ਬੱਚਿਆਂ ਸਮੇਤ ਲਾਪਤਾ ਕੁਲਵਿੰਦਰ ਕੌਰ ਦਾ ਕੋਈ ਸੁਰਾਗ਼ ਨਾ ਮਿਲਣ ਕਾਰਨ ਪਰਿਵਾਰ ਪ੍ਰੇਸ਼ਾਨ
Posted on:- 09-10-2014
ਪਿਛਲੇ 5 ਦਿਨ ਤੋਂ ਨਹੀਂ ਲੱਗਾ ਕੋਈ ਥਹੁ ਪਤਾ
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪਿੰਡ ਲਹਿਲੀ ਕਲਾਂ ਦੀ ਵਾਸੀ ਦੋ ਬੱਚਿਆਂ ਦੀ ਮਾਂ ਇਕ ਔਰਤ ਪਿਛਲੇ ਅੱਜ ਪੰਜ ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਕਾਰਨ ਜਿਥੇ ਉਸਦਾ ਸਹੁਰਾ ਪਰਿਵਾਰ ਭੈਅਭੀਤ ਹੈ, ਉਥੇ ਉਸਦਾ ਮਾਪਾ ਪਰਿਵਾਰ ਆਪਣੀ ਲੜਕੇ ਅਤੇ ਬੱਚਿਆਂ ਦੀ ਗੁੰਮਸ਼ੁਦਗੀ ਕਾਰਨ ਪੂਰੀ ਤਰ੍ਹਾਂ ਸਹਿਮਿਆ ਹੋਇਆ ਹੈ।
ਦੋਵਾਂ ਪਰਿਵਾਰਾ ਵਲੋਂ ਥਾਣਾ ਚੱਬੇਵਾਲ ਦੀ ਪੁਲੀਸ ਕੋਲ ਇਸ ਸਬੰਧ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪ੍ਰੰਤੂ ਲੜਕੀ ਅਤੇ ਬੱਚਿਆਂ ਦਾ ਕੋਈ ਵੀ ਸੁਰਾਗ ਨਾ ਮਿਲਣ ਕਾਰਨ ਦੋਵੇਂ ਪਰਿਵਾਰ ਗੰਭੀਰ ਚਿੰਤਾ ਵਿਚ ਹਨ। ਦੂਸਰੇ ਪਾਸੇ ਥਾਣਾ ਚੱਬੇਵਾਲ ਦੀ ਪੁਲਸ ਦਾ ਕਹਿਣ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਉਹਨਾਂ ਲੜਕੀ ਦੇ ਮਾਪਾ ਅਤੇ ਸਹੁਰਾ ਪਰਿਵਾਰ ਦੇ ਸਮੂਹ ਰਿਸ਼ਤੇਦਾਰਾਂ , ਸਕੇ ਸਬੰਧੀਆਂ ਦੇ ਭਾਲ ਕੀਤੀ ਪ੍ਰੰਤੂ ਉਸਦਾ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਜੋਗਿੰਦਰ ਸਿੰਘ ਪੁੱਤਰ ਨਾਮਾ ਰਾਮ, ਗੁਰਦੀਪ ਸਿੰਘ ਅਤੇ ਕੁਲਵੰਤ ਸਿੰਘ ਵਾਸੀ ਮਾਹਿਲਪੁਰ ਨੇ ਥਾਣਾ ਚੱਬੇਵਾਲ ਦੀ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹਨਾਂ ਦੀ ਭੈਣ ਕੁਲਵਿੰਦਰ ਕੌਰ ਦਾ ਵਿਆਹ 11 ਸਾਲ ਪਹਿਲਾਂ ਲਹਿਲੀ ਕਲਾਂ ਦੇ ਵਾਸੀ ਗੁਰਦਿਆਲ ਸਿੰਘ ਨਾਲ ਹੋਇਆ ਸੀ। ਵਿਆਹ ਉਪਰੰਤ ਗੁਰਦਿਆਲ ਸਿੰਘ ਵਿਦੇਸ਼ ਗਿਆ ਪ੍ਰੰਤੂ ਕੰਮ ਸੂਤ ਨਾ ਆਉਣ ਕਾਰਨ ਵਾਪਿਸ ਆ ਗਿਆ। ਇਸ ਤੋਂ ਬਾਅਦ ਉਹ ਬੰਬੇ ਰਹਿਕੇ ਕੰਮ ਕਰਨ ਲੱਗ ਪਿਆ। ਉਹ 6 ਕੁ ਮਹੀਨੇ ਬਾਅਦ ਪਿੰਡ ਆਉਂਦਾ।
