ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਖਿਆ ਚੋਣ ਮੈਦਾਨ
Posted on:- 04-10-2014
ਹਰਿਆਣਾ 'ਚ ਮੋਦੀ ਨੇ ਦਿੱਤਾ ਕਾਂਗਰਸ ਦੇ ਸਫਾਏ ਦਾ ਸੱਦਾ
ਚੰਡੀਗੜ੍ਹ : ਹਰਿਆਣਾ
ਤੇ ਮਹਾਰਾਸ਼ਟਰ 'ਚ 15 ਅਕਤੂਬਰ ਨੂੰ ਪੈਣ ਵਾਲੀਆਂ ਵਿਧਾਨ ਸਭਾ ਵੋਟਾਂ ਲਈ ਚੋਣ ਮੁਹਿੰਮ
ਪੂਰੀ ਤਰ੍ਹਾਂ ਨਾਲ ਭਖ ਗਈ ਹੈ। ਹਰਿਆਣਾ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
ਭਾਰਤੀ ਜਨਤਾ ਪਾਰਟੀ ਤੇ ਸੋਨੀਆ ਗਾਂਧੀ ਨੇ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕੀਤਾ।
ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਕਰਨਾਲ ਵਿੱਚ ਆਪਣੀ ਪਾਰਟੀ ਦੇ ਹੱਕ ਵਿੱਚ ਰੱਖੀ
ਗਈ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੂਬੇ ਵਿੱਚ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ
ਜਾਵੇਗਾ। ਉਨ੍ਹਾਂ ਹੁੱਡਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਕਿਸਾਨ
ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੀ ਕਿਸੇ ਗਰੀਬ ਨੂੰ ਜ਼ਮੀਨ ਦਾ ਕੋਈ ਟੁਕੜਾ
ਮਿਲਿਆ ਹੈ, ਫ਼ਿਰ ਹਜ਼ਾਰਾਂ ਏਕੜ ਜ਼ਮੀਨ ਕਿੱਥੇ ਗਾਇਬ ਹੋ ਗਈ, ਇਸ ਨੂੰ ਕਿਸ ਨੇ ਲੈ ਲਿਆ ਹੈ।
ਪ੍ਰਧਾਨ
ਮੰਤਰੀ ਦਾ ਸਿੱਧਾ ਨਾਂ ਲਏ ਬਗੈਰ ਇਹ ਇਸ਼ਾਰਾ ਸੋਨੀਆ ਗਾਂਧੀ ਦੇ ਜਵਾਈ ਰੋਬਰਟ ਵਾਡਰਾ ਦੇ
ਜ਼ਮੀਨੀ ਸੌਦਿਆਂ ਦੇ ਵਿਵਾਦਾਂ ਵੱਲ ਸੀ। ਹੁਣ ਤੱਕ ਇਹ ਸੁਰਾਂ ਉਠਦੀਆਂ ਰਹੀਆਂ ਹਨ ਕਿ
ਇਨ੍ਹਾਂ ਸੌਦਿਆਂ ਵਿੱਚ ਭੁਪਿੰਦਰ ਸਿੰਘ ਹੁੱਡਾ ਸਰਕਾਰ ਮਦਦ ਕਰਦੀ ਰਹੀ ਹੈ। ਸ੍ਰੀ ਮੋਦੀ
ਨੇ ਹਰਿਆਣਾ ਦੇ ਲੋਕਾਂ ਨੂੰ ਕਿਹਾ ਕਿ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਲਿਜਾਉਣ ਲਈ ਵਿਧਾਨ
ਸਭਾ ਚੋਣਾਂ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਾਲ ਜਤਾਇਆ ਜਾਵੇ।
ਉਨ੍ਹਾਂ ਕਿਹਾ ਕਿ
ਸੂਬੇ ਦੇ ਪਛੜੇਪਣ ਲਈ ਸਿੱਧੇ ਤੌਰ 'ਤੇ ਕਾਂਗਰਸ ਜ਼ਿੰਮੇਵਾਰ ਹੈ। ਆਪਣੇ 30 ਮਿੰਟ ਦੇ
ਭਾਸ਼ਣ ਦੌਰਾਨ ਸ੍ਰੀ ਮੋਦੀ ਨੇ ਕਿਸਾਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋਏ ਕਾਂਗਰਸ ਦੇ ਇਸ
