ਉਤਰ ਪ੍ਰਦੇਸ਼ : ਦੋ ਗੱਡੀਆਂ ਦੀ ਟੱਕਰ 'ਚ 15 ਮੌਤਾਂ, 60 ਤੋਂ ਵਧ ਜ਼ਖ਼ਮੀ
Posted on:- 01-10-2014
ਗੋਰਖਪੁਰ :ਉਤਰ
ਪ੍ਰਦੇਸ਼ ਦੇ ਗੋਰਖਪੁਰ ਵਿੱਚ ਮੰਗਲਵਾਰ ਦੇਰ ਰਾਤ ਲਖਨਊ-ਬਰੌਨੀ ਅਤੇ ਕ੍ਰਿਸ਼ਕ ਐਕਸਪ੍ਰੈਸ
ਦੇ ਦਰਮਿਆਨ ਹੋਈ ਟੱਕਰ ਵਿੱਚ 15 ਲੋਕਾਂ ਦੀ ਮੌਤ ਅਤੇ 60 ਤੋਂ ਵਧ ਜ਼ਖ਼ਮੀ ਹੋ ਗਏ ਅਤੇ ਰਾਤ
ਭਰ ਬਚਾਅ ਕਾਰਜ ਜਾਰੀ ਰਹੇ। ਬੁੱਧਵਾਰ ਸਵੇਰੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ
ਹਨ।
ਉਤਰ-ਪੂਰਬ ਰੇਲਵੇ ਦੇ ਅਧਿਕਾਰੀ ਮਧੂਰੇਸ਼ ਕੁਮਾਰ ਨੇ 14 ਯਾਤਰੀਆਂ ਦੀ ਮੌਤ ਦੀ
ਪੁਸ਼ਟੀ ਕੀਤੀ ਹੈ। ਉਧਰ ਰੇਲ ਪ੍ਰਸ਼ਾਸਨ ਨੇ ਕ੍ਰਿਸ਼ਕ ਐਕਸਪ੍ਰੈਸ ਦੇ ਦੋਵੇਂ ਡਰਾਇਵਰਾਂ ਨੂੰ
ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੀ ਜ਼ਿੰਮੇਵਾਰੀ ਰੇਲਵੇ ਸੁਰੱਖਿਆ
ਕਮਿਸ਼ਨਰ (ਸੀਆਰਐਸ) ਪੀਕੇ ਬਾਜਪਾਈ ਕਰਨਗੇ। ਦੋਵੇਂ ਰੇਲਾਂ ਦੇ ਦਰਮਿਆਨ ਟੱਕਰ ਇੰਨੀ ਭਿਆਨਕ
ਸੀ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਬੋਗੀਆਂ ਨੂੰ ਕੱਟਣਾ ਪਿਆ। ਇਸੇ ਦੌਰਾਨ
ਕਿਸੇ ਦੇ ਸਰੀਰ ਤੋਂ ਪੈਰ ਵੱਖ ਹੋਇਆ ਮਿਲਿਆ ਅਤੇ ਕਿਸੇ ਦਾ ਹੱਥ।
ਉੱਧਰ ਅਧਿਕਾਰੀਆਂ
ਦਾ ਕਹਿਣਾ ਹੈ ਕਿ ਕ੍ਰਿਸ਼ਕ ਐਕਸਪ੍ਰੈਸ ਦੇ ਡਰਾਇਵਰ ਵੱਲੋਂ ਸਿੰਗਨਲ ਤੋੜੇ ਜਾਣ ਦੇ ਵਜ੍ਹਾ
ਨਾਲ ਇਹ ਹਾਦਸਾ ਵਾਪਰਿਆ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਦੀ
ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਕਮਿਸ਼ਨਰ ਆਰ ਕੇ ਓਝਾ ਅਤੇ ਡੀਐਮ ਰੰਜਨ ਕੁਮਾਰ ਨੇ
ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2
ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਬੁੱਧਵਾਰ
ਸਵੇਰੇ ਰੇਲ ਮੰਤਰੀ ਸਦਾਨੰਦ ਗੌੜਾ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਸਬੰਧਤ
ਅਧਿਕਾਰੀਆਂ ਤੋਂ ਹਾਦਸੇ ਦੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਸਾਂਸਦ ਮਹੰਤ
ਅਦਿੱਤਿਆ ਨਾਥ ਅਤੇ ਹੋਰ ਰੇਲਵੇ ਅਧਿਕਾਰੀ ਵੀ ਮੌਜੂਦ ਰਹੇ। ਰੇਲ ਮੰਤਰੀ ਨੇ ਕਿਹਾ ਕਿ ਇਹ
ਹਾਦਸਾ ਰੇਲ ਗੱਡੀ ਦੇ ਚਾਲਕ ਦੁਆਰਾ ਸਿੰਗਨਲ ਦੀ ਅਣਦੇਖੀ ਕਾਰਨ ਵਾਪਰਿਆ, ਜਿਸ ਨੂੰ
ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਗੋਰਖਪੁਰ ਦੇ ਗੰਗਾਨਗਰ ਇਲਾਕੇ ਵਿੱਚ
ਇਹ ਹਾਦਸਾ ਕਰੀਬ 11 ਵਜੇ ਵਾਪਰਿਆ। ਲਖਨਊ ਤੋਂ ਆ ਰਹੀ ਬਰੌਨੀ ਐਕਸਪ੍ਰੈਸ ਰੇਲਵੇ ਫਾਟਕ
ਪਾਰ ਕਰ ਰਹੀ ਸੀ ਅਤੇ ਨੇੜਲੇ ਟਰੈਕ ਤੋਂ ਲਖਨਊ ਵੱਲੋਂ ਜਾ ਰਹੀ ਕ੍ਰਿਸ਼ਕ ਐਕਸਪ੍ਰੈਸ ਲੰਘ
ਰਹੀ ਸੀ। ਇਸੇ ਦੌਰਾਨ ਅਚਾਨਕ ਕ੍ਰਿਸ਼ਕ ਐਕਸਪ੍ਰੈਸ ਦਾ ਇੰਜਣ ਨੇੜਿਓਂ ਲੰਘ ਰਹੀ ਬਰੌਨੀ
ਐਕਸਪ੍ਰੈਸ ਦੇ ਵਿਚਾਲੇ ਦੀਆਂ ਜਨਰਲ ਬੋਗੀਆਂ ਨਾਲ ਜਾ ਟਕਰਾਇਆ। ਤੇਜ਼ ਟੱਕਰ ਨਾਲ ਬਰੌਨੀ
ਐਕਸਪ੍ਰੈਸ ਦੀਆਂ ਦੋ ਬੋਗੀਆਂ ਪਲਟ ਗਈਆਂ, ਜਦੋਂ ਕਿ ਦੋ ਹੋਰ ਬੁਰੀ ਤਰ੍ਹਾਂ ਨੁਕਸਾਨੀਆਂ
ਗਈਆਂ। ਯਾਤਰੀਆਂ ਦਾ ਚੀਕ ਚਿਹਾੜਾ ਸੁਣ ਕੇ ਆਸ ਪਾਸ ਦੇ ਲੋਕ ਮਦਦ ਲਈ ਮੌਕੇ 'ਤੇ ਪਹੁੰਚ
ਗਏ, ਪਰ ਹਨ੍ਹੇਰਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਦੋਵੇਂ
ਰੇਲਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨ ਸਲੀਪਰ ਬੋਗੀਆਂ ਪਲਟ ਗਈਆਂ ਅਤੇ ਕਈ ਲੋਕ
ਉਨ੍ਹਾਂ ਵਿਚ ਫਸ ਗਏ। ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਬੋਗੀਆਂ ਨੂੰ ਕਟਰ ਨਾਲ
ਕੱਟਣਾ ਪਿਆ। ਲਾਸ਼ਾਂ ਦੇ ਟੁਕੜੇ ਇੱਧਰ ਉਧਰ ਖਿਲਰੇ ਦੇਖੇ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸ ਦੀ
ਮਦਦ ਨਾਲ ਨੇੜਲੇ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ
ਰੇਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ।