ਨੰਗੇ ਧੜ ਡਕੈਤੀ ਕਰਨ ਆਏ ਲੁਟੇਰਿਆਂ ਨੇ ਔਰਤ ਦਾ ਕੀਤਾ ਕਤਲ
Posted on:- 25-09-2014
ਮਾਨਸਾ : ਨਹਿਰੂ
ਕਾਲਜ ਰੋਡ ਸਥਿਤ ਖੇਤਾਂ ਵਿਚ ਬਣੇ ਇੱਕ ਘਰ ਵਿਖੇ ਨੰਗੇ ਧੜ ਡਕੈਤੀ ਕਰਨ ਆਏ ਤੇਜ਼ ਹਥਿਆਰ
ਲੈਸ ਵਿਅਕਤੀਆਂ ਨੇ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੁਟੇਰਿਆਂ ਨੇ ਪਰਿਵਾਰ ਦੇ 5
ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜ਼ਖ਼ਮੀ ਹੋਣ ਤੋਂ ਬਾਅਦ ਬਚ ਗਏ।
ਘਟਨਾ ਵਿਚ ਘਰ ਦੇ ਮਾਸੂਮ ਵੀ ਪੂਰੀ ਤਰ੍ਹਾਂ ਦਹਿਲ ਗਏ।
ਜ਼ਖਮੀਆਂ ਨੂੰ ਡੀਐਮਸੀ
ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ
ਹੈ। ਇਸ ਘਟਨਾ ਵਿਚ ਲੁਟੇਰਿਆਂ ਅਤੇ ਹਮਲੇ ਦਾ ਸ਼ਿਕਾਰ ਹੋਏ ਘਰ ਵਾਲਿਆਂ ਦੇ ਵੱਖਰੇ ਰਹਿੰਦੇ
ਭਰਾ ਨਾਲ ਵੀ ਆਮ੍ਹਣੇ-ਸਾਹਮਣੇ ਦੀ ਫਾਇਰਿੰਗ ਹੋਈ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ
ਗਏ। ਇਸ ਘਟਨਾ ਨੇ ਪੁਲਿਸ ਨੂੰ ਵਖਤ ਪਾ ਦਿੱਤਾ। ਲੁਟੇਰਿਆਂ ਦਾ ਕੋਈ ਵੀ ਸੁਰਾਗ ਪੁਲਿਸ ਦੇ
ਹੱਥ ਨਹੀਂ ਲੱਗਿਆ।
ਬੁੱਧਵਾਰ ਦੀ ਰਾਤ ਕਰੀਬ 2 ਵਜੇ ਨੰਗੇ ਧੜ 7 ਦੇ ਕਰੀਬ ਵਿਅਕਤੀ
ਤੇਜ਼ ਹਥਿਆਰਾਂ ਨਾਲ ਨਹਿਰੂ ਕਾਲਜ ਰੋਡ ਮਾਨਸਾ ਸਥਿਤ ਡੇਰਾ ਰਾਧਾ ਸੁਆਮੀ ਦੇ ਨੇੜੇ ਖੇਤਾਂ
ਵਿਚ ਬਣੇ ਇੱਕ ਜ਼ਿਮੀਂਦਾਰ ਪਰਿਵਾਰ ਦੇ ਘਰ ਦਾਖ਼ਲ ਹੋਏ। ਲੁਟੇਰਿਆਂ ਨੇ ਕੁਝ ਕਦਮ 'ਤੇ ਬਣੇ
ਇੱਕ ਘਰ ਦੇ ਬਾਹਰੋਂ ਲੱਕੜ ਦੀ ਪੌੜੀ ਚੁੱਕੀ ਅਤੇ ਜ਼ਿਮੀਂਦਾਰ ਪਰਿਵਾਰ ਦੀ ਕੋਠੀ ਦੀ ਛੱਤ
'ਤੇ ਜਾ ਪਹੁੰਚੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਘਰ ਦੇ ਮੁਖੀ ਇੰਸਟਕਟਰ ਬੁਢਲਾਡਾ ਗੁਰਚਰਨ
ਸਿੰਘ ਪੁੱਤਰ ਅਜੈਬ ਸਿੰਘ 'ਤੇ ਹਮਲਾ ਕਰਕੇ ਸੁਰੱਖਿਆ ਲਈ ਰੱਖੀ ਉਸ ਦੀ ਬੰਦੂਕ ਖੋਹ ਲਈ।
ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਲੁਟੇਰੇ ਛੱਤ ਰਾਹੀਂ ਕੋਠੀ ਦੇ ਅੰਦਰ ਪਹੁੰਚ ਗਏ ਅਤੇ
ਜਾਂਦਿਆਂ ਹੀ ਉਨ੍ਹਾਂ ਨੇ ਗੁਰਚਰਨ ਸਿੰਘ ਦੀ ਪਤਨੀ ਪਰਮਜੀਤ ਕੌਰ, ਉਸ ਦੇ ਵੱਡੇ ਪੁੱਤਰ
