ਪਾਕਿਸਤਾਨ ਵੱਲੋਂ ਜੰਗਬੰਦੀ ਦਾ ਉਲੰਘਣ ਜਾਰੀ, 40 ਚੌਕੀਆਂ 'ਤੇ ਹਮਲਾ, 9 ਜ਼ਖ਼ਮੀ
Posted on:- 08-10-2014
ਜੰਮੂ : ਪਾਕਿਸਤਾਨੀ
ਫੌਜੀਆਂ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਜੰਮੂ ਖੇਤਰ ਅਤੇ ਪੁੰਛ
ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਲਾਗਲੇ ਖੇਤਰਾਂ 'ਚ ਬੀਐਸਐਫ਼ ਦੀਆਂ 40 ਸਰਹੱਦੀ ਚੌਕੀਆਂ ਅਤੇ
ਆਸ ਪਾਸ ਦੇ 25 ਇਲਾਕਿਆਂ 'ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਨਾਲ 9 ਲੋਕ ਜ਼ਖ਼ਮੀ ਹੋ ਗਏ।
ਜੰਗਬੰਦੀ
ਦਾ ਉਲੰਘਣ ਜਾਰੀ ਰਹਿਣ ਦੇ ਦਰਮਿਆਨ ਜੰਮੂ ਅਤੇ ਹੋਰਨਾਂ ਖੇਤਰਾਂ ਵਿੱਚ ਮੰਗਲਵਾਰ ਨੂੰ
ਗੋਲੀਬਾਰੀ ਦਾ ਵਿਰੋਧ ਕਰਨ ਲਈ ਪਾਕਿਸਤਾਨ ਖਿਲਾਫ਼ ਰੋਸ ਪ੍ਰਦਰਸ਼ਨ ਹੋਏ। ਰੱਖਿਆ ਬੁਲਾਰੇ
ਲੈਫਟੀਨੈਂਟ ਕਰਨਲ ਮੁਨੀਸ਼ ਮਹਿਤਾ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਮੰਗਲਵਾਰ
ਦੁਪਹਿਰ ਕਰੀਬ 2.20 ਮਿੰਟ 'ਤੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ 'ਤੇ ਸਥਿਤ ਬਲਨੋਈ
ਅਗਾਊਂ ਇਲਾਕੇ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ
ਦੁਆਰਾ ਕੀਤੇ ਗਏ ਜੰਗਬੰਦੀ ਉਲੰਘਣ ਦਾ ਬੀਐਸਐਫ਼ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ
ਅਤੇ ਕੁਝ ਇਲਾਕਿਆਂ ਵਿੱਚ ਹਾਲੇ ਵੀ ਦੋਵੇਂ ਪਾਸਿਓਂ ਗੋਲੀਬਾਰੀ ਜਾਰੀ ਹੈ। ਉਨ੍ਹਾਂ ਕਿਹਾ
ਕਿ ਫੌਜ ਦੇ ਕਿਸੇ ਮੈਂਬਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਪੁਲਿਸ ਅਧਿਕਾਰੀ ਨੇ
ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਇੱਕ ਵਾਰ ਫ਼ਿਰ ਜੰਗਬੰਦੀ ਦਾ ਉਲੰਘਣਾ ਕਰਦਿਆਂ ਅੱਜ
ਸਵੇਰੇ ਅਰਨੀਆਂ ਵਿੱਚ ਗੋਲੀਬਾਰੀ ਕੀਤੀ ਅਤੇ ਮੋਰਟਰ ਦਾਗੇ।
ਅਧਿਕਾਰੀ ਨੇ ਕਿਹਾ ਕਿ
ਇੱਕ ਮੋਰਟਰ ਅਰਨੀਆਂ ਦੇ ਇੱਕ ਪੁਲਿਸ ਥਾਣੇ ਦੇ ਕੰਪਲੈਕਸ ਦੀ ਕੰਧ ਨਾਲ ਆ ਕੇ ਫਟਿਆ, ਜਿਸ
ਨਾਲ 6 ਲੋਕ ਜ਼ਖ਼ਮੀ ਹੋ ਗਏ। ਬੀਐਸਐਫ਼ ਦੇ ਬੁਲਾਰੇ ਵਿਨੋਦ ਯਾਦਵ ਨੇ ਦੱਸਿਆ ਕਿ ਪਾਕਿਸਤਾਨੀ
ਰੇਂਜਰਾਂ ਨੇ ਕੱਲ੍ਹ ਰਾਤ 9 ਵਜੇ ਤੋਂ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਬੀਐਸਐਫ਼ ਦੀਆਂ
ਭਾਰਤੀ ਚੌਕੀਆਂ 'ਤੇ ਮੋਰਟਰ ਦਾਗੇ ਅਤੇ ਭਾਰੀ ਗੋਲੀਬਾਰੀ ਕੀਤੀ। ਬੀਐਸਐਫ਼ ਦੇ ਬੁਲਾਰੇ
ਸ੍ਰੀ ਯਾਦਵ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਬੀਐਸਐਫ਼ ਦੀਆਂ
ਕਰੀਬ 40 ਸਰਹੱਦੀ ਚੌਕੀਆਂ ਪ੍ਰਭਾਵਤ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ
ਜੰਮੂ ਅਤੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਣ ਵਾਲੇ ਅਰਨੀਆਂ ਆਰਐਸ
ਪੁਰਾ, ਕਾਨਾਚੱਕ ਤੇ ਪਰਗਬਾਲ ਸਬ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਵਿਸਥਾਰ ਸਹਿਤ
ਬਿਊਰਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਾਨਾਚੱਕ ਅਤੇ ਪਰਗਬਾਲ ਵਿੱਚ ਬੀਐਸਐਫ਼ ਦੀਆਂ ਕਰੀਬ
ਸਾਰੀਆਂ ਚੌਕੀਆਂ ਨੂੰ ਪਾਕਿ ਰੇਂਜਰਾਂ ਨੇ ਨਿਸ਼ਾਨਾ ਬਣਾਇਆ।
ਜੰਮੂ ਦੇ ਜ਼ਿਲ੍ਹਾ
ਮੈਜਿਸਟਰੇਟ ਅਜੀਤ ਕੁਮਾਰ ਸਾਹੂ ਨੇ ਦੱਸਿਆ ਕਿ ਕੱਲ੍ਹ ਰਾਤ ਤੋਂ ਜੰਮੂ ਜ਼ਿਲ੍ਹੇ 'ਚ
ਕੌਮਾਂਤਰੀ ਸਰਹੱਦ 'ਤੇ ਅਰਨੀਆਂ, ਆਰਐਸ ਪੁਰਾ, ਪਰਗਬਾਲ, ਗੰਜਾਨਸੂ ਅਤੇ ਕਾਨਾਚੱਕ ਪੱਟੀ
'ਚ 20 ਤੋਂ 25 ਸਰਹੱਦੀ ਇਲਾਕਿਆਂ 'ਤੇ ਪਾਕਿ ਵੱਲੋਂ ਮੋਰਟਰ ਦਾਗੇ ਗਏ ਅਤੇ ਭਾਰੀ
ਗੋਲੀਬਾਰੀ ਕੀਤੀ ਗਈ। ਰਾਤ ਨੂੰ ਹੀ ਹਜ਼ਾਰ ਤੋਂ ਵਧ ਲੋਕਾਂ ਨੂੰ ਕੈਂਪਾਂ ਵਿੱਚੋਂ ਲਿਜਾਇਆ
ਗਿਆ।