ਪਨੀਰਸੇਲਵਮ ਨੇ ਰੋਂਦਿਆਂ ਚੁੱਕੀ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ
Posted on:- 30-09-2014
ਚੇਨਈ : ਜੈਲਲਿਤਾ
ਦੇ ਕਰੀਬੀ ਮੰਨੇ ਜਾਣ ਵਾਲੇ ਪਨੀਰਸੇਲਵਮ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ
ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਅਹੁਦੇ 'ਤੇ ਜੈਲਲਿਤਾ ਦੇ ਉਤਰਾਅਧਿਕਾਰੀ ਬਣੇ
ਪਨੀਰਸੇਲਵਮ ਨੂੰ ਰਾਜ ਭਵਨ ਵਿਚ ਜਦੋਂ ਰਾਜਪਾਲ ਕੇ ਰੋਸਈਆ ਸਹੁੰ ਚੁਕਾ ਰਹੇ ਸਨ ਤਾਂ ਉਹ
ਅੱਖਾਂ ਵਿਚੋਂ ਹੰਝੂ ਪੂੰਝਦੇ ਵੇਖੇ ਗਏ। ਰਾਜਪਾਲ ਨੇ ਨਵੇਂ ਮੁੱਖ ਮੰਤਰੀ ਦੇ ਮੰਤਰੀ ਮੰਡਲ
ਨੂੰ ਵੀ ਸਹੁੰ ਚੁਕਾਈ। ਮੰਚ 'ਤੇ ਜਜ਼ਬਾਤੀ ਹੋਏ ਮੰਤਰੀਆਂ ਵਿਚ ਨਾਥਮ ਆਰ ਵਿਸ਼ਵਨਾਥਨ, ਆਰ
ਵੈਥੀਲਿੰਗਮ ਅਤੇ ਗੋਕੁਲਾ ਇੰਦਰਾ ਆਦਿ ਸ਼ਾਮਲ ਹਨ।
ਉਧਰ ਆਮਦਨ ਦੇ ਸ੍ਰੋਤਾਂ ਤੋਂ ਵੱਧ
ਜਾਇਦਾਦ ਦੇ ਮਾਮਲੇ ਵਿਚ 4 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੀ ਏਆਈਏਡੀਐਮਕੇ ਮੁਖੀ ਜੈਲਲਿਤਾ
ਨੇ ਅੱਜ ਜ਼ਮਾਨਤ ਲਈ ਕਰਨਾਟਕ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਮੰਗਲਵਾਰ ਨੂੰ ਉਨ੍ਹਾਂ
ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਵੇਗੀ। ਜੈਲਲਿਤਾ ਵੱਲੋਂ ਪ੍ਰਸਿੱਧ ਵਕੀਲ ਰਾਮ
ਜੇਠਮਲਾਨੀ ਅਦਾਲਤ ਵਿਚ ਪੇਸ਼ ਹੋਣਗੇ।
ਕਦੇ ਖੇਤੀ ਕਰਨ ਅਤੇ ਚਾਹ ਵੇਚਣ ਵਾਲੇ
ਪਨੀਰਸੇਲਵਮ ਸੂਬਾ ਸਰਕਾਰ ਵਿਚ ਵਿੱਤ ਮੰਤਰੀ ਸਨ। ਓਪੀਐਸ ਦੇ ਨਾਂ ਨਾਲ ਪਛਾਣੇ ਜਾਣ ਵਾਲੇ
ਪਨੀਰਸੇਲਵਮ ਨੂੰ ਜੈਲਲਿਤ ਦਾ ਸਭ ਤੋਂ ਕਰੀਬੀ ਅਤੇ ਵਫ਼ਾਦਾਰ ਆਗੂ ਮੰਨਿਆ ਜਾਂਦਾ ਹੈ।
ਪਨੀਰਸੇਲਵਮ ਨੂੰ 2001 ਵਿਚ ਵੀ ਅੰਤਰਿਮ ਮੁੱਖ ਮੰਤਰੀ ਬਣਾਇਆ ਗਿਆ ਸੀ। ਉਦੋਂ ਜੈਲਲਿਤਾ
ਨੂੰ ਸੁਪਰੀਮ ਕੋਰਟ ਨੇ ਇਕ ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ
ਜੇਲ੍ਹ ਭੇਜ ਦਿੱਤਾ ਗਿਆ ਸੀ।
ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ
ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੈਲਲਿਤਾ ਨੂੰ ਵਿਸ਼ੇਸ਼ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ
ਹੈ। ਇਸ ਤੋਂ ਬਾਅਦ ਬੀਤੇ ਕੱਲ੍ਹ 53 ਸਾਲਾ ਪਨੀਰਸੇਲਵਮ ਨੂੰ ਸਰਬਸੰਮਤੀ ਨਾਲ ਅੰਨਾ
ਦ੍ਰਾਮੁਕ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਪਨੀਰਸੇਲਵਮ ਨੇ ਰਾਜਪਾਲ
ਨੂੰ ਪੱਤਰ ਸੌਂਪਿਆ ਅਤੇ ਰਾਜਪਾਲ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਅਗਵਾਈ ਵਿਚ ਮੰਤਰੀ ਮੰਡਲ
ਦੇ ਗਠਨ ਲਈ ਸੱਦਾ ਦਿੱਤਾ।