ਮਹਾਰਾਸ਼ਟਰ ਚੋਣਾਂ : ਭਾਜਪਾ ਅਤੇ ਸ਼ਿਵਸੈਨਾ ਦੀ 25 ਸਾਲ ਪੁਰਾਣੀ ਭਾਈਵਾਲੀ ਟੁੱਟੀ
Posted on:- 25-09-2014
ਕਾਂਗਰਸ ਤੇ ਐਨਸੀਪੀ ਦੇ ਰਾਹ ਵੀ ਹੋਏ ਵੱਖੋ-ਵੱਖਰੇ
ਮੁੰਬਈ : ਪਿਛਲੇ
ਕਈ ਦਿਨਾਂ ਤੋਂ ਭਾਜਪਾ-ਸ਼ਿਵ ਸੈਨਾ ਵਿਚਕਾਰ ਸੀਟਾਂ ਨੂੰ ਲੈ ਕੇ ਚੱਲ ਰਹੀ ਕਸਮਕਸ਼ ਅੱਜ
ਖ਼ਤਮ ਹੋ ਗਈ। ਹੁਣ ਭਾਜਪਾ ਅਤੇ ਸ਼ਿਵ ਸੈਨਾ ਅਲੱਗ-ਅਲੱਗ ਚੋਣ ਲੜਨਗੀਆਂ।
ਇਸੇ ਤਰ੍ਹਾਂ
ਕਾਂਗਰਸ ਅਤੇ ਐਨਸੀਪੀ ਵਿਚਕਾਰ ਚੱਲ ਰਹੇ ਗੱਲਬਾਤ ਵੀ ਬੇਸਿੱਟਾ ਰਹੀ ਅਤੇ ਦੋਵਾਂ ਪਾਰਟੀਆਂ
ਨੇ ਆਪਣੇ ਰਾਹ ਵੱਖਰੇ ਕਰ ਲਏ ਹਨ, ਹੁਣ ਮਹਾਰਾਸ਼ਟਰ ਵਿੱਚ ਚਾਰੇ ਪਾਰਟੀਆਂ ਆਪਣੇ ਬਲਬੁੱਤੇ
'ਤੇ ਚੋਣਾਂ ਲੜਨਗੀਆਂ। ਮਹਾਰਾਸ਼ਟਰ ਵਿੱਚ ਭਾਜਪਾ-ਸ਼ਿਵ ਸੈਨਾ ਦਾ 25 ਸਾਲ ਦਾ ਪੁਰਾਣਾ ਸਾਥ
ਟੁੱਟ ਗਿਆ ਹੈ।
ਇਸੇ ਤਰ੍ਹਾਂ ਕਾਂਗਰਸ ਤੇ ਐਨਸੀਪੀ ਵਿਚਕਾਰ ਵੀ 15 ਸਾਲ ਤੋਂ ਗੱਠਜੋੜ
ਚੱਲ ਰਿਹਾ ਸੀ। ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਨੇਤਾ ਦਵਿੰਦਰ ਫ਼ਡਣਵੀਸ ਕਿਹਾ ਕਿ ਸ਼ਿਵ
ਸੈਨਾ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਅੜੀ ਹੋਈ ਸੀ। ਉਨ੍ਹਾਂ ਅਨੁਸਾਰ ਸ਼ਿਵ ਸੈਨਾ ਨੇ
ਕਈ ਪ੍ਰਸਤਾਵ ਦਿੱਤੇ, ਹਰੇਕ ਵਾਰ ਸਾਡੀਆਂ ਸੀਟਾਂ ਵਿੱਚ ਕਮੀ ਹੋ ਰਹੀ ਸੀ ਜਾਂ ਸਾਡੇ
ਸਹਿਯੋਗੀ ਦਲਾਂ ਦੀਆਂ ਸੀਟਾਂ 'ਚ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਦੀ
ਪਾਰਟੀ ਸ਼ਿਵ ਸੈਨਾ 'ਤੇ ਹਮਲੇ ਨਹੀਂ ਕਰੇਗੀ ਅਤੇ ਸ਼ਿਵ ਸੈਨਾ ਤੋਂ ਵੀ ਉਹ ਅਜਿਹੀ ਉਮੀਦ ਕਰ
ਰਹੇ ਹਨ। ਭਾਜਪਾ ਦੇ ਇਸ ਐਲਾਨ ਤੋਂ ਬਾਅਦ ਸ਼ਿਵ ਸੈਨਾ ਸੁਪਰੀਮੋ ਉਦਵ ਠਾਕਰੇ ਦੇ ਘਰ
ਸਾਹਮਣੇ ਵੱਡੀ ਸੰਖਿਆ ਵਿੱਚ ਇਕੱਠੇ ਹੋਏ ਸ਼ਿਵ ਸੈਨਾ ਨੇ ਪਾਰਟੀ ਦੇ ਪੱਖ਼ ਵਿਚ ਜਿੰਦਾਬਾਦ
