ਮੋਦੀ ਨੂੰ ਰੜਕਣ ਵਾਲੇ ਪੁਲਿਸ ਅਧਿਕਾਰੀ ਪ੍ਰਦੀਪ ਸ਼ਰਮਾ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ
Posted on:- 30-09-2014
ਅਹਿਮਦਾਬਾਦ : ਮੁਅੱਤਲ ਆਈਏਐਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸੂਬੇ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ
ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਾਬਕਾ ਗੁਜਰਾਤ ਸਰਕਾਰ ਨਾਲ ਪ੍ਰਦੀਪ ਸ਼ਰਮਾ ਦਾ
ਟਕਰਾਅ ਹੁੰਦਾ ਰਿਹਾ ਹੈ। ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਦੇ ਡਾਇਰੈਕਟਰ ਅਸ਼ੀਸ਼ ਭਾਟੀਆ
ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਅਸੀਂ ਪ੍ਰਦੀਪ ਸ਼ਰਮਾ ਨੂੰ ਮੰਗਲਵਾਰ
ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਾਡੇ ਕੋਲ ਦਰਜ ਸ਼ਿਕਾਇਤ
ਮੁਤਾਬਕ ਪ੍ਰਦੀਪ ਸ਼ਰਮਾ ਨੇ ਇੱਕ ਨਿੱਜੀ ਕੰਪਨੀ ਵੇਲਸਪਨ ਤੋਂ 29 ਲੱਖ ਰੁਪਏ ਲਏ ਸਨ। ਇਹ
ਰਕਮ ਪਹਿਲਾਂ ਪ੍ਰਦੀਪ ਸ਼ਰਮਾ ਦੀ ਪਤਨੀ ਦੇ ਖ਼ਾਤੇ ਵਿੱਚ ਜਮ੍ਹਾਂ ਕੀਤੀ ਗਈ ਅਤੇ ਫ਼ਿਰ
ਉਨ੍ਹਾਂ ਦੇ ਖ਼ਾਤੇ ਵਿੱਚ ਭੇਜੀ ਗਈ। ਸ੍ਰੀ ਭਾਟੀਆ ਨੇ ਕਿਹਾ ਕਿ ਇਹ ਇੱਕ ਕੰਪਨੀ ਨੂੰ ਲਾਭ
ਪਹੁੰਚਾਉਣ ਲਈ ਕਥਿਤ ਤੌਰ 'ਤੇ ਰਿਸ਼ਵਤ ਲੈਣ ਦਾ ਮਾਮਲਾ ਹੈ, ਜਦੋਂ ਉਹ ਕੱਛ ਦੇ ਜ਼ਿਲ੍ਹਾ
ਅਧਿਕਾਰੀ ਸਨ। ਪ੍ਰਦੀਪ ਸ਼ਰਮਾ ਅਤੇ ਉਨ੍ਹਾਂ ਦੇ ਭਰਾ 'ਤੇ ਆਈਪੀਐਸ ਅਧਿਕਾਰੀ ਕੁਲਦੀਪ ਸ਼ਰਮਾ
(ਹੁਣ ਸੇਵਾਮੁਕਤ) ਦਾ ਮੋਦੀ ਦੀ ਅਗਵਾਈ ਵਾਲੀ ਸਾਬਕਾ ਗੁਜਰਾਤ ਸਰਕਾਰ ਨਾਲ ਟਕਰਾਅ ਚਲਦਾ
ਰਿਹਾ ਹੈ। ਮੁਅੱਤਲ ਆਈਏਐਸ ਅਧਿਕਾਰੀ ਦਾ ਨਾਂ ਦੋ ਪੋਰਟਲ ਵੱਲੋਂ ਜਾਰੀ ਜਾਸੂਸੀ ਮਾਮਲੇ
ਵਿੱਚ ਵੀ ਸਾਹਮਣੇ ਆਇਆ ਸੀ, ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੂਬੇ ਦੇ ਤੱਤਕਲੀਨ ਗ੍ਰਹਿ
ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਗੁਜਰਾਤ ਵਿੱਚ ਇੱਕ ਮਹਿਲਾ ਦੀ ਕਥਿਤ ਤੌਰ 'ਤੇ
ਜਾਸੂਸੀ ਕਰਵਾਈ ਗਈ। ਪ੍ਰਦੀਪ ਸ਼ਰਮਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 11, 13
(1) (ਡੀ) ਅਤੇ (13)(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 2004 ਦਾ
ਹੈ, ਜਦੋਂ ਪ੍ਰਦੀਪ ਸ਼ਰਮਾ ਕੱਛ ਦੇ ਜ਼ਿਲ੍ਹਾ ਅਧਿਕਾਰੀ ਸਨ। ਸ਼ਿਕਾਇਤ ਮੁਤਾਬਕ ਉਨ੍ਹਾਂ ਨੇ
ਵੇਲਸਪਨ ਨੂੰ ਮੌਜੂਦਾ ਬਾਜ਼ਾਰ ਦਰ ਦੇ 25 ਫੀਸਦੀ ਤੇ ਜ਼ਮੀਨ ਦਿੱਤੀ ਸੀ, ਜਿਸ ਨਾਲ ਕੰਪਨੀ
ਨੂੰ ਨਾਜਾਇਜ਼ ਲਾਭ ਪਹੁੰਚਾਇਆ ਗਿਆ ਅਤੇ ਸੂਬੇ ਦੇ ਖ਼ਜ਼ਾਨੇ ਨੂੰ ਕਰੀਬ 1.2 ਕਰੋੜ ਰੁਪਏ ਦਾ
ਨੁਕਸਾਨ ਹੋਇਆ।
ਸ਼ਿਕਾਇਤ ਮੁਤਾਬਕ ਬਦਲੇ ਵਿੱਚ ਵੇਲਸਪਨ ਕੰਪਨੀ ਨੇ ਪ੍ਰਦੀਪ ਸ਼ਰਮਾ ਦੀ
ਪਤਨੀ ਨੂੰ ਉਨ੍ਹਾਂ ਵੱਲੋਂ ਬਿਨਾਂ ਕਿਸੇ ਨਿਵੇਸ਼ ਦੇ ਆਪਣੀ ਸਹਾਇਕ ਵੈਲਯੂ ਪੈਕੇਜਿੰਗ 'ਚ
ਕਥਿਤ ਤੌਰ 'ਤੇ 30 ਫੀਸਦੀ ਹਿੱਸੇਦਾਰੀ ਦਿੱਤੀ ਅਤੇ 29.5 ਲੱਖ ਰੁਪਏ ਦਾ ਲਾਭ ਪਹੁੰਚਾਇਆ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਇੱਕ ਮਾਮਲਾ ਦਰਜ ਕਰਕੇ ਪੀਐਮਐਲਏ ਦੇ ਤਹਿਤ
ਸ੍ਰੀ ਸ਼ਰਮਾ ਦੀ ਜਾਇਦਾਦ ਜਬਤ ਕਰ ਲਈ ਹੈ।