ਉਹਨਾਂ ਦੱਸਿਆ ਕਿ ਉਹ ਡੇਢ ਕੁ ਮਹੀਨਾ ਪਹਿਲਾਂ ਪਿੰਡ ਵਾਪਿਸ ਆਇਆ ਤੇ ਘਰ ਵਿਚ ਕਲੇਸ਼ ਰੱਖਦਾ ਸੀ। ਉਹ ਆਪਣੇ ਬੱਚਿਆਂ ਸੁਨੀਲ (10) ਅਤੇ ਮੋਨਿਕਾ (7) ਨੂੰ ਵੀ ਘੱਟ ਵੱਧ ਹੀ ਬਲਾਉਂਦਾ। ਉਸਨੇ ਦੁਸਹਿਰੇ ਵਾਲੇ ਦਿਨ ਜਾਣੀ 3 ਅਕਤੂਬਰ ਨੂੰ ਕੁਲਵਿੰਦਰ ਕੌਰ ਅਤੇ ਬੱਚਿਆਂ ਨਾਲ ਕਿਸੇ ਗੱਲੋਂ ਲੜਾਈ ਝਗੜਾ ਕੀਤਾ । ਪੀੜਤ ਮਾਪਾ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਦੂਸਰੇਦਿਨ ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਗੁਰਦਿਆਲ ਸਿੰਘ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਕੁਲਵਿੰਦਰ ਕੌਰ ਅਤੇ ਬੱਚੇ ਸਵੇਰ 9 ਵਜੇ ਤੋਂ ਲਾਪਤਾ ਹਨ। ਉਸਨੇ ਇਹ ਵੀ ਕਿਹਾ ਕਿ ਉਹ ਮੈਂਨੂੰ ਮਾਹਿਲਪੁਰ ਨੂੰ ਜਾਣ ਬਾਰੇ ਦੱਸ ਕੇ ਘਰੋਂ ਗਈ ਸੀ।
ਉਹਨਾਂ ਫੋਨ ਸੁਣਕੇ ਸਮੂਹ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਫੋਨ ਕੀਤੇ ਅਤੇ ਆਪਣੇ ਪੱਧਰ ਤੇ ਹਰ ਤਰੀਕੇ ਨਾਲ ਬੱਚਿਆਂ ਅਤੇ ਕੁਲਵਿੰਦਰ ਕੌਰ ਦੀ ਭਾਲ ਕੀਤੀ ਪ੍ਰੰਤੂ ਉਸਦਾ ਕੋਈ ਸੁਰਾਗ ਨਾ ਲੱਗਾ। ਉਹਨਾਂ ਇਸ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ। ਪੀੜਤ ਪਰਿਵਾਰ ਲੜਕੀ ਅਤੇ ਬੱਚਿਆਂ ਦੀ ਭੇਦਭਰੀ ਹਾਲਤ ਵਿਚ ਗੁੰਮਸ਼ੁਦਾ ਹੋਣ ਕਾਰਨ ਕਾਫੀ ਭੈਅ ਭੀਤ ਹੈ। ਦੁਸਰੇ ਪਾਸੇ ਕੁਲਵਿੰਦਰ ਕੌਰ ਦੇ ਪਤੀ ਗੁਰਦਿਆਲ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 4 ਅਕਤੂਬਰ ਨੂੰ ਘਰੋਂ ਇਹ ਕਹਿਕੇ ਬਾਹਰ ਗਈ ਕਿ ਉਹ ਆਪਣੇ ਮਾਪਾ ਪਰਿਵਾਰ ਕੋਲ ਜਾ ਰਹੀ ਹੈ ਪ੍ਰੰਤੂ ਉਹ ਨਾ ਹੀ ਆਪਣੇ ਮਾਪਾ ਘਰ ਪੁੱਜੀ ਅਤੇ ਨਾ ਹੀ ਸਹੁਰਾ ਘਰ ਵਾਪਿਸ ਪਰਤੀ ਹੈ।
ਉਸਦੇ ਬੱਚਿਆਂ ਸਮੇਤ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੇ ਮਾਮਲੇ ਕਾਰਨ ਪਰਿਵਾਰ ਸਹਿਮਿਆ ਹੋਇਆ ਹੈ। ਇਸ ਸਬੰਧ ਵਿਚ ਚੱਬੇਵਾਲ ਥਾਣੇ ਦੀ ਪੁਲਸ ਦਾ ਕਹਿਣ ਹੈ ਕਿ ਮਾਪਾ ਅਤੇ ਸਹੁਰਾ ਪਰਿਵਾਰ ਦੀ ਲਿਖਤੀ ਸ਼ਿਕਾਇਤ ਤੇ ਪੁਲਸ ਕੁਲਵਿੰਦਰ ਕੌਰ ਅਤੇ ਉਸਦੇ ਬੱਚਿਆਂ ਦੀ ਭਾਲ ਕਰ ਰਹੀ ਹੈ। ਪਰਿਵਾਰ ਆਪਣੇ ਪੱਧਰ ਤੇ ਵੀ ਲਾਪਤਾ ਦੀ ਭਾਲ ਕਰ ਰਹੇ ਹਨ। ਪੁਲਸ ਨੇ ਉਸਦੇ ਮਾਪਾ ਪਰਿਵਾਰ ਨੂੰ 11 ਅਕਤੂਬਰ ਨੂੰ ਥਾਣੇ ਪੁੱਛਗਿਛ ਲਈ ਬੁਲਾਇਆ ਹੈ।