ਹਾਕੀ ਖਿਡਾਰਨ ਅਮਨਦੀਪ ਕੌਰ ਦਾ ਜਲੰਧਰ 'ਚ ਨਿੱਘਾ ਸਵਾਗਤ
Posted on:- 03-10-2014
ਜਲੰਧਰ : ਕੋਰੀਆ
ਵਿੱਚ ਸਪੰਨ ਹੋਈਆਂ 17ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ 2006
ਤੋਂ ਬਾਅਦ ਇਕ ਵਾਰ ਫਿਰ ਕਾਂਸੀ ਦਾ ਤਮਗਾ ਜਿੱਤਿਆ। ਬੀਤੀ ਦੇਰ ਰਾਤ ਭਾਰਤੀ ਹਾਕੀ ਟੀਮ
ਨਵੀਂ ਦਿੱਲੀ ਪਹੁੰਚੀ ਤੇ ਪੰਜਾਬ ਦੀ ਇਕੋ ਇਕ ਖਿਡਾਰਣ ਅਮਨਦੀਪ ਕੌਰ ਜਦੋਂ ਜਲੰਧਰ ਛਾਉਣੀ
ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਉਸ ਦਾ ਭਰਵਾ ਅਤੇ ਨਿੱਘਾ ਸਵਾਗਤ ਕੀਤਾ ਗਿਆ। ਅਮਨਦੀਪ
ਦਾ ਸਵਾਗਤ ਕਰਨ ਵਾਲਿਆਂ ਵਿੱਚ ਸੁਰਜੀਤ ਹਾਕੀ ਸੋਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ
ਪੀਸੀਐਸ ਏਡੀਸੀ ਫਗਵਾੜਾ, ਹਾਕੀ ਪੰਜਾਬ ਦੇ ਦਫਤਰ ਸਕੱਤਰ ਕੁਲਬੀਰ ਸਿੰਘ ਸੈਣੀ, ਲਾਇਲਪੁਰ
ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਫਿਜੀਕਲ ਐਜੁਕੇਸ਼ਨ ਅਧਿਆਪਿਕਾ ਪਰਮਿੰਦਰ ਕੌਰ, ਪੰਜਾਬ
ਖੇਡ ਵਿਭਾਗ ਤੋਂ ਕੋਚ ਓਮ ਪ੍ਰਕਾਸ਼ ਨੇਗੀ, ਜਲੰਧਰ ਛਾਉਣੀ ਤੋਂ ਹਰਸ਼ਰਨ ਸਿੰਘ ਚਾਵਲਾ,
ਹਰਪ੍ਰੀਤ ਸਿੰਘ ਭਸੀਨ, ਰਮਨਦੀਪ ਸਿੰਘ, ਅਮਨਦੀਪ ਕੌਰ ਦੀ ਮਾਤਾ ਜਸਵਿੰਦਰ ਕੌਰ ਭਰਾ
ਕੁਲਦੀਪ ਸਿੰਘ, ਹਰਦੀਪ ਸਿੰਘ, ਭੈਣਾਂ ਪਰਮਜੀਤ ਕੌਰ ਅਤੇ ਮਨਦੀਪ ਕੌਰ ਅਤੇ ਉਸਦੇ
ਪਰਿਵਾਰਿਕ ਮੈਂਬਰ ਸ਼ਾਮਲ ਸਨ।
ਅਮਨਦੀਪ ਕੌਰ ਮੂਲ ਰੂਪ ਵਿੱਚ ਜਿਲ੍ਹਾ ਮੋਗਾ ਦੇ ਪਿੰਡ
ਤਖਾਣਵੱਧ ਦੀ ਜੰਮਪਲ ਹੈ ਅਤੇ ਇਸ ਸਮੇਂ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਕੰਮ ਕਰਦੀ ਹੈ
ਇਸ ਤੋਂ ਪਹਿਲਾਂ ਉਹ ਕੈਰੋਂ ਅਤੇ ਜਲੰਧਰ ਦੇ ਐਚ ਐਮ ਵੀ ਕਾਲਜ ਵਿੱਚ ਵੀ ਹਾਕੀ ਖੇਡਦੀ ਰਹੀ
ਹੈ। ਇਸ ਮੌਕੇ ਤੇ ਸੁਰਜੀਤ ਹਾਕੀ ਸੋਸਾਇਟੀ ਦੇ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ
ਜਲੰਧਰ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਆਈਏਐਸ, ਜੋ ਕਿ ਸੁਰਜੀਤ ਹਾਕੀ ਸੋਸਾਇਟੀ ਦੇ
ਪ੍ਰਧਾਨ ਵੀ ਹਨ, ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ 31ਵੇਂ
ਇੰਡੀਅਨ ਂਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ
ਜਾਵੇਗਾ। ਇਸ ਦੌਰਾਨ ਹਾਕੀ ਪੰਜਾਬ ਦੇ ਸਕੱਤਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ
ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਅਮਨਦੀਪ ਕੌਰ ਦਾ ਜਲਦ ਹੀ ਹਾਕੀ ਪੰਜਾਬ ਵਲੋਂ ਵੀ
ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਅਤੇ ਉਸਦਾ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਤੋਂ ਵੀ
ਕਰਵਾਇਆ ਜਾਵੇਗਾ। ਇਸ ਮੌਕੇ ਤੇ ਅਮਨਦੀਪ ਕੌਰ ਨੇ ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ
ਕਰਦੇ ਹੋਏ ਕਿਹਾ ਕਿ ਉਹ ਹੁਣ ਹੋਰ ਵੀ ਜ਼ੋਰਦਾਰ ਅਭਿਆਸ ਕਰਕੇ ਹੋਰ ਵੀ ਚੰਗੀ ਖੇਡ ਦਾ
ਪ੍ਰਦਰਸ਼ਨ ਕਰੇਗੀ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰੇਗੀ।