ਐਡਮਿੰਟਨ ਵਿਖੇ ਲਗਭਗ 9.3 ਮਿਲੀਅਨ ਡਾਲਰ ਦੀ ਸਟੀਰੋਏਡ ਜ਼ਬਤ, ਚਾਰ ਗ੍ਰਿਫ਼ਤਾਰ
Posted on:- 03-10-2014
ਐਡਮਿੰਟਨ : ਐਡਮਿੰਟਨ
ਪੁਲਸ ਵੱਲੋਂ ਗ਼ੈਰ ਕਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸਟੀਰੋਏਡ ਜ਼ਬਤ ਕਰਕੇ ਚਾਰ ਲੋਕਾਂ
ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਮਿੰਟਨ ਪੁਲਸ ਵੱਲੋਂ ਇਹ ਵਿਸ਼ਵਾਸ ਜਤਾਇਆ ਜਾ ਰਿਹਾ ਹੈ
ਕਿ ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਸਟੀਰੋਏਡ
ਜ਼ਬਤ ਕੀਤੀ ਗਈ ਹੋਵੇ।
ਬੁੱਧਵਾਰ ਨੂੰ ਐਲਬਰਟਾ ਲਾਅ ਇਨਫ਼ੋਰਸਮੈਂਟ ਰਿਸਪਾਂਸ ਟੀਮ
ਵੱਲੋਂ ਤਿੰਨ ਘਰਾਂ ਅਤੇ ਦੋ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 360000
ਗੋਲੀਆਂ, 10000 ਸ਼ੀਸ਼ੀਆਂ, 120 ਕਿਲੋਗ੍ਰਾਮ ਕੱਚੀ ਸਟੀਰੋਏਡ ਅਤੇ ਲਗਭਗ ਤਿੰਨ ਦਰਜਨ ਕਿਸਮ
ਦੇ ਰਸਾਇਣਾਂ ਅਤੇ ਨਸ਼ੀਲੀਆਂ ਵਸਤੂਆਂ ਜ਼ਬਤ ਕੀਤੀਆਂ ਗਈਆਂ। ਟੀਮ ਵੱਲੋਂ 30 ਲੀਟਰ ਤਰਲ
ਨਸ਼ੀਲੀ ਸਮੱਗਰੀ, 1250 ਕਿਲੋਗ੍ਰਾਮ ਵੱਖ-ਵੱਖ ਕੱਚੇ ਰਸਾਇਣ, 88000 ਡਾਲਰ ਕੈਸ਼ ਅਤੇ ਚਾਰ
ਆਧੁਨਿਕ ਵਾਹਨ ਵੀ ਜ਼ਬਤ ਕਿਤੇ ਗਏ। ਇਸ ਰੇਡ ਤੋਂ ਬਾਅਦ ਐਲਬਰਟਾ ਲਾਅ ਇਨਫ਼ੋਰਸਮੈਂਟ
ਰਿਸਪਾਂਸ ਟੀਮ ਦੇ ਯੂਟਿਊਬ ਅਕਾਊਂਟ ਤੋਂ ਇਕ ਵੀਡੀਓ ਵੀ ਅਪਲੋਅਡ ਕੀਤੀ ਗਈ ਹੈ, ਜਿਸ ਵਿਚ
ਇਸ ਰੇਡ ਨਾਲ ਸੰਬੰਧਿਤ ਫੁਟੇਜ਼ ਮੌਜੂਦ ਹੈ। ਜਿਨ੍ਹਾਂ ਤਿੰਨ ਘਰਾਂ 'ਤੇ ਛਾਪੇਮਾਰੀ ਕੀਤੀ
ਗਈ, ਉਹਨਾਂ ਵਿਚੋਂ ਦੋ ਘਰਾਂ ਨੂੰ ਲੈਬੋਰਟਰੀ ਵੱਜੋਂ ਵਰਤਿਆ ਜਾ ਰਿਹਾ ਸੀ, ਜਿੱਥੋਂ ਕਈ
ਕਿਸਮ ਦੇ ਉਪਕਰਣ ਵੀ ਜ਼ਬਤ ਕੀਤੇ ਗਏ ਹਨ। ਇਹਨਾਂ ਵਿਚੋਂ ਇਕ ਘਰ ਐਲੀਮੈਂਟਰੀ ਸਕੂਲ ਤੋਂ ਬਸ
ਕੁਝ ਹੀ ਦੂਰੀ 'ਤੇ ਸਥਿਤ ਹੈ।