ਦੋਸ਼ ਨੂੰ ਗਲਤ ਦੱਸਿਆ, ਜਿਸ ਵਿੱਚ ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਗਈ
ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਹਰਿਆਣਾ ਦੇ ਲੋਕਾਂ ਵਿੱਚ ਇਹ ਝੂਠ
ਕਿਸ ਵੱਲੋਂ ਫੈਲਾਇਆ ਜਾ ਰਿਹਾ ਹੈ ਕਿ ਬਾਸਮਤੀ ਨਿਰਯਾਤ 'ਤੇ ਰੋਕ ਲਗਾ ਦਿੱਤੀ ਗਈ ਹੈ।
ਦੱਸਣਾ
ਬਣਦਾ ਹੈ ਕਿ ਕਰਨਾਲ ਦੇਸ਼ ਦਾ ਇੱਕ ਪ੍ਰਸਿੱਧ ਬਾਸਮਤੀ ਪੈਦਾ ਕਰਨ ਵਾਲਾ ਖੇਤਰ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸਾਨਾਂ ਨੂੰ ਗੁਮਰਾਹ ਕਰਦੇ ਹੋਏ ਚਿੱਟਾ ਝੂਠ ਬੋਲਿਆ
ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਮੰਡੀਆਂ ਵਿੱਚ ਕਾਂਗਰਸ ਨੇ ਚਾਰ ਫੀਸਦੀ
ਕਰ ਲਗਾ ਰੱਖਿਆ ਹੈ, ਜਿਸ ਦੀ ਵਜ੍ਹਾ ਨਾਲ ਬਾਸਮਤੀ ਵੇਚਣ ਵਾਲਾ ਹਰਿਆਣਾ ਦਾ ਕਿਸਾਨ
ਮਾਰਕਿਟ ਵਿੱਚ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਸਾਲ ਤੋਂ ਸੱਤਾ
ਵਿੱਚ ਬੈਠੀ ਕਾਂਗਰਸ ਕਿਸਾਨ ਵਿਰੋਧੀ ਹੈ ਤੇ ਇਸ ਦੀ ਵਜ੍ਹਾ ਕਰਕੇ ਹੀ ਬਾਸਮਤੀ ਦਾ
ਉਤਪਾਦਨ ਕਰਨ ਵਾਲੇ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਦਾ ਪੱਧਰ ਥੱਲੇ
ਜਾ ਰਿਹਾ ਹੈ ਤੇ ਸਰਕਾਰ ਉਪਭੋਗਤਾਵਾਂ ਨੂੰ ਪੂਰਨ ਤੌਰ 'ਤੇ ਬਿਜਲੀ ਦੇਣ ਵਿੱਚ ਅਸਫ਼ਲ ਰਹੀ
ਹੈ।
ਮੋਦੀ ਨੇ ਮੁੱਖ ਵਿਰੋਧੀ ਦਲ ਇਨੈਲੋ 'ਤੇ ਹਮਲਾ ਬੋਲਦਿਆਂ ਲੋਕਾਂ ਨੂੰ ਪੁੱਛਿਆ
ਕਿ ਕੀ ਉਹ ਚਾਹੁੰਦੇ ਹਨ ਕਿ ਸੂਬੇ ਦਾ ਸ਼ਾਸਨ ਜੇਲ੍ਹ ਵਿੱਚੋਂ ਚੱਲੇ। ਉਨ੍ਹਾਂ ਕਿਹਾ ਕਿ
ਪਿਛਲੇ 15 ਸਾਲਾਂ ਤੋਂ ਸਰਕਾਰਾਂ ਨੇ ਸੂਬੇ ਦੇ ਲੋਕਾਂ ਨੂੰ ਕੋਈ ਖੁਸ਼ੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰ ਖ਼ਾਲੀ ਕਰਵਾਉਣ ਲਈ ਗੁੰਡੇ ਅਕਸਰ ਆਉਂਦੇ ਸਨ ਤੇ ਜ਼ਬਰਦਸਤੀ
ਜਾਇਦਾਦ ਤੇ ਪਲਾਟ 'ਤੇ ਕਬਜ਼ਾ ਕਰ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇ ਉਹ ਇਸ ਚੀਜ਼
ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹਨ ਤਾਂ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
ਉਨ੍ਹਾਂ