ਦੇ ਨਾਅਰੇ ਲਗਾਏ। ਸ਼ਿਵ ਸੈਨਾ ਦੇ ਸਾਂਸਦ ਅਨੰਦਰਾਵ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਅਤੇ
ਐਨਸੀਪੀ ਦੇ ਵਿਚਕਾਰ ਗੁੰਢਤੁਪ ਹੈ, ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਕੇਂਦਰ ਵਿੱਚ ਐਨਡੀਏ
ਸਰਕਾਰ ਵਿੱਚ ਮੰਤਰੀ ਅਨੰਤ ਗੀਤੇ ਆਪਣਾ ਅਹੁਦਾ ਛੱਡਣਗੇ ਜਾਂ ਨਹੀਂ।
ਇਸਤੋਂ ਪਹਿਲਾਂ
ਸ਼ਿਵ ਸੈਨਾ ਨੇ ਧਮਕੀ ਭਰੀ ਲਹਿਜੇ ਵਿੱਚ ਕਿਹਾ ਸੀ ਕਿ ਜੇਕਰ ਭਾਜਪਾ ਨੇ ਗੱਠਜੋੜ ਤੋੜਨ ਦਾ
ਰਸਤਾ ਅਪਣਾਇਆ ਤਾਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸ਼ਿਵ ਸੈਨਾ ਨੇਤਾ
ਦਵਾਕਰ ਰਾਓਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਹਿਯੋਗੀਆਂ ਨੂੰ ਸੀਟਾਂ ਦੇਣ
ਦੇ ਲਈ 148 ਸੀਟਾਂ 'ਤੇ ਚੋਣ ਲੜਨ ਨੂੰ ਤਿਆਰ ਹੋ ਗਈ ਸੀ, ਪਰ ਉਸ 'ਤੇ ਸਹਿਯੋਗੀ ਪਾਰਟੀਆਂ
ਅਤੇ ਭਾਜਪਾ ਰਾਜ਼ੀ ਨਹੀਂ ਹੋਈ।
ਐਨਸੀਪੀ ਨੇਤਾ ਅਜਿਤ ਪਵਾਰ ਨੇ ਪ੍ਰੈਸ ਕਾਨਫਰੰਸ
ਕਰਕੇ ਕਾਂਗਰਸ ਤੋਂ ਸਮਰਥਨ ਵਾਪਸ ਲੈਣ ਦੀ ਗੱਲ ਕਰਦੇ ਹੋਏ ਗੱਠਜੋੜ ਤੋੜਨ ਦਾ ਐਲਾਨ ਕਰ
ਦਿੱਤਾ ਹੈ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਤੋਂ 144 ਸੀਟਾਂ ਮੰਗ ਰਹੀ
ਸੀ, ਪਰ ਕਾਂਗਰਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਮਹਾਰਾਸ਼ਟਰ ਵਿੱਚ 288 ਸੀਟਾਂ ਵਾਲੀ
ਵਿਧਾਨ ਸਭਾ ਵਾਸਤੇ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਖ਼ ਵਿੱਚ ਸਿਰਫ਼ 2 ਦਿਨ ਰਹਿ
ਗਏ ਹਨ ਅਤੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਚਾਰੇ ਪਾਰਟੀਆਂ ਆਪਣੇ ਬਲਬੁੱਤੇ 'ਤੇ ਚੋਣਾਂ
ਲੜਨਗੀਆਂ ਅਤੇ ਚੋਣਾਂ ਤੋਂ ਬਾਅਦ ਗੱਠਜੋੜ ਬਾਰੇ ਸੋਚਿਆ ਜਾਵੇਗਾ। ਭਾਜਪਾ ਦੇ ਰਾਸ਼ਟਰੀ
ਪ੍ਰਧਾਨ ਅਮਿਤ ਸ਼ਾਹ ਨੇ ਅੱਜ ਆਪਣਾ ਮੁੰਬਈ ਦਾ ਦੌਰਾ ਰੱਦ ਕਰ ਦਿੱਤਾ ਹੈ।