ਸੀਰੀਆ 'ਚ ਸ਼ੁਰੂ ਹੋਈ ਜੰਗ ਮਗਰੋਂ 70 ਹਜ਼ਾਰ ਲੋਕਾਂ ਨੇ ਤੁਰਕੀ 'ਚ ਲਈ ਪਨਾਹ
Posted on:- 22-09-2014
ਅੰਕਾਰਾ : ਸੀਰੀਆ
'ਚ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਇਸ ਸਾਲ ਤੁਰਕੀ ਆਉਣ ਵਾਲੇ
ਸ਼ਰਨਾਰਥੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਪਿਛਲੇ ਦੋ ਦਿਨਾਂ 'ਚ ਹੀ ਘੱਟੋ-ਘੱਟ 70
ਹਜ਼ਾਰ ਲੋਕਾਂ ਨੇ ਤੁਰਕੀ 'ਚ ਪਨਾਹ ਲਈ ਹੈ। ਤੁਰਕੀ 'ਚ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੇ
ਦੱਸਿਆ ਕਿ ਅਸਲ 'ਚ ਇਹ ਗਿਣਤੀ ਇਕ ਲੱਖ ਤੋਂ ਵੱਧ ਵੀ ਹੋ ਸਕਦੀ ਹੈ। ਪਿਛਲੇ ਸਾਢੇ ਤਿੰਨ
ਸਾਲ 'ਚ ਇੰਨਾ ਜ਼ਿਆਦਾ ਪਲਾਇਨ ਕਦੇ ਦੇਖਣ ਨੂੰ ਨਹੀਂ ਮਿਲਿਆ ਹੈ। ਇਸ ਗਿਣਤੀ ਨਾਲ ਸਥਿਤੀ
ਵਿਗੜਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਗਠਨ ਅਨੁਸਾਰ
ਇਸਲਾਮਿਕ ਸਟੇਟ ਆਈ. ਐਸ. ਅਤੇ ਕੁਰਦਿਸ਼ ਫੋਰਸਾਂ ਵਿਚਾਲੇ ਲੜਾਈ ਤੋਂ ਪ੍ਰੇਸ਼ਾਨ ਨਾਗਰਿਕ
ਵੱਡੀ ਗਿਣਤੀ 'ਚ ਗੁਆਂਢੀ ਦੇਸ਼ਾਂ 'ਚ ਪਨਾਹ ਲੈਣ ਜਾ ਰਹੇ ਹਨ। ਆਈ. ਐਸ. ਦੇ ਅੱਤਵਾਦੀਆਂ
ਨੇ ਸਰਹੱਦੀ ਖੇਤਰ ਇਲਾਕਿਆਂ 'ਚ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਇਹ ਅੱਤਵਾਦੀ
ਅਯਾਨ ਅਲ ਅਰਬ ਵਲ ਵਧ ਰਹੇ ਹਨ। ਕੁਰਦਿਸ਼ ਭਾਸ਼ਾ 'ਚ ਇਸ ਸ਼ਹਿਰ ਨੂੰ ਕੋਬਾਨੀ ਦੇ ਨਾਂ ਨਾਲ
ਜਾਣਿਆ ਜਾਂਦਾ ਹੈ।
ਤੁਰਕੀ ਦੇ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਔਰਤਾਂ,
ਬੱਚਿਆਂ ਅਤੇ ਬਜ਼ੁਰਗਾਂ ਦੇ ਸਹੀ ਸਲਾਮਤ ਅਤੇ ਸੁਵਿਧਾਜਨਕ ਆਵਾਜਾਈ ਲਈ ਆਪਣੀਆਂ ਸਰਹੱਦਾਂ
ਖੋਲ ਦਿੱਤੀਆਂ ਸਨ। ਇਕ ਮੋਟੇ ਅੰਦਾਜ਼ੇ ਅਨੁਸਾਰ ਤੁਰਕੀ 'ਚ ਇਸ ਸਮੇਂ ਸੀਰੀਆ ਦੇ 13 ਲੱਖ
ਨਾਗਰਿਕ ਸ਼ਰਨਾਰਥੀ ਬਣ ਕੇ ਠਹਿਰੇ ਹੋਏ ਹਨ। ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਬੈਚੇਲੋਰ ਨੇ
ਨਾਗਰਿਕਾਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾਉਣ ਲਈ ਤੁਰਕੀ ਨੂੰ ਧੰਨਵਾਦ ਕੀਤਾ।