ਹਰਿਅਣਾ ਸਰਕਾਰ ਵੱਲੋਂ ਹਰਿਆਣਾ ਨੰਬਰ 1 ਮੁਹਿੰਮ ਦੀ ਹਵਾ ਕੱਢਦਿਆਂ ਕਿਹਾ ਕਿ ਹਰਿਆਣਾ
ਕਾਫ਼ੀ ਪਛੜ ਗਿਆ ਹੈ ਤੇ ਇਹ ਕਈ ਮਾਨਿਕਾਂ ਵਿੱਚ ਪਿੱਛੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ
ਹਰਿਆਣਾ ਸ਼ਾਖਰਤਾ ਵਿੱਚ ਦੇਸ਼ ਅੰਦਰ 22ਵੇਂ ਸਥਾਨ 'ਤੇ ਹੈ ਤੇ ਬੇਰੁਜ਼ਗਾਰੀ 'ਚ ਸੂਬੇ ਦਾ
18ਵਾਂ ਸਥਾਨ ਹੈ। ਉਨ੍ਹਾਂ ਹਰਿਆਣਾ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ
ਕਰਦੇ ਹੋਏ ਕਿਹਾ ਕਿ ਭਾਜਪਾ ਸੱਤਾ ਵਿੱਚ ਆ ਕੇ ਸੂਬੇ ਦੀ ਤਕਦੀਰ ਬਦਲ ਦੇਵੇਗੀ। ਉਨ੍ਹਾਂ
ਕਿਹਾ ਕਿ ਉਨ੍ਹਾਂ ਦੇ ਨਾਲ ਨਾ ਜਾਇਆ ਜਾਵੇ, ਜਿਨ੍ਹਾਂ ਨੂੰ ਜਨਤਾ ਅਜਮਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੂਰਾ ਵਿਸ਼ਵ ਭਾਰਤ ਨੂੰ ਸਨਮਾਨ ਦੀ ਨਿਗਾ ਨਾਲ ਦੇਖ ਰਿਹਾ ਹੈ ਤੇ ਇਹ
ਉਨ੍ਹਾਂ ਦੇ ਕਾਰਨ ਨਹੀਂ, ਸਗੋਂ ਭਾਰਤ ਦੇ 125 ਕਰੋੜ ਲੋਕਾਂ ਦੀ ਤਾਕਤ ਦੇ ਬਦੌਲਤ ਹੋਇਆ
ਹੈ, ਜਿਨ੍ਹਾਂ ਨੇ ਕੇਂਦਰ ਵਿੱਚ ਮਜ਼ਬੂਤ ਤੇ ਸਥਿਰ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ
ਪਹਿਲਾਂ ਭਾਰਤ ਨੂੰ ਸਹੀ ਮਹੱਤਵ ਨਹੀਂ ਦਿੱਤਾ ਗਿਆ, ਪਰ ਹੁਣ ਵਿਸ਼ਵ ਦਾ ਭਾਰਤ ਦੇ ਪ੍ਰਤੀ
ਦ੍ਰਿਸ਼ਟੀ ਕੋਣ ਬਦਲ ਗਿਆ ਹੈ।
-----
ਨਕਲੀ ਸੁਪਨੇ ਦਿਖਾਉਣ 'ਚ ਲੱਗੀ ਹੋਈ ਕੇਂਦਰ ਸਰਕਾਰ : ਸੋਨੀਆ
ਕਾਂਗਰਸ
ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸਿਰਸਾ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ
ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਨਕਲੀ ਸੁਪਨੇ ਵਿਖਾਉਣ ਵਿੱਚ
ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ
ਵਾਅਦਿਆਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਸਵਾਲ ਕੀਤਾ ਕਿ 100 ਦਿਨ
ਵਿੱਚ ਕਾਲਾ ਧਨ ਵਾਪਸ ਲਿਆਉਣ ਦੇ ਭਾਜਪਾ ਦੇ ਵਾਅਦੇ ਦਾ ਕੀ ਹੋਇਆ? ਉਨ੍ਹਾਂ ਕਿਹਾ ਕਿ
ਯੂਪੀਏ ਸਰਕਾਰ ਦੀਆਂ ਯੋਜਨਾਵਾਂ ਦਾ ਨਾਂ ਬਦਲ ਕੇ ਦੁਬਾਰਾ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪ੍ਰਮਾਣੂ ਸ਼ਕਤੀ ਵਾਲਾ ਦੇਸ਼
