ਭਾਰਤੀ ਮੁੱਕੇਬਾਜ਼ ਸਰਿਤਾ ਦੇਵੀ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ
Posted on:- 03-10-2014
ਲੂਸਾਨੇ : ਕੌਮਾਂਤਰੀ
ਮੁੱਕੇਬਾਜ਼ ਸੰਘ (ਏਆਈਬੀਏ) ਨੇ ਕਿਹਾ ਹੈ ਕਿ ਪਾਬੰਦੀ ਦਾ ਸਾਹਮਣਾ ਕਰ ਰਹੀ ਭਾਰਤੀ
ਮੁੱਕੇਬਾਜ਼ ਸਰਿਤਾ ਦੇਵੀ ਨੇ ਏਸ਼ੀਆਈ ਖੇਡਾਂ ਦੇ ਤਮਗ਼ਾ ਵੰਡ ਸਮਾਰੋਹ ਦੌਰਾਨ ਕਾਂਸੀ ਦਾ
ਤਮਗ਼ਾ ਹਾਸਲ ਕਰਨ ਤੋਂ ਇਨਕਾਰ ਕਰਨ 'ਤੇ ਅੱਜ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਕੌਮਾਂਤਰੀ
ਮੁੱਕੇਬਾਜ਼ੀ ਸੰਘ ਨੇ ਇਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਮੁੱਕੇਬਾਜ਼ ਨੂੰ ਆਪਣੇ ਇਸ
ਗ਼ਲਤੀ 'ਤੇ ਅਫ਼ਸੋਸ ਹੈ।
ਏਆਈਬੀਏ ਨੇ ਬਿਆਨ ਵਿਚ ਕਿਹਾ ਹੈ ਕਿ ਇੰਚਾਨ ਏਸ਼ੀਆਈ ਖੇਡਾਂ
2014 ਵਿਚ ਭਾਰਤੀ ਮਿਸ਼ਨ ਮੁਖੀ ਆਦਿਲੇ ਜੇ ਸੁਮਾਰੀਵਾਲਾ ਨੇ ਕੌਮਾਂਤਰੀ ਮੁੱਕੇਬਾਜ਼ੀ ਸੰਘ
ਦੇ ਮੁਖੀ ਡਾ. ਚਿੰਗ ਕੁਓ ਵੂ ਨੂੰ ਏਸ਼ੀਆਈ ਖੇਡਾਂ ਦੇ ਤਮਗ਼ਾ ਵੰਡ ਸਮਾਰੋਹ ਵਿਚ ਕਾਂਸੀ ਦਾ
ਤਮਗ਼ਾ ਸਵਿਕਾਰ ਕਰਨ ਤੋਂ ਇਨਕਾਰ ਕਰਨ ਵਾਲੀ ਮਹਿਲਾ ਮੁੱਕੇਬਾਜ਼ ਸਰਿਤਾ ਦੇਵੀ ਦਾ
ਮੁਆਫ਼ੀਨਾਮਾ ਭੇਜਿਆ ਹੈ। ਮੁਆਫ਼ੀਨਾਮੇ ਵਿਚ ਕਿਹਾ ਗਿਆ ਹੈ ਕਿ ਸਰਿਤਾ ਨੇ ਬਿਨਾਂ ਸ਼ਰਤ
ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ ਹੈ ਕਿ ਭਵਿੱਖ ਵਿਚ ਕਦੇ ਵੀ ਅਜਿਹੀ ਘਟਨਾ ਦੁਬਾਰਾ ਨਹੀਂ
ਹੋਵੇਗੀ। ਬੀਤੇ ਕੱਲ੍ਹ ਉਲੰਪਿਕ ਕੌਂਸਲ ਦੀ ਸੁਣਵਾਈ ਤੋਂ ਬਾਅਦ ਸਰਿਤਾ ਦੇ ਤਮਗ਼ੇ ਨੂੰ
ਬਹਾਲ ਕਰ ਦਿੱਤਾ ਗਿਆ ਸੀ।