ਹਰਪ੍ਰੀਤ ਸਿੰਘ ਦੀਪੀ, ਛੋਟੇ ਪੁੱਤਰ ਗੁਰਜੀਤ ਸਿੰਘ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ
ਲਹੂ-ਲੁਹਾਣ ਤੇ ਬੇਹੋਸ਼ ਕਰਨ ਤੋਂ ਬਾਅਦ ਲੁਟੇਰਿਆਂ ਨੇ ਘਰ ਦਾ ਸਾਮਾਨ ਵੀ ਫਰੋਲਿਆ, ਪਰ
ਕੁਝ ਵੀ ਨਾ ਮਿਲਣ ਤੋਂ ਬਾਅਦ ਘਰ ਦੀ ਛੋਟੀ ਨੂੰਹ ਵੀਰਪਾਲ ਕੌਰ ਨੂੰ ਫੜ ਲਿਆ। ਜਦ ਉਸ ਨੇ
ਘਰ ਵਿਚ ਕੋਈ ਸੋਨਾ ਤੇ ਨਕਦੀ ਨਾ ਹੋਣ ਤੋਂ ਜਵਾਬ ਦੇ ਦਿੱਤਾ ਤਾਂ ਲੁਟੇਰਿਆਂ ਨੇ ਤੇਜ਼
ਹਥਿਆਰਾਂ ਤੇ ਬੇਸਵਾਲ ਨਾਲ ਉਸ ਦੇ ਸਿਰ 'ਤੇ ਵਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ। ਇਸ
ਦੌਰਾਨ ਹੀ ਰੌਲਾ ਪੈਂਦੇ ਹੀ ਗੁਰਚਰਨ ਸਿੰਘ ਦੇ ਭਰਾ ਨੇ ਆਪਣੀ ਰਾਇਫਲ ਨਾਲ ਲੁਟੇਰਿਆਂ 'ਤੇ
ਗੋਲੀਆਂ ਚਲਾਈਆਂ, ਜਵਾਬ ਵਿਚ ਲੁਟੇਰਿਆਂ ਨੇ ਵੀ ਗੁਰਚਰਨ ਸਿੰਘ ਦੀ ਬੰਦੂਕ ਨਾਲ ਫਾਇਰਿੰਗ
ਕਰ ਦਿੱਤੀ ਅਤੇ ਖੇਤਾਂ ਦੇ ਰਸਤਿਆਂ ਰਾਹੀਂ ਉਹ ਫਰਾਰ ਹੋ ਗਏ। ਲੁਟੇਰੇ ਗੁਰਚਰਨ ਸਿੰਘ ਦੀ
ਬੰਦੂਕ, ਕੁਝ ਪਹਿਨੇ ਹੋਏ ਗਹਿਣੇ ਲੈ ਕੇ ਫਰਾਰ ਹੋ ਗਏ। ਮੌਕੇ 'ਤੇ ਐਸ. ਐਸ. ਪੀ.
ਭੁਪਿੰਦਰ ਸਿੰਘ ਖੱਟੜਾ, ਬਾਅਦ ਦੁਪਹਿਰ ਡੀ. ਆਈ. ਜੀ. ਅਮਰ ਸਿੰਘ ਚਹਿਲ ਖੋਜੀ ਟੀਮ ਨਾਲ
ਘਟਨਾ ਸਥਾਨ 'ਤੇ ਪਹੁੰਚੇ ਅਤੇ ਲੁਟੇਰਿਆਂ ਦਾ ਸੁਰਾਗ ਪਤਾ ਕਰਨ ਲਈ ਡਾਗ ਸਕਾਟਡ ਅਤੇ
ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਬੁਲਾਇਆ ਗਿਆ। ਐਸ. ਐਸ. ਪੀ. ਭੁਪਿੰਦਰ ਸਿੰਘ ਖੱਟੜਾ
ਨੇ ਦੱਸਿਆ ਕਿ ਡਕੈਤੀ ਦੀ ਮਨਸ਼ਾ ਨਾਲ ਆਏ ਇਹ ਵਿਅਕਤੀਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ
ਹੈ। ਉਨ੍ਹਾਂ ਕਿਹਾ ਕਿ ਪੁਲਸ ਛੇਤੀ ਹੀ ਇਸ ਦਾ ਸੁਰਾਗ ਲੱਭ ਲਵੇਗੀ। ਥਾਣਾ ਸਿਟੀ-2 ਦੀ
ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਰ ਦੇ ਬਾਕੀ
ਮੈਂਬਰਾਂ ਗੁਰਚਰਨ ਸਿੰਘ, ਪਰਮਜੀਤ ਕੌਰ, ਗੁਰਜੀਤ ਸਿੰਘ ਤੇ ਲਖਵਿੰਦਰ ਕੌਰ ਨੂੰ ਗੰਭੀਰ
ਹਾਲਤ ਵਿਚ ਡੀ. ਐਮ. ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ ਜਦਕਿ ਉਨ੍ਹਾਂ ਦੇ ਦੋ ਛੋਟੇ ਬੱਚੇ
ਸਹਿਜਪ੍ਰੀਤ ਕੌਰ ਤੇ ਪ੍ਰਭਦੀਪ ਸਿੰਘ ਪੂਰੀ ਤਰ੍ਹਾਂ ਦਹਿਲੇ ਹੋਏ ਹਨ।