ਬਣਿਆ ਹੈ। ਉਨ੍ਹਾਂ ਕਿਹਾ ਕਿ ਪੰਡਤ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਸ੍ਰ. ਪਟੇਲ, ਰਾਜੀਵ
ਗਾਂਧੀ ਤੇ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਤਰੱਕੀ ਦੇ ਲਈ ਮਿਹਨਤ ਕੀਤੀ। ਉਨ੍ਹਾਂ ਕਿਹਾ
ਕਿ ਇਸੇ ਲਈ ਵਿਦੇਸ਼ਾਂ 'ਚ ਭਾਰਤ ਨੂੰ ਆਦਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਹਰਿਆਣਾ ਦੀ
ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਸੰਘਰਸ਼ ਦਾ ਹੀ ਨਤੀਜਾ ਹੈ ਕਿ 10 ਸਾਲਾਂ ਵਿੱਚ
ਹਰਿਆਣਾ ਨੇ ਬਹੁਤ ਤਰੱਕੀ ਕੀਤੀ। ਉਨ੍ਹਾਂ ਇੱਥੇ ਸਰਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ
ਕਿਹਾ ਕਿ ਪਹਿਲੀ ਮੈਡੀਕਲ ਕਾਲਜ ਸੋਨੀਪਤ ਵਿੱਚ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਹਰਿਆਣਾ
ਸਰਕਾਰ ਨੇ ਸਾਫ਼ ਸਫ਼ਾਈ ਵਿਵਸਥਾ 'ਤੇ ਵਿਸ਼ੇਸ਼ ਧਿਆਨ ਦਿੱਤਾ ਤੇ 10 ਹਜ਼ਾਰ ਨਵੇਂ ਸਫ਼ਾਈ
ਕਰਮਚਾਰੀਆਂ ਨੂੰ ਪਿੰਡਾਂ ਵਿੱਚ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਮੰਜ਼ਿਲ 'ਤੇ
ਪਹੁੰਚਣਾ ਕੋਈ ਮਾਮੂਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ 68 ਸਾਲਾਂ ਵਿੱਚ ਵਿਕਾਸ ਦੀ
ਨੀਂਹ ਤਿਆਰ ਹੋਈ ਹੈ ਤੇ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕੀਤਾ ਗਿਆ।
ਸੋਨੀਆ ਨੇ ਕਿਹਾ ਕਿ
ਦਸ ਸਾਲ ਪਹਿਲਾਂ ਹਰਆਿਣਾ ਵਿੱਚ ਧਮਕੀਆਂ ਦੇਣ ਤੇ ਵਸੂਲੀ ਦਾ ਬੋਲਬਾਲਾ ਸੀ। ਇਸ ਦੇ ਉਲਟ
ਹੁੱਡਾ ਸਰਕਾਰ ਨੇ ਕਾਨੂੰਨ ਦਾ ਰਾਜ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ
ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਸੋਨੀਆ ਨੇ ਬੀਜੇਪੀ 'ਤੇ ਹਮਲੇ
ਬੋਲਦਿਆਂ ਕਿਹਾ ਕਿ ਚੋਣਾਂ ਵਿੱਚ ਨਵੇਂ ਸਮਝੌਤੇ ਹੋਏ ਹਨ। ਉਨ੍ਹਾਂ ਕਿਹਾ ਕਿ ਝੂਠੇ ਸੁਪਨੇ
ਦਿਖ਼ਾਉਣ ਵਾਲਿਆਂ ਦੀ ਅਸਲੀਅਤ ਜਨਤਾ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ
ਕਰਨੀ ਤੇ ਕਥਨੀ ਵਿੱਚ ਫ਼ਰਕ ਹੈ। ਇਸ ਲਈ ਕਿਸੇ ਵੀ ਦਲ ਦੇ ਛਲਾਵੇ ਵਿੱਚ ਨਾ ਆਇਆ ਜਾਵੇ।
ਸੋਨੀਆ ਗਾਂਧੀ ਨੇ ਅੱਜ ਸਿਰਸਾ ਤੇ ਮਹਿਮ ਵਿੱਚ ਚੋਣਾਵੀਂ ਰੈਲੀਆਂ ਕੀਤੀਆਂ। ਉਨ੍ਹਾਂ ਦਾ
ਚੋਣਾਂ ਸਬੰਧੀ ਸੂਬੇ ਵਿੱਚ ਇਹ ਪਹਿਲਾ ਦੌਰਾ ਸੀ। ਰੈਲੀ ਦੇ ਦੌਰਾਨ ਆਪਣੇ ਸੰਬੋਧਨ ਵਿੱਚ
ਸੋਨੀਆ ਨੇ ਭਾਜਪਾ ਦਾ ਨਾਂ ਲਏ ਵਗੈਰ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਕੁਝ
ਰਾਜਨੀਤਕ ਦਲ ਜਨਤਾ ਨੂੰ ਗੁੰਮਰਾਹ ਕਰਨ ਲਈ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ
ਚੋਣਾਂ 'ਚ ਵੀ ਗੁੰਮਰਾਹ ਕਰਨ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ
ਚੋਣਾਂ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇੱਕ ਵੀ ਕਦਮ ਨਹੀਂ
ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਕੀ ਮਹਿੰਗਾਈ ਘਟ ਹੋ ਗਈ ਹੈ, 100 ਦਿਨ ਵਿੱਚ ਕਾਲਾ ਧਨ
ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਿਖ਼ਾਵਾ ਕਰ ਰਹੀ ਹੈ, ਜਿਸ ਤਰ੍ਹਾਂ ਸਭ ਕੁਝ
ਪਹਿਲੀ ਵਾਰ ਹੋ ਰਿਹਾ ਹੋਵੇ। ਯੂਪੀਏ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ
ਕਿਹਾ ਕਿ ਯੂਪੀਏ ਦੀਆਂ ਨੀਤੀਆਂ ਦਾ ਨਾਂ ਬਦਲ ਕੇ ਭਾਜਪਾ ਸਰਕਾਰ ਇਨ੍ਹਾਂ ਨੂੰ ਲਾਗੂ ਕਰ
ਰਹੀ ਹੈ। ਇਸ ਲਈ ਦਿਲ ਤੋਂ ਨਹੀਂ, ਦਿਮਾਗ ਤੋਂ ਕੰਮ ਲੈ ਕੇ ਫੈਸਲਾ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਭਾਵਨਾਵਾਂ ਭੜਕਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਸੋਨੀਆ
ਨੇ ਕਿਹਾ ਕਿ ਜੋ ਚੀਕਦਾ ਹੈ, ਉਹ ਸੱਚਾ ਨਹੀਂ ਹੁੰਦਾ। ਸੋਨੀਆ ਗਾਂਧੀ ਨੇ ਇਨੈਲੋ ਦਾ ਨਾਂ
ਲਏ ਬਗੈਰ ਕਿਹਾ ਕਿ ਕੁਝ ਦਲ ਜਾਤ ਪਾਤ ਤੇ ਭੇਦਭਾਵ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ
ਕਿਹਾ ਕਿ ਉਹ ਨਕਲੀ ਸੁਪਨੇ ਦਿਖਾਉਣ ਵਿੱਚ ਲੱਗੇ ਹੋਏ ਹਨ, ਤਰੱਕੀ ਨਾਲ ਉਨ੍ਹਾਂ ਦਾ ਕੋਈ
ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕੁਝ ਦਲ ਸੱਤਾ ਦੇ ਲਈ ਹੱਥ
ਵੀ ਮਿਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਬਚਣਾ ਹੈ। ਉਨ੍ਹਾਂ
