ਲੰਬੀ 'ਚ ਪੇਂਡੂ ਵੈਟਨਰੀ ਤੇ ਸਿਹਤ ਫਾਰਮਾਸਿਸਟਾਂ ਨੇ ਮੁੱਖ ਮੰਤਰੀ ਬਾਦਲ ਦਾ ਪੁਤਲਾ ਫੂਕਿਆ
Posted on:- 21-09-2014
ਡੱਬਵਾਲੀ
: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਸਥਿਤ ਕਿਲ੍ਹਾਨੁਮਾ ਰਿਹਾਇਸ਼
ਦਾ ਘਿਰਾਉ ਕਰਨ ਜਾਂਦੇ ਪੇਂਡੂ ਵੈਟਨਰੀ ਅਤੇ ਸਿਹਤ ਫਾਰਮਾਸਿਸਟ ਯੂਨੀਅਨ ਦੇ ਬੈਨਰ ਹੇਠਾਂ
ਵੱਡੀ ਤਾਦਾਦ 'ਚ ਫਾਰਮਾਸਿਸਟਾਂ ਨੂੰ ਪੁਲਿਸ ਅਮਲੇ ਨੇ ਲੰਬੀ ਵਿਖੇ ਸਖ਼ਤ ਨਾਕਾਬੰਦੀ ਕਰਕੇ
ਅਗਾਂਹ ਨਹੀਂ ਵਧਣ ਦਿੱਤਾ। ਮੁੱਖ ਮੰਤਰੀ ਦੇ ਪਿੰਡ ਬਾਦਲ ਵੱਲ ਘਿਰਾਓ ਲਈ ਨਾ ਕੂਚ ਕਰਨ
ਦੇਣ 'ਤੇ ਰੋਹ 'ਚ ਆਏ ਮੁਜਾਹਰਾਕਾਰੀਆਂ ਨੇ ਲੰਬੀ ਵਿਖੇ ਕੌਮੀ ਸ਼ਾਹ ਮਾਰਗ-9 'ਤੇ ਧਰਨਾ
ਲਗਾ ਕੇ ਸੜਕੀ ਆਵਾਜਾਈ ਨੂੰ ਪੂਰਨ ਤੌਰ 'ਤੇ ਠੱਪ ਕਰ ਦਿੱਤਾ ।
ਇਸ ਦੌਰਾਨ ਮੁਜਾਹਰਾਕਾਰੀ
ਪੇਂਡੂ ਵੈਟਨਰੀ ਅਤੇ ਸਿਹਤ ਫਾਰਮਾਸਿਸਟਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ
ਪੁਤਲਾ ਸਾੜ ਕੇ ਜ਼ੋਰਦਾਰ ਰੋਸ਼ ਮੁਜਾਹਰਾ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੀਆਂ
ਪੇਂਡੂ ਪਸ਼ੂ ਡਿਸਪੈਂਸਰੀਆਂ ਤੋਂ ਆਏ ਪੇਂਡੂ ਵੈਨਨਰੀ ਫਾਰਮਾਸਿਸਟ ਨੌਕਰੀ ਪੱਕੀ ਕਰਨ ਦੀ
ਮੰਗ ਬਾਰੇ ਅਕਾਲੀ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ 'ਤੇ ਅੱਜ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਸੰਘਰਸ਼ ਦੇ ਜਰੀਏ ਆਪਣੀ ਅਵਾਜ਼ ਚੰਡੀਗੜ੍ਹ ਵਿੱਚ
ਪੰਜਾਬ ਸਿਵਲ ਸਕੱਤਰੇਤ 'ਤੇ ਕਾਬਿਜ ਅਕਾਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੂਰੀ
ਤਿਆਰੀ ਨਾਲ ਪੁੱਜੇ ਸਨ। ਲੰਬੀ ਵਿਖੇ ਰੋਸ ਰੈਲੀ ਉਪਰੰਤ ਜਿਵੇਂ ਹੀ ਮੁਜਾਹਰਾਕਾਰੀ ਪੇਂਡੂ
ਵੈਟਨਰੀ ਅਤੇ ਸਿਹਤ ਫਾਰਮਾਸਿਸਟਾਂ ਪਿੰਡ ਬਾਦਲ ਵੱਲ ਵਹੀਰਾਂ ਘੱਤੀਆਂ ਤਾਂ ਪਹਿਲਾਂ ਤੋਂ
ਅੱਥਰੂ ਗੈਸ ਸਮੇਤ ਪੂਰੇ ਸਾਜੋ-ਸਮਾਨ ਦੇ ਨਾਲ ਤਿਆਰ-ਬਰ-ਤਿਆਰ ਪੁਲੀਸ ਅਮਲੇ ਨੇ ਸਖ਼ਤ
ਨਾਕਾਬੰਦੀ ਕਰਕੇ ਉਨ੍ਹਾਂ ਨੂੰ ਅਗਾਂਹ ਨਹੀਂ ਵਧਣ ਦਿੱਤਾ ਅਤੇ ਦੋਵੇਂ ਧਿਰਾਂ ਵਿਚ ਮਾਹੌਲ
ਪੂਰੀ ਤਣਾਅਪੂਰਨ ਬਣ ਗਿਆ।
ਪ੍ਰਸ਼ਾਸਨ ਵੱਲੋਂ ਮੁਜਾਹਰਾਕਾਰੀਆਂ ਨੂੰ ਗੱਲਬਾਤ ਰਾਹੀਂ
ਮਨਾ ਕੇ ਸੜਕੀ ਆਵਜਾਈ ਖੋਲ੍ਹਣ ਦੀ ਕੀਤੀ ਪਰ ਮੁਜਾਹਰਾਕਾਰੀਆਂ ਦੇ ਤਿੱਖੇ ਤੇਵਰਾਂ ਮੂਹਰੋ
ਸਮੁੱਚੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ। ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ 'ਚ
ਲਿਆਉਣ ਤੱਕ ਜਾਮ ਅਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਬਾਅਦ ਵਿੱਚ ਪ੍ਰਸ਼ਾਸਨ ਦੁਆਰਾ
ਮੁੱਖ ਮੰਤਰੀ ਦਫ਼ਤਰ ਤੋਂ 24 ਸਿਤੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਦਾ ਸਮਾਂ ਦਿਵਾਉਣ
'ਤੇ ਸੜਕੀ ਜਾਮ ਖੋਲ੍ਹ ਦਿੱਤਾ ਗਿਆ।
ਇਸ ਤੋਂ ਪਹਿਲਾਂ ਯੂਨੀਅਨ ਦੇ ਸੂਬਾ ਪ੍ਰਧਾਨ
ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੇਂਡੂ ਵੈਟਨਰੀ ਅਤੇ ਸਿਹਤ ਫਾਰਮਾਸਿਸਟ ਪਿਛਲੇ 8
ਸਾਲਾਂ ਵਲੋਂ ਕੰਮ ਕਰ ਰਹੇ ਹੈ। ਜਦੋਂ ਕਿ ਸਾਲ 2006 ਵਿੱਚ ਸਰਕਾਰ ਨੇ ਹਸਪਤਾਲਾਂ ਵਿੱਚ
ਫਾਰਮਾਸਿਸਟ ਅਤੇ ਦਰਜਾ ਚਾਰ ਅਮਲੇ ਦੀ ਭਰਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ
2011 ਵਿੱਚ ਡਾਕਟਰਾਂ ਨੂੰ ਤਾਂ ਪੱਕ ਕਰ ਦਿੱਤਾ, ਪਰ ਫਾਰਮਾਸਿਸਟਾਂ ਨੂੰ ਠੇਕੇ 'ਤੇ ਹੀ
ਜਿਲ੍ਹਾ ਪ੍ਰੀਸ਼ਦਾਂ ਤਹਿਤ ਕਰ ਦਿੱਤਾ ਗਿਆ ਸੀ। ਜਦੋਂ ਕਿ ਪਿਛਲੇ ਦਿਨ੍ਹੀਂ ਪੰਚਾਇਤੀ ਰਾਜ
ਅਧੀਨ ਚੱਲ ਰਹੇ ਇਸ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਤਾਇਨਾਤ ਡਾਕਟਰਾਂ ਨੂੰ ਦੁਬਾਰਾ
ਪਿਤਰੀ ਵਿਭਾਗਾਂ ਵਿੱਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਪਿਛਲੇ 15
ਦਿਨਾਂ ਤੋਂ ਮੋਹਾਲੀ ਵਿੱਚ ਮਰਨ ਵਰਤ 'ਤੇ ਬੈਠੇ ਵਰਕਰਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ
ਪਰ ਸਰਕਾਰ ਦੁਆਰਾ ਕੋਈ ਸਾਰ ਨਾ ਲੈਣ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ
ਘਿਰਾਉ ਦਾ ਫ਼ੈਸਲਾ ਲੈਣਾ ਪਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 24
ਤਾਰੀਖ ਨੂੰ ਮੁਕਰਰ ਮੀਟਿੰਗ ਵਿੱਚ ਉਨ੍ਹਾਂ ਦੀ ਮੰਗਾਂ ਦਾ ਸਾਰਥਕ ਹੱਲ ਨਾ ਕੱਢਿਆ ਤਾਂ
ਕੈਬਿਨੇਟ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਸਿਹਤ ਫਾਰਮਾਸਿਸਟ
ਆਗੂ ਰਾਮ ਸਿੰਘ, ਗੁਰਮੀਤ ਸਿੰਘ ਲੁਧਿਆਣਾ, ਸੱਤਪਾਲ ਸਿੰਘ ਅਤੇ ਵੈਟਨਰੀ ਫਾਰਮਾਸਿਸਟ
ਆਗੂ ਦਵਿੰਦਰ ਪਾਲ, ਰਵਿੰਦਰ ਸ਼ਰਮਾ, ਅਮਰੀਕ ਸਿੰਘ ਢੀਂਢਸਾ, ਕੁਲਦੀਪ ਸਿੰਘ ਵੀ ਮੌਜੂਦ ਸਨ।