ਮਹਾਰਾਸ਼ਟਰ : ਭਾਜਪਾ–ਸ਼ਿਵਸੈਨਾ, ਕਾਂਗਰਸ–ਐਨਸੀਪੀ ਦੀ ਇਕ ਦੂਜੇ ਤੋਂ ਵੱਧ ਸੀਟਾਂ ਲੈਣ ਦੀ ਜੱਦੋ–ਜਹਿਦ ਜਾਰੀ
Posted on:- 22-09-2014
ਮੁੰਬਈ : ਮਹਾਰਾਸ਼ਟਰ
ਵਿਚ 4 ਵੱਡੀਆਂ ਪਾਰਟੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਹੁਣ ਤੱਕ ਸਹਿਮਤੀ ਨਹੀਂ ਬਣਾ
ਸਕੀਆਂ। ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਸ਼ਿਵਸੈਨਾ–ਭਾਰਤੀ ਜਨਤਾ ਪਾਰਟੀ ਅਤੇ
ਕਾਂਗਰਸ ਤੇ ਐਨਸੀਪੀ 'ਚ ਇਕ ਦੂਜੇ ਤੋਂ ਵੱਧ ਸੀਟਾਂ ਲੈਣ ਦੀ ਜੱਦੋ–ਜਹਿਦ ਜਾਰੀ ਹੈ।
ਮਹਾਰਾਸ਼ਟਰ
ਵਿਧਾਨ ਸਭਾ ਦੀਆਂ ਕੁੱਲ 288 ਸੀਟਾਂ ਵਿਚੋਂ ਸ਼ਿਵ ਸੈਨਾ 151 ਸੀਟਾਂ ਆਪਣੇ ਕੋਲ ਰੱਖ ਕੇ
119 ਸੀਟਾਂ ਭਾਜਪਾ ਅਤੇ 18 ਹੋਰਨਾਂ ਸਹਿਯੋਗੀ ਪਾਰਟੀਆਂ ਨੂੰ ਦੇਣ ਉਤੇ ਅੜੀ ਹੋਈ ਹੈ।
ਸੂਤਰਾਂ ਅਨੁਸਾਰ ਉਧਵ ਠਾਕਰੇ ਨੇ ਭਾਜਪਾ ਦੇ ਦੋ ਸੀਨੀਅਰ ਆਗੂਆਂ ਨਾਲ ਫ਼ੋਨ 'ਤੇ ਗੱਲਬਾਤ
ਕੀਤੀ ਅਤੇ ਆਪਣੇ ਰੁਖ ਵਿਚ ਨਰਮੀ ਲਿਆਉਂਦੀਆਂ ਭਾਜਪਾ ਨੂੰ ਹੁਣ 126 ਸੀਟਾਂ ਦੇਣ ਦੀ
ਪੇਸ਼ਕਸ਼ ਕੀਤੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ 130 ਸੀਟਾਂ ਲੈਣ ਲਈ ਬਜਿਦ ਹੈ। ਇਸੇ
ਤਰ੍ਹਾਂ ਕਾਂਗਰਸ ਅਤੇ ਐਨਸੀਪੀ ਵਿਚਾਲੇ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਜਾਰੀ ਹੈ।
ਮਹਾਰਾਸ਼ਟਰ ਵਿਚ ਭਾਜਪਾ–ਸ਼ਿਵਸੈਨਾ ਦੇ ਦਰਮਿਆਨ ਸੀਟਾਂ ਦੀ ਵੰਡ ਦਾ ਮਾਮਲਾ ਹੁਣ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਨੇ ਆਪਣੇ ਹੱਥਾਂ ਵਿਚ ਲੈ ਲਿਆ
ਹੈ। ਅੱਜ ਨਵੀਂ ਦਿੱਲੀ ਵਿਚ ਅਮਿੱਤ ਸ਼ਾਹ ਨੇ ਪਾਰਟੀ ਦੇ ਵੱਡੇ ਆਗੂਆਂ ਨਾਲ
ਵਿਚਾਰ–ਵਟਾਂਦਰਾ ਕੀਤਾ। ਰਾਜੀਵ ਪ੍ਰਤਾਵ ਰੂਡੀ ਨੇ ਦੱਸਿਆ ਕਿ ਸ਼ਿਵ ਸੈਨਾ ਨੂੰ ਭਾਜਪਾ
ਨੂੰ 130 ਸੀਟਾਂ ਦਿੱਤੇ ਜਾਣ ਦਾ ਨਵਾਂ ਪ੍ਰਸਤਾਵ ਭੇਜਿਆ ਗਿਆ ਹੈ ਅਤੇ ਇਸ ਉਤੇ ਜਵਾਬ ਦਾ
ਇੰਤਜਾਰ ਹੈ, ਪਰ ਮਹਾਰਾਸ਼ਟਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਭਾਜਪਾ ਦੇ ਆਗੂ ਏਕਨਾਥ ਖਡਸੇ
ਨੇ ਇਕ ਇੰਟਰਵਿਊ ਵਿਚ ਸਪੱਸ਼ਟ ਕਹਿ ਦਿੱਤਾ ਕਿ ਸ਼ਿਵ ਸੈਨਾ ਨਾਲ ਗਠਜੋੜ ਕਾਇਮ ਰਹਿਣ ਦੀ
ਸੰਭਾਵਨਾ ਬਹੁਤ ਘੱਟ ਹੈ।
ਉਧਰ ਕਾਂਗਰਸ ਨੇ ਅੱਜ ਸੂਬੇ ਦੀਆਂ ਸਾਰੀਆਂ 288 ਸੀਟਾਂ
'ਤੇ ਇਕੱਲਿਆ ਚੋਣ ਲੜਨ ਦੀਆਂ ਸੰਭਾਵਨਾਂ 'ਤੇ ਚਰਚਾ ਕੀਤੀ ਅਤੇ ਨਾਲ ਹੀ ਇਹ ਵੀ ਸਪੱਸ਼ਟ
ਕੀਤਾ ਕਿ ਉਹ ਉਦੋਂ ਹੀ ਕੋਈ ਫੈਸਲਾ ਲਵੇਗੀ, ਜਦੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ)
ਗਠਜੋੜ ਬਾਰੇ ਆਪਣਾ ਰੁਖ ਸਪੱਸ਼ਟ ਕਰ ਦੇਵੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ
ਪ੍ਰਧਾਨਗੀ ਵਿਚ ਹੋਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ
ਜਨਰਲ ਸਕੱਤਰ ਮਧੂਸੁਦਨ ਮਿਸਤਰੀ ਨੇ ਕਿਹਾ ਕਿ ਅਸੀਂ ਸਾਰੀਆਂ ਸੀਟਾਂ 'ਤੇ ਚਰਚਾ ਕੀਤੀ ਹੈ।
ਮਿਸਤਰੀ ਹਾਲਾਂਕਿ ਐਨਸੀਪੀ ਨਾਲ ਗਠਜੋੜ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਜਵਾਬ
ਨੂੰ ਟਾਲ ਗਏ, ਜੋ ਹੁਣ ਤੱਕ ਵਿਧਾਨ ਸਭਾ ਦੀਆਂ 144 ਸੀਟਾਂ ਦੀ ਆਪਣੀ ਮੰਗ ਤੋਂ ਪਿਛੇ
ਨਹੀਂ ਹਟ ਰਹੀ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕਾਂਗਰਸ–ਐਨਸੀਪੀ ਗਠਜੋੜ ਜਾਰੀ ਰਹੇਗਾ ਜਾਂ
ਨਹੀਂ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ, ਇੰਚਾਰਜ ਜਨਰਲ
ਸਕੱਤਰ ਅਤੇ ਹਾਈ ਕਮਾਂਡ ਨਾਲ ਬੈਠਣਗੇ ਅਤੇ ਇਹ ਤੈਅ ਕਰਨਗੇ ਕਿ ਗਠਜੋੜ ਨੂੰ ਲੈ ਕੇ ਕੀ
ਕਰਨਾ ਹੈ।
ਸੂਤਰਾਂ ਅਨੁਸਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਪਰਫ਼ੁਲ ਪਟੇਲ ਨੇ
ਬੀਤੇ ਕੱਲ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ 144 ਵਿਧਾਨ ਸਭਾ ਸੀਟਾਂ ਦੀ ਆਪਣੀ ਮੰਗ ਦੇ
ਕਾਇਮ ਹੈ।