੇਸ ਪਾਉਣ ਅਤੇ ਜਮਾਨਤ ਉਪਰੰਤ ਮੁੜ ਗ੍ਰਿਫ਼ਤਾਰ ਕਰਨ ਦੀ ਸਖ਼ਤ
ਸ਼ਬਦਾਂ ਵਿਚ ਨਿਖੇਧੀ ਕੀਤੀ।