'ਡਲਿਵਰੀ ਕੇਸਾਂ 'ਚ ਵਧਾਈ ਲੈਣ ਉਪਰੰਤ ਹੀ ਬੱਚਾ ਵਾਰਿਸਾਂ ਨੂੰ ਸੌਂਪਿਆ ਜਾਂਦੈ'
Posted on:- 22-09-2014
ਤਲਵੰਡੀ
ਸਾਬੋ : ਹਸਪਤਾਲਾਂ 'ਚ ਬੱਚਿਆਂ ਦੇ ਬਦਲ ਜਾਣ ਦੀਆਂ ਖਬਰਾਂ ਤਾਂ
ਅਖਬਾਰਾਂ ਵਿੱਚ ਆਮ ਹੀ ਪੜਨ ਸੁਨਣ ਨੂੰ ਮਿਲਦੀਆਂ ਹਨ ਪ੍ਰੰਤੂ ਸਥਾਨਕ ਸਿਵਲ ਹਸਪਤਾਲ ਵਿੱਚ
ਕੰਮ ਕਰਦੀਆਂ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਤੇ ਧਰਨੇ ਵਿੱਚ
ਅੱਜ ਇੱਕ ਹੋਰ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਉਨਾਂ੍ਹ ਵੱਲੋਂ ਹਸਪਤਾਲ ਵਿੱਚ ਲਿਆਂਦੇ
ਡਲਿਵਰੀ ਕੇਸਾਂ ਦੀ ਡਲਿਵਰੀ ਹੋਣ ਉਪਰੰਤ ਸਟਾਫ ਨਰਸਾਂ ਵੱਲੋਂ ਵਾਰਿਸਾਂ ਨੂੰ ਬੱਚਾ ਉਦੋਂ
ਹੀ ਸੌਂਪਿਆ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਵਧਾਈ ਮਿਲ ਜਾਂਦੀ ਹੈ। ਹਾਂਲਕਿ ਸਥਾਨਕ ਸਿਵਲ
ਹਸਪਤਾਲ ਦੀ ਐੱਸ.ਐੱਮ.ਓ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਤੇ ਮਨਘੜਤ ਦੱਸਿਆ ਹੈ।
ਇੱਥੇ
ਦੱਸਣਾ ਬਣਦਾ ਹੈ ਕਿ ਸਿਵਲ ਹਸਪਤਾਲਾਂ ਵਿੱਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੇ ਅੱਜ
ਆਸ਼ਾ ਵਰਕਰਜ ਯੂਨੀਅਨ ਦੀ ਪ੍ਰਧਾਨ ਵੀਰਪਾਲ ਕੌਰ ਕੌਰੇਆਣਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ
ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਉਪਰੰਤ ਪ੍ਰੈੱਸ ਨੂੰ ਜਾਰੀ ਬਿਆਨ
'ਚ ਆਸ਼ਾ ਵਰਕਰਾਂ ਨੇ ਕੈਸ਼ੀਅਰ ਤੇ ਕਥਿਤ ਤੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ
ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਦੇ ਬਣਦੇ ਕੰਮਾਂ ਦੀ ਕੋਈ ਰਾਸ਼ੀ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ 24 ਘੰਟੇ ਕੰਮ ਕਰਵਾਇਆ ਜਾਂਦਾ ਹੈ ਪ੍ਰੰਤੂ ਬਦਲੇ 'ਚ ਕੁਝ
ਵੀ ਦਿੱਤਾ ਨਹੀ ਜਾਂਦਾ। ਆਸ਼ਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਤੀ ਕਈ ਵਾਰ
ਐੱਸ.ਐੱਮ.ਓ ਨੂੰ ਲਿਖਤੀ ਤੌਰ 'ਤੇ ਬੇਨਤੀ ਕੀਤੀ ਪ੍ਰੰਤੂ ਉਨ੍ਹਾਂ ਨੇ ਕਦੇ ਇਨ੍ਹਾਂ ਮੰਗਾਂ
ਵੱਲ ਗੌਰ ਕਰਨਾ ਹੀ ਜ਼ਰੂਰੀ ਨਹੀਂ ਸਮਝਿਆ।
ਆਸ਼ਾ ਵਰਕਰਾਂ ਨੇ ਇਸ ਮੌਕੇ ਕਥਿਤ ਤੌਰ 'ਤੇ
ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਅਸੀਂ ਡਲਿਵਰੀ ਕੇਸ ਲੈ ਕੇ ਆਉਂਦੇ ਹਾਂ ਤਾਂ
ਸਾਡੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਡਲਿਵਰੀ ਹੋਣ ਤੋਂ ਬਾਦ ਡਲਿਵਰੀ ਵਾਲੀ ਮਰੀਜ਼ ਦੇ
ਵਾਰਿਸਾਂ ਤੋਂ ਵਧਾਈ ਮੰਗੀ ਜਾਂਦੀ ਹੈ। ਵਧਾਈ ਲੈਣ ਉਪਰੰਤ ਹੀ ਬੱਚਾ ਵਾਰਿਸਾਂ ਹਵਾਲੇ
ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਲੇਬਰ ਰੂਮ 'ਚ ਜਾਣ ਹੀ ਨਹੀਂ ਦਿੱਤਾ
ਜਾਂਦਾ ਜਦੋਂਕਿ ਆਸ਼ਾ ਵਰਕਰਾਂ ਨੂੰ ਓਪਰੇਸ਼ਨ ਥੀਏਟਰ 'ਚ ਜਾਣ ਦੇਣਾ ਚਾਹੀਦਾ ਹੈ। ਉਨ੍ਹਾਂ
ਕਿਹਾ ਕਿ ਆਸ਼ਾ ਵਰਕਰਾਂ ਨੇ ਪਿਛਲੇ ਦਿਨੀ ਮੁੱਖ ਮੰਤਰੀ ਕੋਲ ਉਨ੍ਹਾਂ ਵਾਸਤੇ ਵਿਸ਼ੇਸ ਕਮਰੇ
ਦੀ ਮੰਗ ਰੱਖੀ ਸੀ ਪ੍ਰੰਤੂ ਬਾਦ 'ਚ ਸਟਾਫ ਨਰਸਾਂ ਦੇ ਕਮਰੇ ਦੇ ਬਾਹਰ ਉਨ੍ਹਾਂ ਦੇ ਲਈ
ਸਿੰਗਲ ਬੈੱਡ ਲਗਵਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਹਾਲ ਇਹ ਹੈ ਕਿ ਉਨ੍ਹਾਂ ਨੂੰ ਉਸ ਬੈੱਡ
'ਤੇ ਵੀ ਬੈਠਣ ਨਹੀਂ ਦਿੱਤਾ ਜਾਂਦਾ। ਉਕਤ ਵਰਕਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ
ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਇੱਕ ਅਕਤੂਬਰ ਤੋਂ ਰੈਗੂਲਰ
ਧਰਨੇ ਦੇਣੇ ਸ਼ੁਰੂ ਕਰਨਗੀਆਂ।
ਉੱਧਰ ਆਸ਼ਾ ਵਰਕਰਾਂ ਵੱਲੋਂ ਸਟਾਫ ਨਰਸਾਂ ਤੇ ਲਾਏ ਕਥਿਤ
ਗੰਭੀਰ ਦੋਸ਼ਾਂ ਕਿ ਡਲਿਵਰੀ ਕੇਸਾਂ 'ਚ ਬੱਚਾ ਵਾਰਿਸਾਂ ਨੂੰ ਵਧਾਈ ਲੈਣ ਉਪਰੰਤ ਹੀ ਸੌਂਪਿਆ
ਜਾਂਦਾ ਹੈ। ਇਸ ਸਬੰਧੀ ਜਦੋਂ ਇੱਕ ਹੋਰ ਯੂਨੀਅਨ ਆਗੂ ਨਾਲ ਸੰਪਰਕ ਕੀਤਾ ਗਿਆ ਤਾਂ
ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਮੁੰਡਾ ਪੈਦਾ ਹੋਣ ਤੇ ਕਈ ਵਾਰ ਤਾਂ
ਮਾਪੇ ਖੁਦ ਹੀ ਨਰਸਾਂ ਨੂੰ ਵਧਾਈ (ਪੈਸੇ ਜਾਂ ਕੋਈ ਗਿਫਟ) ਦੇ ਦਿੰਦੇ ਹਨ। ਉਨਾਂ੍ਹ ਕਿਹਾ
ਕਿ ਹੁਣ ਤਾਂ ਕਈ ਮਾਪੇ ਲੜਕੀਆਂ ਹੋਣ ਤੇ ਵੀ ਨਰਸਾਂ ਨੂੰ ਵਧਾਈ ਦੇ ਦਿੰਦੇ ਹਨ ਪ੍ਰੰਤੂ ਕਈ
ਨਰਸਾਂ ਮਾਪਿਆਂ ਨੂੰ ਬੱਚਾ ਉਦੋਂ ਹੀ ਦਿੰਦੀਆਂ ਹਨ ਜਦੋਂ ਉਨਾਂ੍ਹ ਨੂੰ ਵਧਾਈ ਮਿਲ ਜਾਂਦੀ
ਹੈ। ਇਸ ਗੰਭੀਰ ਮਸਲੇ ਬਾਰੇ ਜਦੋਂ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ
ਤੈਨਾਤ ਐੱਸ.ਐੱਮ.ਓ ਬੀਬੀ ਦਰਸ਼ਨ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ
ਦੋਸ਼ਾਂ ਨੂੰ ਬੇਬੁਨਿਆਦ ਤੇ ਮਨਘੜਤ ਦੱਸਦਿਆਂ ਕਿਹਾ ਕਿ ਜੇ ਅਜਿਹੀ ਕੋਈ ਗੱਲ ਹੁੰਦੀ ਤਾਂ
ਉਨ੍ਹਾਂ ਨੂੰ ਜ਼ਰੂਰ ਇਸ ਬਾਰੇ ਪਤਾ ਹੁੰਦਾ। ਆਸ਼ਾ ਵਰਕਰਾਂ ਦੇ ਧਰਨੇ ਦੌਰਾਨ ਲਾਏ ਇਹ ਕਥਿਤ
ਦੋਸ਼ ਸੱਚੇ ਹਨ ਜਾਂ ਬੇਬੁਨਿਆਦ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਇੰਨਾਂ
ਜ਼ਰੂਰ ਹੈ ਕਿ ਹਸਪਤਾਲਾਂ ਦਾ ਹੀ ਇੱਕ ਹਿੱਸਾ ਮੰਨੀਆਂ ਜਾਣ ਵਾਲੀਆਂ ਆਸ਼ਾ ਵਰਕਰਾਂ ਵੱਲੋਂ
ਲਾਏ ਇਨ੍ਹਾਂ ਇਲਜ਼ਾਮਾਂ ਨੂੰ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਜ਼ਰੂਰ ਲਿਆ ਜਾਣਾ ਚਾਹੀਦਾ
ਹੈ।