ਦਾ ਇਸ਼ਾਰਾ ਇਨੈਲੋ ਤੇ ਭਾਜਪਾ ਵੱਲ ਸੀ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭੁਪਿੰਦਰ
ਸਿੰਘ ਹੁੱਡਾ ਨੇ ਕਿਹਾ ਕਿ ਹਾਲ ਹੀ ਵਿੱਚ ਉਤਰ ਭਾਰਤ ਦੇ ਸੂਬਿਆਂ ਵਿੱਚ ਹੋਈਆਂ ਜ਼ਿਮਨੀ
ਚੋਣਾਂ ਵਿੱਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਜਾਹਿਰ ਕਰਦੀ ਹੈ ਕਿ ਜਨਤਾ ਨੇ ਭਾਜਪਾ ਦੀਆਂ
ਨੀਤੀਆਂ ਦੀ ਬਜਾਏ ਵਿਅਕਤੀ ਵਿਸ਼ੇਸ਼ ਨੂੰ ਵੋਟ ਪਾਈ। ਉਨ੍ਹਾਂ ਕਿਹਾ ਕਿ ਕਾਂਗਰਸ ਗਰੀਬ,
ਮਜ਼ਦੂਰ, ਕਿਸਾਨ ਦੀ ਹਿਤੈਸ਼ੀ ਪਾਰਟੀ ਹੈ। ਜਦੋਂ ਕਿ ਭਾਜਪਾ ਅਮੀਰ ਲੋਕਾਂ ਦਾ ਦਲ ਹੈ।
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਕਰਜ਼ੇ ਦੇ ਬੋਝ ਤੋਂ
ਮੁਕਤ ਕਰਨ ਲਈ ਹਰਿਆਣਾ ਸਰਕਾਰ ਨੇ 154 ਕਰੋੜ 75 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕੀਤੇ।
ਸ੍ਰੀ
ਹੁੱਡਾ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ
'ਤੇ ਵਿਅੰਗ ਕਸਦੇ ਹੋਏ ਕਿਹਾ ਕਿ ਚੌਟਾਲਾ ਕਹਿੰਦੇ ਹਨ ਕਿ ਉਨ੍ਹਾਂ ਨੂੰ 3208 ਨੌਜਵਾਨਾਂ
ਨੂੰ ਨੌਕਰੀਆਂ ਦੇਣ ਦੀ ਸਜ਼ਾ ਹੋਈ ਹੈ ਤੇ ਇਸ ਹਿਸਾਬ ਨਾਲ ਉਨ੍ਹਾਂ ਨੇ (ਸ੍ਰੀ ਹੁੱਡਾ) 80
ਹਜ਼ਾਰ ਨੌਕਰੀਆਂ ਦਿੱਤੀਆਂ ਹਨ ਤੇ ਕੀ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ।
ਉਨ੍ਹਾਂ
ਕਿਹਾ ਕਿ ਚੌਟਾਲਾ ਨੇ 3200 ਅਸਲ ਹੱਕਦਾਰਾਂ ਦੇ ਘਰਾਂ ਦਾ ਚਿਰਾਗ ਬੁਝਾ ਕਿ ਆਪਣੀ
ਚਹੇਤਿਆਂ ਦੇ ਘਰਾਂ ਵਿੱਚ ਰੋਸ਼ਨੀ ਕੀਤੀ। ਰੈਲੀ ਵਿੱਚ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ
ਹਰਿਆਣਾ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਵੀ ਮੌਜੂਦ ਸਨ। ਇਸ ਦੌਰਾਨ ਮੰਚ ਸੰਚਾਲਨ ਸੂਬਾ
ਕਾਂਗਰਸ ਦੀ ਸਹਾਇਕ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ। ਮਹਿਮ 'ਚ ਸਿਰਸਾ 'ਚ ਕਾਂਗਰਸ ਦੇ
ਵਿਧਾਨ ਸਭਾ ਉਮੀਦਵਾਰਾਂ ਨੇ ਵਾਰੀ-ਵਾਰੀ ਸੋਨੀਆ ਗਾਂਧੀ ਨੂੰ ਆਪਣੀ ਜਾਣ ਪਛਾਣ ਕਰਵਾਈ ਤੇ
ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਲਈਆਂ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ
ਵੀ ਮੌਜੂਦ ਸਨ।