ਪ੍ਰਧਾਨ ਮੰਤਰੀ ਅਮਰੀਕਾ ਯਾਤਰਾ ਤੋਂ ਦੇਸ਼ ਪਰਤੇ
Posted on:- 01-10-2014
ਵਾਸ਼ਿੰਗਟਨ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ 'ਥੈਂਕ ਯੂ ਅਮਰੀਕਾ' ਨਾਲ ਆਪਣੇ ਪੰਜ ਦਿਨਾਂ ਦੌਰੇ ਦੀ ਸਮਾਪਤੀ
ਕੀਤੀ। ਪ੍ਰਧਾਨ ਮੰਤਰੀ ਬੁੱਧਵਾਰ ਰਾਤ ਨੂੰ ਭਾਰਤ ਵਾਪਸ ਪਰਤ ਆਏ ਹਨ। ਪ੍ਰਧਾਨ ਮੰਤਰੀ ਨੇ
ਆਪਣੇ ਦੌਰੇ ਨੂੰ ਬਹੁਤ ਸਫ਼ਲ ਅਤੇ ਸੰਤੋਖਜਨਕ ਕਰਾਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ
ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਨਿੱਜੀ ਰਿਸ਼ਤੇ ਬਣਾਉਣ ਅਤੇ
ਕਾਫ਼ੀ ਹੱਦ ਤੱਕ ਦੁਵੱਲੇ ਸਬੰਧਾਂ ਨੂੰ ਦਰੁਸਤ ਕਰਨ ਵਿੱਚ ਸਫ਼ਲ ਰਹੇ ਹਨ। ਦੋ ਪੜਾਵਾਂ ਦੀ
ਗੱਲਬਾਤ ਤੋਂ ਬਾਅਦ ਦੋਵੇਂ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਦੋਵੇਂ ਦੇਸ਼ਾਂ ਦੇ
ਵਿਚਾਲੇ ਰਣਨੀਤਕ ਅਤੇ ਵਿਸ਼ਵੀ ਗੱਠਜੋੜ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਹਿਯੋਗ ਨੂੰ
ਮਜ਼ਬੂਤ ਤੇ ਗੂੜੇ ਬਣਾਉਣ ਦੀ ਇੱਛਾ ਪ੍ਰਗਟਾਈ ਗਈ। ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ
ਮੌਕੇ ਪ੍ਰਧਾਨ ਮੰਤਰੀ ਦਾ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਸਬੰਧੀ ਮਹੱਤਵਪੂਰਨ ਸਵੱਛ ਭਾਰਤੀ
ਮੁਹਿੰਮ ਵੀਰਵਾਰ ਤੋਂ ਹਰੇਕ ਨਗਰ, ਕਸਬੇ ਅਤੇ ਪਿੰਡ-ਪਿੰਡ 'ਚ ਸ਼ੁਰੂ ਹੋਵੇਗੀ। ਪੰਜ ਸਾਲ
ਤੱਕ ਜਨ ਅੰਦੋਲਨ ਦੇ ਰੂਪ ਵਿੱਚ ਚਲਾਈ ਜਾਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ
ਮੋਦੀ ਰਾਜਪਥ 'ਤੇ ਸਵੱਛਤਾ ਦੀ ਸਹੁੰ ਚੁੱਕਣ ਦੇ ਨਾਲ ਕਰਨਗੇ ਕਿ ਮੈਂ ਨਾ ਗੰਦਗੀ ਕਰਾਂਗਾ
ਅਤੇ ਨਾ ਕਿਸੇ ਹੋਰ ਨੂੰ ਕਰਨ ਦੇਵਾਂਗਾ। ਉਹ ਇੱਥੇ ਮੌਜੂਦ ਹਜ਼ਾਰਾਂ ਬੱਚਿਆਂ,
ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਵੀ ਸਵੱਛਤਾ ਦੀ ਸਹੁੰ ਚੁਕਾਉਣਗੇ।